ਹਾੜੀ ਦੇ ਸੀਜਨ 'ਚ ਘੱਟ ਸਕਦਾ ਯੂਰੀਆ ਦਾ ਉਤਪਾਦਨ

November 27 2017

27 November 2017

ਨਵੀਂ ਦਿੱਲੀ: ਦੇਸ਼ ’ਚ ਯੂਰੀਆ ਦਾ ਉਤਪਾਦਨ ਮੌਜੂਦਾ ਵਿੱਤੀ ਵਰ੍ਹੇ ਦੌਰਾਨ 3 ਲੱਖ ਟਨ ਘਟ ਕੇ 2.41 ਕਰੋੜ ਟਨ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਖਾਦ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੁਤਾਬਕ ਕੁਝ ਕਾਰਖਾਨਿਆਂ ਦੀ ਮੁਰੰਮਤ ਹੋਣ ਕਰਕੇ ਖਾਦ ਦਾ ਉਤਪਾਦਨ ਘੱਟ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ 2016-17 ਦੌਰਾਨ ਦੇਸ਼ ’ਚ 2.44 ਕਰੋੜ ਟਨ ਯੂਰੀਆ ਦਾ ਉਤਪਾਦਨ ਹੋਇਆ ਸੀ।

ਖ਼ਬਰ ਏਜੰਸੀ ਪੀਟੀਆਈ ਨੂੰ ਅਧਿਕਾਰੀ ਨੇ ਦੱਸਿਆ ਕਿ ਯੂਰੀਆ ਦਾ ਕੁਲ ਉਤਪਾਦਨ ਘਟੇਗਾ ਕਿਉਂਕਿ ਕੁਝ ਕਾਰਖਾਨਿਆਂ ਨੂੰ ਬਿਜਲੀ ਲੋੜਾਂ ਪੂਰੀਆਂ ਕਰਨ ਅਤੇ ਮੁਰੰਮਤ ਲਈ ਬੰਦ ਕੀਤਾ ਗਿਆ ਹੈ। ਇਸੇ ਕਾਰਨ ਤਿੰਨ ਲੱਖ ਟਨ ਖਾਦ ਦੀ ਕਮੀ ਹੋਵੇਗੀ। ਉਸ ਨੇ ਕਿਹਾ ਕਿ ਇਸ ਦਾ ਕੁਝ ਸਮੇਂ ਲਈ ਅਸਰ ਪਏਗਾ। ਪਿਛਲੇ ਦੋ ਸਾਲਾਂ ਤੋਂ ਯੂਰੀਏ ਦਾ ਉਤਪਾਦਨ ਵਧਿਆ ਹੈ ਪਰ ਇਹ 3.2 ਕਰੋੜ ਟਨ ਦੀ ਸਾਲਾਨਾ ਮੰਗ ਤੋਂ ਅਜੇ ਵੀ ਦੂਰ ਹੈ।

ਇਸੇ ਕਾਰਨ ਕੁਝ ਯੂਰੀਆ ਦਰਾਮਦ ਕੀਤਾ ਜਾਂਦਾ ਹੈ। ਅਧਿਕਾਰੀ ਮੁਤਾਬਕ ਯੂਰੀਆ ਕਾਰਖਾਨਿਆਂ ਨੂੰ ਪੂਰੀ ਸਮਰੱਥਾ ਨਾਲ ਵਰਤਿਆ ਜਾ ਰਿਹਾ ਹੈ ਅਤੇ ਬਿਮਾਰ ਇਕਾਈਆਂ ਦੀ ਨੁਹਾਰ ਬਦਲੀ ਜਾ ਰਹੀ ਹੈ ਤਾਂ ਜੋ ਯੂਰੀਆ ਉਤਪਾਦਨ ’ਚ ਆਤਮ ਨਿਰਭਰਤਾ ਹਾਸਲ ਕੀਤੀ ਜਾ ਸਕੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha