ਹਾੜ੍ਹੀ ਰੁੱਤ ਦੇ ਪਿਆਜ਼ ਦੀ ਸਫ਼ਲ ਕਾਸ਼ਤ ਸਬੰਧੀ ਨੁਕਤੇ

December 04 2017

ਪਿਆਜ਼ ਨੂੰ ਸਬਜ਼ੀ ਅਤੇ ਮਸਾਲੇ ਵਾਲੀ ਫ਼ਸਲ ਦੇ ਤੌਰ ’ਤੇ ਕਾਸ਼ਤ ਕੀਤਾ ਜਾਂਦਾ ਹੈ। ਭਾਰਤ ਦੁਨੀਆਂ ਵਿੱਚ ਇਸ ਫ਼ਸਲ ਦਾ ਦੂਜਾ ਵੱਡਾ ਉਤਪਾਦਕ ਹੈ। ਪਿਆਜ਼ ਨੂੰ ਇਸ ਦੀ ਕੁੜੱਤਣ, ਸੁਆਦ ਅਤੇ ਖ਼ੁਰਾਕੀ ਤੱਤਾਂ ਕਰਕੇ ਜਾਣਿਆ ਜਾਂਦਾ ਹੈ। ਹਾੜ੍ਹੀ ਦੀ ਰੁੱਤ ਵਿੱਚ ਇਸ ਫ਼ਸਲ ਦੀ ਸਫ਼ਲ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਤਰੀਕਿਆਂ ਦੀ ਵਰਤੋਂ ਕਰੋ।

ਮੌਸਮ: ਪਿਆਜ਼ ਠੰਢੇ ਮੌਸਮ ਦੀ ਫ਼ਸਲ ਹੈ। ਇਸ ਨੂੰ ਦਰਮਿਆਨੇ ਮੌਸਮ ਵਿੱਚ ਪੈਦਾ ਕੀਤਾ ਜਾ ਸਕਦਾ ਹੈ। ਇਸ ਦਾ ਪਤਰਾਲ ਵਧਣ ਲਈ 13-21 ਡਿਗਰੀ ਸੈਲਸੀਅਸ ਅਤੇ ਗੰਢੇ ਦੇ ਵਾਧੇ ਲਈ 15.5-25   ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ।

ਜ਼ਮੀਨ: ਪਿਆਜ਼ ਦੀ ਸਫ਼ਲ ਖੇਤੀ ਲਈ ਜ਼ਮੀਨ ਜ਼ਿਆਦਾ ਮੱਲ੍ਹੜ ਵਾਲੀ, ਨਿਕਾਸੀ ਅਤੇ ਬਿਮਾਰੀ ਅਤੇ ਨਦੀਨਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਖਾਰੀਆਂ ਅਤੇ ਨੀਵੀਆਂ ਜ਼ਮੀਨਾਂ ਪਿਆਜ਼ ਦੀ ਖੇਤੀ     ਦੇ ਯੋਗ ਨਹੀਂ ਹੁੰਦੀਆਂ। ਬੂਟੇ ਅਤੇ   ਪਿਆਜ਼ ਦੇ ਵਧੀਆ ਵਿਕਾਸ ਅਤੇ ਵਾਧੇ ਲਈ 5.8 ਤੋਂ 6.5 ਪੀਐੱਚ ਵਾਲੀ ਜ਼ਮੀਨ ਠੀਕ ਰਹਿੰਦੀ ਹੈ।

ਉੱਨਤ ਕਿਸਮਾਂ-

ਪੀਆਰਓ-6 (2003): ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਹਰੇ ਰੰਗ ਦੇ, ਗੰਢੇ ਗੂੜ੍ਹੇ ਲਾਲ, ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ ਅਤੇ ਪਤਲੀ ਗਰਦਨ ਵਾਲੇ ਹੁੰਦੇ ਹਨ। ਇਸ ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿੱਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 175 ਕੁਇੰਟਲ ਪ੍ਰਤੀ     ਏਕੜ ਹੈ।

ਪੰਜਾਬ ਵ੍ਹਾਈਟ (1997): ਇਸ ਦੇ ਪਿਆਜ਼ ਦਰਮਿਆਨੇ ਆਕਾਰ ਦੇ ਗੋਲ, ਚਿੱਟੇ ਅਤੇ ਪਤਲੀ ਗਰਦਨ ਵਾਲੇ ਹੁੰਦੇ ਹਨ। ਇਸ ਦੇ ਰਸ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ ਵਧੇਰੇ (15%) ਹੋਣ ਕਰਕੇ ਇਹ ਕਿਸਮ ਗੰਢਿਆਂ ਨੂੰ ਸੁਕਾ ਕੇ ਪਾਊਡਰ ਬਣਾਉਣ ਲਈ ਢੁੱਕਵੀਂ ਹੈ। ਇਸ ਦੀ ਔਸਤ ਪੈਦਾਵਾਰ 135 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਪੰਜਾਬ ਨਰੋਆ (1995): ਇਸ ਦੇ ਪੌਦੇ ਦਰਮਿਆਨੇ ਕੱਦ ਦੇ, ਪੱਤੇ ਗੂੜ੍ਹੇ ਹਰੇ ਰੰਗ ਦੇ, ਗੰਢੇ ਲਾਲ, ਗੋਲ, ਦਰਮਿਆਨੇ ਮੋਟੇ ਅਤੇ ਪਤਲੀ ਧੌਣ ਵਾਲੇ ਹੁੰਦੇ ਹਨ। ਇਹ ਕਿਸਮ 145 ਦਿਨਾਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ ਪੈਣ ਦਾ ਰੋਗ ਬਹੁਤ ਘੱਟ ਲੱਗਦਾ ਹੈ। ਥਰਿੱਪ ਅਤੇ ਪਿਆਜ਼ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਕਾਸ਼ਤ ਦੇ ਢੰਗ-

ਬਿਜਾਈ ਤੇ ਪਨੀਰੀ ਲਾਉਣ ਦਾ ਸਮਾਂ: ਪਿਆਜ਼ ਦਾ ਝਾੜ੍ਹ ਅਤੇ ਮਿਆਰ ਬਿਜਾਈ ’ਤੇ ਨਿਰਭਰ ਕਰਦਾ ਹੈ। ਪਨੀਰੀ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰੋ ਅਤੇ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਪੁੱਟ ਕੇ ਖੇਤ ਵਿੱਚ ਲਾ ਦਿਉ। 10-15 ਸੈਂਟੀਮੀਟਰ ਤੱਕ ਦੀ ਸਿਹਤਮੰਦ ਪਨੀਰੀ ਖੇਤ ਵਿੱਚ ਲਾਉ।

ਬੀਜ ਦੀ ਮਾਤਰਾ ਅਤੇ ਪਨੀਰੀ ਲਾਉਣਾ: ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਕਾਫ਼ੀ ਹੁੰਦਾ ਹੈ। ਇੱਕ ਏਕੜ ਦੀ ਪਨੀਰੀ ਬੀਜਣ ਲਈ 8 ਮਰਲੇ (200 ਵਰਗ ਮੀਟਰ) ਵਿੱਚ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਪਨੀਰੀ ਲਈ ਥਾਂ ਤਿਆਰ ਕਰਨ ਤੋਂ 10 ਦਿਨ ਪਹਿਲਾਂ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਰੂੜੀ ਮਿਲਾਉ ਅਤੇ ਪਾਣੀ ਲਾ ਦਿਉ ਤਾਂ ਕਿ ਬਿਜਾਈ ਤੋਂ ਪਹਿਲਾਂ ਸਾਰੇ ਨਦੀਨ ਉੱਗ ਪੈਣ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ ਦਵਾਈ ਲਗਾ ਲਉ। ਪਟਰੀਆਂ ਬਣਾਉਣ ਉਪਰੰਤ, ਬੀਜ ਨੂੰ 1-3 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਵਿੱਥ ’ਤੇ ਕਤਾਰਾਂ ਵਿੱਚ ਵਿਰਲਾ ਕਰਕੇ ਬੀਜੋ। ਬੀਜੀਆਂ ਕਤਾਰਾਂ ਨੂੰ ਸੁਆਹ ਜਾਂ ਖਾਦ ਨਾਲ ਢੱਕ ਕੇ ਫ਼ੁਹਾਰੇ ਨਾਲ ਪਾਣੀ ਦਿਉ।

ਫ਼ਾਸਲਾ: ਚੰਗਾ ਝਾੜ ਲੈਣ ਲਈ ਪਨੀਰੀ ਪੁੱਟਣ ਤੋਂ ਤੁਰੰਤ ਬਾਅਦ ਵੱਤਰ ਖੇਤ ਵਿੱਚ 15 ਸੈਂਟੀਮੀਟਰ ਕਤਾਰਾਂ ਵਿੱਚ 7.5 ਸੈਂਟੀਮੀਟਰ ਦਾ ਬੂਟੇ ਤੋਂ ਬੂਟੇ ਵਿਚਕਾਰ ਫ਼ਾਸਲਾ ਰੱਖ ਕੇ ਲਗਾ ਦਿਉ।

ਖਾਦਾਂ: ਇੱਕ ਏਕੜ ਪਿਆਜ਼ ਦੀ ਫ਼ਸਲ ਲਈ 20 ਟਨ ਗਲੀ-ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਦੀ ਲੋੜ ਪੈਂਦੀ ਹੈ। ਸਾਰੀ ਰੂੜੀ ਦੀ ਖਾਦ, ਸਾਰੀ ਸੁਪਰਫ਼ਾਸਫ਼ੇਟ, ਪੋਟਾਸ਼ ਅਤੇ ਅੱਧੀ ਯੂਰੀਆ, ਪੌਦੇ ਲਾਉਣ ਤੋਂ ਪਹਿਲਾਂ ਪਾਉ। ਅੱਧੀ ਬਚਦੀ ਯੂਰੀਆ ਇੱਕ ਤੋਂ ਡੇਢ ਮਹੀਨੇ ਬਾਅਦ ਛਿੱਟਾ ਦੇ ਕੇ ਪਾ ਦਿਉ।

ਨਦੀਨਾਂ ਦੀ ਰੋਕਥਾਮ: ਪਿਆਜ਼ ਦੀਆਂ ਜੜ੍ਹਾਂ ਉਪਲਰੀ ਤਹਿ ਵਿੱਚ ਹੋਣ ਕਰਕੇ ਅਤੇ ਬੂਟੇ ਸੰਘਣੇ ਹੋਣ ਕਰਕੇ ਸ਼ੁਰੂ ਵਿੱਚ ਹੀ ਨਦੀਨ ਕੰਟਰੋਲ ਕਰਨਾ ਪੈਂਦਾ ਹੈ। ਜਦੋਂ ਬੂਟੇ ਵਧ ਜਾਣ ਤਾਂ ਗੋਡੀ ਕਰਨੀ ਔਖੀ ਹੋ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈਸੀ 750 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ ਪਨੀਰੀ ਲਾਉਣ ਤੋਂ ਇੱਕ ਹਫ਼ਤੇ ਦੇ ਅੰਦਰ       ਛਿੜਕੋ। ਜੇ ਲੋੜ ਪਵੇ ਤਾਂ ਪੌਦੇ ਲਗਾਉਣ ਤੋਂ 45 ਦਿਨ ਬਾਅਦ ਇੱਕ ਗੋਡੀ ਕਰੋ। ਇਸ ਤੋਂ ਇਲਾਵਾ ਗੋਲ 23.5 ਈ ਸੀ (ਆਕਸੀਫ਼ਲੋਰਫੈਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਿੰਜਾਈ: ਆਮ ਤੌਰ ’ਤੇ ਪਿਆਜ਼ ਦੀ ਪਾਣੀ ਦੀ ਜ਼ਰੂਰਤ, ਫ਼ਸਲ ਦੇ ਵਾਧੇ, ਮਿੱਟੀ ਦੀ ਕਿਸਮ ਤੇ ਮੌਸਮ ’ਤੇ ਨਿਰਭਰ ਕਰਦੀ ਹੈ। ਪਨੀਰੀ ਲਾਉਣ ਤੋਂ ਫੌਰਨ ਬਾਅਦ ਜੜ੍ਹਾਂ ਦੀ ਜ਼ਮੀਨ ਨਾਲ ਪਕੜ ਬਣਾਉਣ ਲਈ ਪਾਣੀ ਦਿਉ। ਇਸ ਤੋਂ ਬਾਅਦ ਮੌਸਮ ਅਨੁਸਾਰ 7-10 ਦਿਨ ਦੇ ਵਕਫ਼ੇ ’ਤੇ ਪਾਣੀ ਲਾਉਂਦੇ ਰਹੋ। ਪਿਆਜ਼ ਨੂੰ 10-15 ਪਾਣੀਆਂ ਦੀ ਲੋੜ ਹੁੰਦੀ ਹੈ। ਜੇ ਗੰਢੇ ਬਣਨ ਵੇਲੇ ਸੋਕਾ ਲੱਗ ਜਾਵੇ ਤਾਂ ਝਾੜ ਘਟ ਜਾਂਦਾ ਹੈ। ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ ਤਾਂ ਕਿ ਪਿਆਜ਼ ਲੰਮੇ ਸਮੇਂ ਲਈ ਭੰਡਾਰ ਕੀਤਾ ਜਾ ਸਕੇ।

ਪੁਟਾਈ: ਪੰਜਾਬ ਵਿੱਚ ਮਈ ਮਹੀਨੇ ਪਿਆਜ਼ ਦੀ ਫ਼ਸਲ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜਦੋਂ 50 ਫ਼ੀਸਦੀ ਬੂਟਿਆਂ ਦੀਆਂ ਭੂਕਾਂ ਸੁੱਕ ਕੇ ਡਿੱਗ ਪੈਣ ਤਾਂ ਪਿਆਜ਼ ਦੀ ਪੁਟਾਈ ਕਰੋ। ਪਿਆਜ਼ ਦੀ ਪੁਟਾਈ ਵੇਲੇ ਮੌਸਮ ਖੁਸ਼ਕ ਹੋਣਾ ਜ਼ਰੂਰੀ ਹੈ।

ਪਿਆਜ਼ ਪਕਾਉਣਾ: ਪੁਟਾਈ ਉਪਰੰਤ 10-15 ਦਿਨ ਤੱਕ ਛਾਂ ਵਿੱਚ ਪਤਲੀਆਂ ਤਹਿਆਂ ਵਿੱਚ ਖਿਲਾਰ ਕੇ ਪਿਆਜ਼ ਨੂੰ ਪੱਕਣ ਦਿਉ। ਇਸ ਦੌਰਾਨ ਭੂਕਾਂ ਅਤੇ ਪਿਆਜ਼ ਦੀ ਉਪਰਲੀ ਛਿੱਲੜ ਚੰਗੀ ਤਰ੍ਹਾਂ ਸੁੱਕ ਜਾਂਦੀ ਹੈ। ਫਿਰ 1-2 ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦਿਉ। ਪਤਲੀ ਧੌਣ ਵਾਲੇ ਪਿਆਜ਼ ਨੂੰ ਭੰਡਾਰ ਦੌਰਾਨ ਬਿਮਾਰੀ ਘੱਟ ਲਗਦੀ ਹੈ। ਸੁੱਕੇ ਪਿਆਜ਼ ਭੰਡਾਰ ਵਿੱਚ ਘੱਟ ਗਲਦੇ ਹਨ ਅਤੇ ਰੰਗ ਵੀ ਬਣਿਆ ਰਹਿੰਦਾ ਹੈ।

ਭੰਡਾਰਨ: ਸੁਕਾਉਣ ਉਪਰੰਤ ਪਿਆਜ਼ ਹਵਾਦਾਰ ਅਤੇ ਸੁੱਕੀ ਜਗ੍ਹਾ ’ਤੇ ਭੰਡਾਰ ਕਰ ਸਕਦੇ ਹਾਂ। ਹਰੇਕ ਪੰਦਰਵਾੜ੍ਹੇ ਛਾਂਟੀ ਕਰਕੇ ਬਿਮਾਰੀ ਵਾਲੇ ਅਤੇ ਕੱਟੇ ਪਿਆਜ਼ ਬਾਹਰ ਕਰ ਦਿਉ। ਭੰਡਾਰ ਕੀਤੇ ਪਿਆਜ਼ ਦੀਆਂ ਪਰਤਾਂ ਹਰੀਆਂ ਹੋਣ ਤੋਂ ਬਚਾਉਣ ਲਈ ਇਸ ਨੂੰ ਤੇਜ਼ ਰੌਸਨੀ ਤੋਂ ਦੂਰ ਰੱਖੋ।

ਬਿਮਾਰੀਆਂ-

ਪੀਲੇ ਧੱਬੇ: ਬੀਜ ਦੀ ਫ਼ਸਲ ਦੀਆਂ ਡੰਡੀਆਂ ਉਪਰ ਗੋਲ ਤੋਂ ਅੰਡਾਕਾਰ ਧੱਬੇ ਪੈ ਜਾਂਦੇ ਹਨ, ਜਿਨ੍ਹਾਂ ਉੱਪਰ ਜਾਮਨੀ ਉੱਲੀ ਪੈਦਾ ਹੋ ਜਾਂਦੀ ਹੈ ਜਿਹੜੀ ਬਾਅਦ ਵਿੱਚ ਭੂਰੀ ਦਿਸਣ ਲੱਗ ਪੈਂਦੀ ਹੈ। ਬਿਮਾਰੀ ਵਾਲੀਆਂ ਡੰਡੀਆਂ ਟੁੱਟ ਜਾਦੀਆਂ ਹਨ। ਇਸ ਦੀ ਰੋਕਥਾਮ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ 3 ਗ੍ਰਾਮ ਥੀਰਮ ਜਾਂ ਕੈਪਟਾਨ ਦਵਾਈ ਸੋਧ ਕਰ ਲਵੋ। ਫ਼ਸਲ ਉਪਰ ਪ੍ਰਤੀ ਏਕੜ 600 ਗ੍ਰਾਮ ਇੰਡੋਫਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਵਿੱਚ ਘੋਲ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ’ਤੇ ਛਿੜਕੋ। ਇਸ ਤੋਂ ਪਿੱਛੋਂ 10 ਦਿਨ ਦੇ ਵਕਫ਼ੇ ’ਤੇ ਤਿੰਨ ਛਿੜਕਾਅ ਹੋਰ ਕਰੋ।

ਜਾਮਨੀ ਦਾਗ ਪੈਣਾ: ਪੱਤਿਆਂ ਅਤੇ ਫੁੱਲਾਂ ਵਾਲੀ ਨਾੜ ਉਪਰ ਜਾਮਨੀ ਰੰਗ ਦੇ ਦਾਗ ਪੈ ਜਾਂਦੇ ਹਨ। ਇਸ ਦਾ ਅਸਰ ਗੰਢਿਆਂ ਅਤੇ ਬੀਜਾਂ ਉਪਰ ਵੀ ਪੈਂਦਾ ਹੈ। ਇਸ ਦੇ ਇਲਾਜ ਲਈ ਪੀਲੇ ਧੱਬੇ ਦੀ ਰੋਕਥਾਮ ਵਾਲੀਆਂ ਜ਼ਹਿਰਾਂ ਹੀ ਵਰਤੋ।

ਕੀੜੇ-

ਥਰਿੱਪ (ਜੂੰ): ਪਿਆਜ਼ ਦਾ ਇਹ ਪੀਲੇ ਰੰਗ ਦਾ ਛੋਟਾ ਜਿਹਾ ਕੀੜਾ ਫਰਵਰੀ ਤੋਂ ਮਈ ਦੇ ਦੌਰਾਨ ਭੂਕਾਂ ਦਾ ਰਸ ਚੂਸ ਕੇ ਚਿੱਟੇ ਦਾਗ਼ ਪੈਦਾ ਕਰਦਾ ਹੈ ਅਤੇ ਫੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ। ਇਹ ਕੀੜਾ ਨਜ਼ਰ ਆਉਣ ’ਤੇ 250 ਮਿਲੀਲਿਟਰ ਮੈਲਾਥੀਆਨ 50 ਈ ਸੀ 80 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਪਿਆਜ਼ ਦੀ ਸੁੰਡੀ: ਇਸ ਦਾ ਹਮਲਾ ਕੁਝ ਖੇਤਾਂ ਵਿੱਚ ਜਨਵਰੀ-ਫਰਵਰੀ ਮਹੀਨਿਆਂ ਵਿੱਚ ਜ਼ਿਆਦਾ ਹੁੰਦਾ ਹੈ। ਹਮਲੇ ਵਾਲੇ ਬੂਟਿਆਂ ਦੀਆਂ ਭੂਕਾਂ ਕੋਨਿਆਂ ਤੋਂ ਹੇਠਾਂ ਵੱਲ ਨੂੰ ਭੂਰੀਆਂ ਹੋ ਕੇ ਮੁਰਝਾਅ ਜਾਂਦੀਆਂ ਹਨ। ਪਿਆਜ਼ ਅਤੇ ਭੂਕਾਂ ਜ਼ਮੀਨ ਵਾਲੇ ਪਾਸੇ ਤੋਂ ਢਿੱਲੇ ਪੈ ਜਾਂਦੇ ਹਨ ਅਤੇ ਗਲ ਜਾਂਦੇ ਹਨ। ਇਨ੍ਹਾਂ ਗਲੇ ਹੋਏ ਪਿਆਜ਼ਾਂ ਵਿੱਚ ਅੱਧਾ ਸੈਂਟੀਮੀਟਰ ਲੰਮੀਆਂ ਸੁੰਡੀਆਂ ਹੁੰਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ 4 ਕਿਲੋਗ੍ਰਾਮ ਸੇਵਿਨ 4 ਜੀ (ਕਾਰਬਰਿਲ) ਜਾਂ 4 ਕਿਲੋਗ੍ਰਾਮ ਥੀਮਟ 10 ਜੀ (ਫੋਰੇਟ) ਪ੍ਰਤੀ ਏਕੜ ਪਾ ਕੇ ਮਗਰੋਂ ਹਲਕੀ ਜਿਹੀ ਸਿੰਜਾਈ ਕਰ ਦਿਉ।

*ਸਬਜ਼ੀ ਵਿਭਾਗ, ਪੀਏਯੂ, ਲੁਧਿਆਣਾ।

ਸੰਪਰਕ: 99151-35797

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjabi Tribune