ਯੋਗਿੰਦਰ ਯਾਦਵ ਵੱਲੋਂ ਕਰਜ਼ ਮਾਫੀ ਲਈ ਆਵਾਜ਼ ਬੁਲੰਦ

March 07 2018

ਭਵਾਨੀਗੜ੍ਹ: ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਕਿਸਾਨ ਮੁਕਤੀ ਕਾਨਫਰੰਸ ਵਿੱਚ ਹਜ਼ਾਰਾਂ ਕਿਸਾਨ ਪਹੁੰਚੇ। ਇਸ ਕਾਨਫਰੰਸ ਵਿੱਚ ਸਿਰਫ ਦੋ ਮੁੱਦਿਆਂ ਕਿਸਾਨੀ ਨੂੰ ਕਰਜ਼ੇ ਤੋਂ ਮੁਕਤ ਕਰਨ ਤੇ ਸਾਰੀਆਂ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਰਿਪੋਰਟ ਮੁਤਾਬਕ ਦੇਣ ਬਾਰੇ ਚਰਚਾ ਹੋਈ।

ਅੱਜ ਕਾਨਫਰੰਸ ਵਿੱਚ ਵਰਕਿੰਗ ਗਰੁੱਪ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਮੈਂਬਰ ਯੋਗਿੰਦਰ ਯਾਦਵ ਤੇ ਡਾ. ਦਰਸ਼ਨਪਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਵਿਚਾਰ ਰੱਖੇ। ਉਨ੍ਹਾਂ ਨੇ ਸਰਕਾਰੀ ਨੀਤੀਆਂ ਦੀ ਅਲੋਚਨਾਂ ਕਰਦਿਆਂ ਕਿਸਾਨਾਂ ਦੇ ਕਰਜ਼ੇ ਉੱਪਰ ਲੀਕ ਫੇਰਨ ਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਰਿਪੋਰਟ ਮੁਤਾਬਕ ਦੇਣ ਦਾ ਵਕਾਲਤ ਕੀਤੀ।

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸਾਰੇ ਦੇਸ਼ ਦੀਆਂ 200 ਤੋਂ ਵੱਧ ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਹੁਣ ਤੱਕ ਦੇਸ਼ ਭਰ ਦੇ 22 ਸੂਬਿਆਂ ਵਿੱਚ ਹਜ਼ਾਰਾਂ ਮੀਲ ਕਿਸਾਨ ਮੁਕਤੀ ਯਾਤਰਾਵਾਂ ਕਰਕੇ ਦੋ ਬਿੱਲ ਲੋਕ ਸਭਾ ਵਿੱਚ ਪਹੁੰਚਾਉਣ ਲਈ ਤਿਆਰ ਕੀਤੇ ਹਨ। ਇਹ ਬਿੱਲ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਤੇ ਕਿਸਾਨ ਦੀਆਂ ਸਾਰੀਆਂ ਫਸਲਾਂ ਦੇ ਲਾਹੇਵੰਦ ਭਾਅ ਤੈਅ ਕਰਵਾਉਣਾ ਹੈ।

ਭਾਰਤ ਦੀ ਸੰਸਦ ਸਾਹਮਣੇ ਦਿੱਲੀ ਵਿੱਚ 20 ਤੇ 21 ਨਵੰਬਰ ਨੂੰ ਬਰਾਬਰ ਦੋ ਰੋਜਾ ਕਿਸਾਨ ਸੰਸਦ ਲਾ ਕੇ ਬਿੱਲ਼ ਦੇ ਖਰੜੇ ਪਾਸ ਕੀਤੇ ਹਨ। ਇਸ ਦੋ ਰੋਜਾ ਕਿਸਾਨ ਸੰਸਦ ਵਿੱਚ ਲੱਖਾਂ ਕਿਸਾਨ ਸ਼ਾਮਲ ਹੋਏ। ਭਵਾਨੀਗੜ੍ਹ ਵਾਲੀ ਅੱਜ ਦੀ ਕਿਸਾਨ ਮੁਕਤੀ ਕਾਨਫਰੰਸ ਉਸੇ ਮੁਹਿੰਮ ਦਾ ਹਿੱਸਾ ਹੈ। ਇਸੇ ਤਰ੍ਹਾਂ ਦੀਆਂ ਕਾਨਫਰੰਸਾਂ ਕੱਲ੍ਹ 7 ਮਾਰਚ ਨੂੰ ਮੋਗਾ ਤੇ 8 ਮਾਰਚ ਨੂੰ ਜਲੰਧਰ ਵਿੱਚ ਕੀਤੀਆਂ ਜਾ ਰਹੀਆਂ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha