ਯੂਰੀਆ ਦੀ ਲੋੜੋਂ ਵੱਧ ਵਰਤੋਂ ਰੋਕਣ ਲਈ ਸਰਕਾਰ ਨੇ ਲੱਭਿਆ ਜੁਗਾੜ!

November 24 2017

24 November 2017

ਚੰਡੀਗੜ੍ਹ: ਹੁਣ ਸਬਸਿਡੀ ਵਾਲੇ ਯੂਰੀਆ ਦੀ ਬੋਰੀ 50 ਦੀ ਬਜਾਏ 45 ਕਿੱਲੋਗਰਾਮ ਦੀ ਹੋਵੇਗੀ। ਇਸ ਦੀ ਵਿੱਕਰੀ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। 45 ਕਿੱਲੋ ਦੇ ਬੋਰੇ ਦੀ ਕੀਮਤ 245 ਰੁਪਏ ਹੋਵੇਗੀ। ਜਦਕਿ 50 ਦੀ ਬੋਰੀ ਦਾ ਰੇਟ 268 ਰੁਪਏ ਹੈ।

ਇਸ ਤਬਦੀਲੀ ਦੀ ਮਨਸ਼ਾ ਯੂਰੀਆ ਦੀ ਖਪਤ ਘਟਾਉਣਾ ਹੈ। ਤਰਕ ਦਿੱਤਾ ਜਾ ਰਿਹਾ ਹੈ ਕਿ ਕਿਸਾਨ 45 ਕਿੱਲੋਗਰਾਮ ਦਾ ਬੋਰਾ ਖ਼ਰੀਦਣਗੇ ਤੇ ਜਿੰਨੇ ਬੋਰੇ ਉਹ ਪਹਿਲਾਂ ਵਰਤਦੇ ਸਨ, ਓਨੇ ਹੀ ਹੁਣ ਵਰਤਣਗੇ। ਬੋਰੇ ਦਾ ਭਾਰ 50 ਦੀ ਬਜਾਏ 45 ਕਿੱਲੋ ਹੋਣ ਨਾਲ ਅਪ੍ਰਤੱਖ ਤੌਰ ‘ਤੇ ਖਪਤ ‘ਚ 10 ਫ਼ੀਸਦੀ ਦੀ ਕਮੀ ਆਵੇਗੀ। ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਵੱਲੋਂ ਯੂਰੀਆ ਦੀ ਵਰਤੋਂ ਖਾਦ ਦੇ ਤੌਰ ‘ਤੇ ਕਾਫ਼ੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਉੱਥੇ ਹੀ, ਬੋਰੇ ਦਾ ਭਾਰ ਘੱਟ ਕਰਨ ਲਈ ਕੰਪਨੀਆਂ ਵੀ ਤਿਆਰ ਹਨ।

ਜਾਣਕਾਰੀ ਮੁਤਾਬਕ ਕਿ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਕੰਪਨੀਆਂ ਇਸ ਬਦਲਾਅ ਲਈ ਤਿਆਰ ਹਨ। ਬੋਰੇ ਦਾ ਭਾਰ ਘੱਟ ਹੋਣ ‘ਤੇ ਇਸ ‘ਤੇ ਬਕਾਇਦਾ 45 ਕਿੱਲੋਗਰਾਮ ਦੀ ਛਪਾਈ ਕੀਤੀ ਹੋਈ ਹੋਵੇਗੀ। ਇਸ ਬਦਲਾਅ ਵਿੱਚ ਸਰਕਾਰ ਦਾ ਅਸਲ ਮਕਸਦ ਯੂਰੀਆ ਦੀ ਖਪਤ ਨੂੰ ਘੱਟ ਕਰਨਾ ਤੇ ਖਾਦਾਂ ਦੇ ਸੰਤੁਲਤ ਇਸਤੇਮਾਲ ਨੂੰ ਉਤਸ਼ਾਹਤ ਕਰਨਾ ਹੈ।

ਭਾਰਤ ‘ਚ ਪਿਛਲੇ ਸਾਲ ਤੋਂ ਤਕਰੀਬਨ 2.4 ਕਰੋੜ ਟਨ ਯੂਰੀਆ ਦਾ ਉਤਪਾਦਨ ਹੋ ਰਿਹਾ ਹੈ, ਜੋ 2.2 ਕਰੋੜ ਟਨ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਕਿਸਾਨਾਂ ਨੂੰ ਸਸਤੇ ਰੇਟ ‘ਤੇ ਯੂਰੀਆ ਉਪਲਬਧ ਕਰਾਉਣ ਲਈ ਸਰਕਾਰ ਇਸ ਦੀ ਸਬਸਿਡੀ ‘ਤੇ ਸਾਲਾਨਾ ਕਰੋੜਾਂ ਰੁਪਏ ਖ਼ਰਚ ਕਰਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source- ABP Sanjha