ਮੌਤ ਦੀ ਖੇਤੀ ਤੋਂ ਕਿਵੇਂ ਹੋਵੇਗਾ ਛੁਟਕਾਰਾ ?

February 23 2018

 ੈਸ਼ਲ ਕਰਸਨ ਦੀ ਪੁਸਤਕ ‘ਸਾਈਲੈਂਟ ਸਪਰਿੰਗ’ (ਮੂਕ ਬਸੰਤ) ਨੇ ਲੋਕਾਂ ਦਾ ਧਿਆਨ ਖਿੱਚਿਆ ਹੈ ਜਿਸ ਵਿੱਚ ਖੇਤੀ ਰਸਾਇਣਾਂਂ ਤੇ ਇਨ੍ਹਾਂ ਦੇ ਬਹੁ-ਪੱਖੀ ਮਾਰੂ ਅਸਰਾਂ ਬਾਰੇ ਖੁਲਾਸਾ ਹੈ। ਪੁਸਤਕ ‘ਚ ਅਮਰੀਕੀ ਕਸਬੇ ਦਾ ਜ਼ਿਕਰ ਹੈ ਜਿੱਥੇ ਮਨੁੱਖ ਤੇ ਜੀਵ ਕੁਦਰਤ ਨਾਲ ਤਾਲਮੇਲ ‘ਚ ਰਹਿ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ। ਅਚਾਨਕ ਹਰ ਜ਼ਿੰਦਗੀ ਨੂੰ ਮੌਤ ਨੇ ਨਿਗਲਣਾ ਸ਼ੁਰੂ ਕਰ ਦਿੱਤਾ। ਪਤਾ ਲੱਗਾ ਕਿ ਡੀਡੀਟੀ ਦਾ ਚਿੱਟਾ ਧੂੜਾ ਇਸ ਦਾ ਕਾਰਨ ਸੀ। ਤੀਹ ਸਾਲ ਬਾਅਦ ਡੀਡੀਟੀ ‘ਤੇ ਭਾਵੇਂ ਪਾਬੰਦੀ ਲਾ ਦਿੱਤੀ ਗਈ, ਪਰ ਇਸੇ ਸ਼੍ਰੇਣੀ ਦੇ ਕਈ ਹੋਰ ਉਤਪਾਦ ਮੰਡੀ ‘ਚ ਆ ਗਏ। ਕਰੀਬ ਦੋ ਵੀਹਾਂ ਤੋਂ ਵੱਧ ਕੀਟ ਅਤੇ ਨਦੀਨ ਨਾਸ਼ਕਾਂ ਉਤੇ ਵਿਸ਼ਵ ਦੇ ਵੱਖ ਵੱਖ ਮੁਲਕਾਂ ‘ਚ ਪਾਬੰਦੀ ਹੈ, ਪਰ ਭਾਰਤ ‘ਚ ਇਹ ਧੜੱਲੇ ਨਾਲ ਵਿਕ ਰਹੇ ਹਨ।

ਰਸਾਇਣਾਂ ਦੀ ਖੋਜ ਫ਼ਸਲ ਸੁਰੱਖਿਆ ਲਈ ਨਹੀਂ, ਸਗੋਂ ਰਸਾਇਣਿਕ ਯੁੱਧ ਲਈ ਕੀਤੀ ਗਈ ਸੀ। ਫ਼ਸਲਾਂ ਲਈ ਇਨ੍ਹਾਂ ਦੀ ਵਰਤੋਂ ਅਚਾਨਕ ਸ਼ੁਰੂ ਹੋਈ। ਦਰਅਸਲ ਵਿਸ਼ਵ ਯੁੱਧ ਦੇ ਖ਼ਤਮ ਹੁੰਦਿਆਂ ਹੀ ਨਵੇਂ ਰਸਾਇਣਿਕ ਯੁੱਗ ਦੀ ਸ਼ੁਰੂਆਤ ਹੋਈ। ਕੀਟ ਮਾਰਨ ਲਈ ਡੀਡੀਟੀ ਅਤੇ ਟੂ ਫੋਰ ਡੀ ਵਰਗੇ ਰਸਾਇਣਾਂਂ ਦੀ ਵਰਤੋਂ ਆਮ ਹੋ ਗਈ। ਇਤਿਹਾਸਕਾਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਮੇਂ ਨੂੰ ਕੀਟਨਾਸ਼ਕਾਂ ਦਾ ‘ਸੁਨਿਹਰੀ ਯੁੱਗ’ ਆਖਦੇ ਹਨ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕੀੜੇ ਮਕੌੜਿਆਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਮਰਨ ਵਾਲਿਆਂ ਲੋਕਾਂ ਦੀ ਗਿਣਤੀ ਲੜਾਈਆਂ ‘ਚ ਮਰਨ ਵਾਲੇ ਲੋਕਾਂ ਤੋਂ ਵਧੇਰੇ ਸੀ।

ਇਹੀ ਹਾਲ ਹੁਣ ਪੰਜਾਬ ਦੀ ਖੇਤੀ ਦਾ ਹੈ, ਜਿਹੜਾ ਦੇਸ਼ ਦੀ ਕੁੱਲ ਭੋਇੰ ਦਾ ਮਹਿਜ਼ ਸਵਾ ਫ਼ੀਸਦੀ ਦਾ ਮਾਲਕ ਹੈ। ਇੱਥੇ ਮੁਲਕ ‘ਚ ਵਰਤੀਆਂ ਜਾਂਦੀਆਂ ਜ਼ਹਿਰਾਂ ਦਾ 19 ਫ਼ੀਸਦੀ ਵਰਤਿਆ ਜਾਂਦਾ ਹੈ। ਫਲ-ਸਬਜ਼ੀਆਂ ਲਈ ਘਾਤਕ ਜ਼ਹਿਰਾਂ ਦੀ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ। ਨਾਈਟ੍ਰੋਜਨੀ ਖਾਦਾਂ ‘ਚ ਪਾਏ ਜਾਣ ਵਾਲੇ ਤੱਤ ਆਲਮੀ ਤਪਸ਼ ਦਾ ਵੀ ਕਾਰਨ ਹਨ। ਇਹ ਓਜ਼ੋਨ ਪਰਤ ਨੂੰ ਵੀ ਪੇਤਲਾ ਕਰ ਰਹੇ ਹਨ ਜਿਸ ਕਾਰਨ ਘਾਤਕ ਸੂਰਜੀ ਕਿਰਨਾਂ ਧਰਤੀ ‘ਤੇ ਪਹੁੰਚ ਰਹੀਆਂ ਹਨ। ਜਲ ਸਰੋਤਾਂ ‘ਚ ਪਹੁੰਚ ਕੇ ਕਈ ਅਲਾਮਤਾਂ ਦਾ ਕਾਰਨ ਬਣ ਰਹੇ ਹਨ। ਹਾਨੀਕਾਰਕ ਜੀਵ ਵਿਰੋਧੀ ਜ਼ਹਿਰੀਲੀਆਂ ਦਵਾਈਆਂ ਮਿੱਤਰ ਕੀਟਾਂ ਨੂੰ ਵੀ ਮਾਰ ਦਿੰਦੀਆਂ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਬਨਸਪਤੀ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਵੀ ਨਸ਼ਟ ਹੋ ਜਾਂਦੀ ਹੈ। ਕੀਟਨਾਸ਼ਕ ਜ਼ਹਿਰਾਂ 1:300 ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀਟਾਂ ਦਾ ਨਾਸ਼ ਕਰਦੀਆਂ ਹਨ; ਭਾਵ ਇੱਕ ਦੁਸ਼ਮਣ ਨੂੰ ਮਾਰਨ ਲਈ ਤਿੰਨ ਸੌ ਮਿੱਤਰਾਂ ਦੀ ਬਲੀ।

ਪੰਜਾਬ, ਜਿਸ ਨੂੰ ਮੁਲਕ ਦੀ ਅੰਨ-ਕੋਠਰੀ ਕਿਹਾ ਜਾਂਦਾ ਹੈ, ਦੇ ਖੇਤਾਂ ‘ਚ ਹੁਣ ਜ਼ਹਿਰ ਦੀ ਖੇਤੀ ਕੀਤੀ ਜਾਂਦੀ ਹੈ। ਭਾਰਤ, ਖਾਸ ਕਰ ਪੰਜਾਬ ਵਾਸੀਆਂ ਦੇ ਬਿਮਾਰੀਆਂ ਨਾਲ ਲੜਨ ਦੀ ਕੁਦਰਤੀ ਅੰਦਰੂਨੀ ਸਰੀਰਕ ਸਮਰੱਥਾ ਨੂੰ ਘਟਾ ਦਿੱਤੀ ਹੈ। ਇਸ ਕਰਕੇ ਕੈਂਸਰ, ਮਾਨਸਿਕ ਵਿਗਾੜ, ਮਰਦਾਨਵੀ ਸ਼ਕਤੀ ਘਟਣ, ਗਰਭ ਅਲਾਮਤਾਂ, ਗੁਰਦੇ ਫੇਲ੍ਹ ਹੋਣਾ, ਜਮਾਂਦਰੂ ਬਿਮਾਰੀਆਂ ਅਤੇ ਮੰਦਬੁੱਧੀ ਤੇ ਜੰਮਦੇ ਬੱਚਿਆਂ ਨੂੰ ਦਿਲ ਦੇ ਰੋਗ ਆਦਿ ਬਿਮਾਰੀਆਂ ਦਾ ਖ਼ਤਰਨਾਕ ਵਾਧਾ ਹੋ ਰਿਹਾ ਹੈ।

ਅਸਲ ਵਿੱਚ ਇਹ ਸਾਰੀ ਖੇਡ, ਸਾਜ਼ਿਸ਼ ਦਾ ਨਤੀਜਾ ਹੈ, ਉਹ ਸਾਜ਼ਿਸ਼ ਹੈ ਭਾਰਤੀ ਖੇਤੀ ‘ਤੇ ਕਬਜ਼ਾ ਕਰਨ ਦੀ। ਇੱਥੋਂ ਦੇ ਕਿਸਾਨਾਂ ਦੇ ਰਵਾਇਤੀ ਗਿਆਨ, ਦੇਸੀ ਬੀਜਾਂ, ਦੇਸੀ ਪਸ਼ੂ ਧਨ ਅਤੇ ਕੁਦਰਤੀ ਸੋਮਿਆਂ ‘ਤੇ ਆਪਣਾ ਅਧਿਕਾਰ ਜਮਾ ਕੇ ਖੇਤੀ ਨੂੰ ਸਾਮਰਾਜੀ ਤਾਕਤਾਂ ਅਤੇ ਬਹੁਕੌਮੀ ਕੰਪਨੀਆਂ ਦੀ ਗੁਲਾਮ ਬਣਾਉਣ ਦੀ। ਇਸ ਵੇਲੇ ਖੇਤੀ ਵਿੱਚ ਇਸਤੇਮਾਲ ਹੋਣ ਵਾਲੇ ਰਸਾਇਣਾਂਂ, ਖਾਦਾਂ ਅਤੇ ਬੀਜਾਂ ‘ਤੇ ਧੜਵੈਲ ਕੰਪਨੀਆਂ ਦਾ ਏਕਾਧਿਕਾਰ ਸਥਾਪਿਤ ਹੋ ਰਿਹਾ ਹੈ। ਦੁਨੀਆਂ ਭਰ ਦਾ 75 ਫ਼ੀਸਦੀ ਕੀਟਨਾਸ਼ਕ ਤੇ 50 ਫ਼ੀਸਦੀ ਬੀਜ ਵਪਾਰ ਇਨ੍ਹਾਂ ਮੁੱਠੀ ਭਰ ਬਹੁਕੌਮੀ ਕੰਪਨੀਆਂ ਮੌਨਸੈਂਟੋ, ਡੂਪੋਂਟ, ਕਾਰਗਿਲ, ਬਾਇਰ, ਨੋਵਰਿਟਸ, ਡੀਨੋਸਿਲ, ਗੁਪੇਲੀਮੇਗਰਿਨ ਆਦਿ ਦੇ ਹੱਥਾਂ ਵਿੱਚ ਜਾ ਚੁੱਕਿਆ ਹੈ। ਮੌਨਸੈਂਟੋ, ਮਹੀਕੋ ਆਦਿ ਦੁਨੀਆਂ ਭਰ ਦੀਆਂ ਅਨੇਕਾਂ ਛੋਟੀਆਂ ਕੰਪਨੀਆਂ ਨੂੰ ਧੜਾਧੜ ਖਰੀਦ ਕੇ ਆਪਣੇ ਸਾਮਰਾਜ ਦਾ ਵਿਸਥਾਰ ਕਰ ਰਹੀਆਂ ਹਨ। ਮੌਨਸੈਂਟ ਅਸਲ ‘ਚ ਰਸਾਇਣਿਕ ਹਥਿਆਰ ਬਣਾਉਣ ਵਾਲੀ ਕੰਪਨੀ ਸੀ। ਅਮਰੀਕਾ ਵੱਲੋਂ ਵੀਅਤਨਾਮ ਵਿੱਚ ਵਰਤੇ ਗਏ ਰਸਾਇਣਿਕ ਹਥਿਆਰ ਏਜੰਟ ਔਰੇਂਜ (2-4ਡੀ ਔਰਗੈਨੋਫਾਸ) ਇਸੇ ਦੁਆਰਾ ਬਣਾਏ ਹੋਏ ਸਨ। ਉਸੇ ਰਸਾਇਣ ਨੂੰ ਹੁਣ ਇਹ ਕੰਪਨੀ ਰਾਊਂਡਅੱਪ ਦੇ ਨਾਂ ਥੱਲੇ ਖੇਤੀ ਲਈ ਵੇਚ ਰਹੀ ਹੈ। ਹੁਣ ਇਸ ਦੀ ਅੱਖ ਬੀਜ ਵਪਾਰ ‘ਤੇ ਹੈ।

ਬਹੁਕੌਮੀ ਕੰਪਨੀਆਂ ਵੱਲੋਂ ਲਿਆਂਦੇ ਜਾ ਰਹੇ ਇਹ ਬੀਟੀ/ਜੀਐੱਮ ਬੀਜ, ਸਾਡੇ ਆਪਣੇ ਬੀਜਾਂ ਦੀ ਬਰਬਾਦੀ ਦਾ ਸਭ ਤੋਂ ਭਿਆਨਕ ਪਹਿਲੂ ਹਨ। ਇਨ੍ਹਾਂ ਬੀਜਾਂ ਨੂੰ ਤਿਆਰ ਕਰਨ ਦੀ ਤਕਨੀਕ ਨਾਲ ਪੈਦਾ ਕੀਤੇ ਬੀਜ ਕੁਦਰਤ, ਵਾਤਾਵਰਨ ਤੇ ਪ੍ਰਾਣੀਆਂ ਦੀਆਂ ਸਿਹਤਾਂ ਲਈ ਵਿਨਾਸ਼ਕਾਰੀ ਸਾਬਤ ਹੋਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਬੀਜਾਂ ਬਾਰੇ ਬੜੀਆਂ ਫੜ੍ਹਾਂ ਮਾਰੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਉੱਕਾ ਨਹੀਂ ਕਰਨੀ ਪਵੇਗੀ। ਇਹ ਗੱਲ ਵੀ ਕੋਰਾ ਝੂਠ ਸਾਬਿਤ ਹੋ ਰਹੀ ਹੈ। ਜੀਐੱਮ ਬੀਜ, ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ ਕਰਨ ਦਾ ਮੁੱਖ ‘ਹਥਿਆਰ’ ਬਣ ਰਹੇ ਹਨ, ਜੋ ਅੰਨ੍ਹੇ ਮੁਨਾਫ਼ੇ ਦੇ ਬਲ ਨਾਲ ਸਾਡੇ ਅਦਾਰਿਆਂ ਦੇ ਅਨੇਕਾਂ ਵਿਗਿਆਨੀਆਂ ਨੂੰ ਆਪਣੇ ਨਾਲ ਰਲਾਉਣ ਵਿੱਚ ਕਾਮਯਾਬ ਹੋ ਗਏ ਹਨ। ਸਿੱਟੇ ਵਜੋਂ ਅਜਿਹੇ ਖੇਤੀ ਵਿਗਿਆਨੀ ਇਨ੍ਹਾਂ ਬੀਜਾਂ ਦੇ ਸਾਰੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਇਨ੍ਹਾਂ ਦਾ ਅੰਨ੍ਹੇਵਾਹ ਗੁਣ ਗਾ ਰਹੇ ਹਨ।

ਬੀਟੀ ਬੀਜ ਅਸਲ ਵਿੱਚ ਜੀਐੱਮ ਤਕਨੀਕ ਦੀ ਕਾਢ ਹਨ। ਇਸ ਤਹਿਤ ਪੌਦੇ ਅਤੇ ਜੀਵ ਦਾ ਜੀਨ ਇੱਕ ਦੂਜੇ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜੋ ਗੈਰਕੁਦਰਤੀ ਵਰਤਾਰਾ ਹੈ। ਇਸ ਦਾ ਮੰਤਵ ਪੌਦਿਆਂ ਅੰਦਰ ਖਾਸ ਗੁਣ ਪੈਦਾ ਕਰਨਾ ਹੈ ਜਿਵੇਂ; ਬੀਟੀ ਨਰਮੇ ਦੇ ਮਾਮਲੇ ਵਿੱਚ ਬੈਸੀਲਿਸ ਥੁਰੈਂਜਿਸ ਨਾਂ ਦੇ ਬੈਕਟੀਰੀਆ ਵਿੱਚੋਂ ਕੱਢਿਆ ਗਿਆ ਕਰਾਈ-ਵਨ ਏਸੀ ਟਾਕਸਿਨ (ਜ਼ਹਿਰ) ਪੈਦਾ ਕਰਨ ਵਾਲਾ ਜੀਨ ਨਰਮੇ ਦੇ ਪੌਦੇ ਵਿੱਚ ਲਾਇਆ ਗਿਆ ਹੈ। ਇਸ ਨਾਲ ਨਰਮੇ ਦੇ ਪੌਦੇ ਦੇ ਹਰ ਭਾਗ ਵਿੱਚ ਜ਼ਹਿਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਕੰਪਨੀ ਦਾ ਦਾਅਵਾ, ਇਸ ਦੇ ਪੱਤੇ ਖਾ ਕੇ ਕੀੜੇ ਮਰ ਜਾਣਗੇ, ਫ਼ਸਲ ਕੀੜਿਆਂ ਤੋਂ ਮੁਕਤ ਰਹੇਗੀ, ਜ਼ਹਿਰਾਂ ਦਾ ਛਿੜਕਾਅ ਨਹੀਂ ਕਰਨਾ ਪਵੇਗਾ, ਗਲਤ ਸਾਬਤ ਹੋਇਆ।

ਜਿਵੇਂ ਜਿਵੇਂ ਅਸੀਂ ਫ਼ਸਲਾਂ ਨੂੰ ਦਵਾਈਆਂ ਤੇ ਖਾਦਾਂ ਦੇ ਭਾੜੇ ‘ਤੇ ਲਾ ਰਹੇ ਹਾਂ ਤਿਵੇਂ ਤਿਵੇਂ ਮਨੁੱਖੀ ਸਰੀਰ ਵੀ ਦਵਾਈਆਂ ਅਧੀਨ ਹੁੰਦਾ ਜਾ ਰਿਹਾ ਹੈ। ਜੰਗਲੀ ਅਤੇ ਰਿਵਾਇਤੀ ਕਿਸਮਾਂ ਵਿੱਚ ਕੀੜਿਆਂ ਤੇ ਬਿਮਾਰੀਆਂ ਤੋਂ ਬਚਣ ਦੀ ਸਮਰੱਥਾ ਹੁੰਦੀ ਸੀ। ਇਹ ਸੋਕੇ ਅਤੇ ਅਸਾਧਾਰਨ ਗਰਮੀ-ਸਰਦੀ ਨੂੰ ਵੀ ਸਹਿਣ ਕਰ ਸਕਦੀਆਂ ਹਨ। ਖੇਤੀ ਵਿਗਿਆਨੀ ਡਾਥ ਸਵਾਮੀਨਾਥਨ ਅਤੇ ਲੋਕ ਪੱਖੀ ਚਿੰਤਕਾਂ ਨੇ ਚਿਤਾਵਨੀ ਦਿੱਤੀ, ‘ਪੁਰਾਣੀਆਂ ਕਿਸਮਾਂ ਦੀ ਥਾਂ ਨਵੀਆਂ ਪੈਦਾ ਕਰਨ ਨਾਲ ਬਨਸਪਤੀ ਦੀ ਭਿੰਨਤਾ ਖ਼ਤਮ ਹੁੰਦੀ ਜਾ ਰਹੀ ਹੈ। ਇਸ ਦਾ ਇੱਕ ਸਿੱਟਾ ਇਹ ਹੈ ਕਿ ਜਿਉਂ ਜਿਉਂ ਇਲਾਕਿਆਂ ਵਿੱਚ ਇੱਕ ਜਾਂ ਥੋੜ੍ਹੀ ਕਿਸਮ ਦੀਆਂ ਫਸਲਾਂ ਹੀ ਪੈਦਾ ਹੋ ਰਹੀਆਂ ਹਨ, ਉਨ੍ਹਾਂ ਵਿੱਚ ਬਿਮਾਰੀਆਂ ਫੈਲਣ ਦਾ ਅਧਾਰ ਬਣਦਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਰਵਾਇਤੀ ਜਾਂ ਦੇਸੀ ਤਾਂ ਕੀ ਨਵੀਆਂ ਉੱਨਤ ਹੋਈਆਂ ਕਿਸਮਾਂ ਵਿੱਚ ਵੀ ਮੌਲਿਕ ਜਰਮ ਪਲਾਜ਼ਿਮ (ਬਿਮਾਰੀਆਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੀ ਕੁਦਰਤਨ ਅੰਦਰੂਨੀ ਸ਼ਕਤੀ ) ਦੀ ਸ਼ਕਤੀ ਘੱਟ ਰਹੀ ਹੈ।’

ਜੀਐੱਮ ਭੋਜਨਾਂ ਬਾਰੇ ਵਧੇਰੇ ਫ਼ਿਕਰਮੰਦੀ ਤਿੰਨ ਕਿਸਮ ਦੀ ਹੈ: ਵਾਤਾਵਰਨੀ ਮੁਸ਼ਕਲਾਂ, ਸਿਹਤ ਨੂੰ ਖ਼ਤਰੇ ਅਤੇ ਆਰਥਿਕ ਸਰੋਕਾਰ। ਸਿਹਤ ਮਾਹਿਰਾਂ ਅਨੁਸਾਰ, ਕੀਟਨਾਸ਼ਕ ਦਵਾਈਆਂ ਤੇ ਕੈਡੀਅਮ ਵਗੈਰਾ ਮਨੁੱਖੀ ਸਰੀਰ ‘ਚ ਜਮ੍ਹਾਂ ਹੋ ਜਾਂਦੇ ਹਨ, ਜਿਸ ਦਿਨ ਇਸ ਦੀ ਮਿਕਦਾਰ ਸਰੀਰ ਵਿੱਚ ਮੌਜੂਦ ਜ਼ਿੰਕ ਤੋਂ ਵਧ ਜਾਂਦੀ ਹੈ ਉਸ ਦਿਨ ਜ਼ਿੰਕ ਨਾਲ ਹੁੰਦੀ ਰਸਾਇਣਿਕ ਕਿਰਿਆ, ਭਾਵ ਪਾਚਨ ਪ੍ਰਣਾਲੀ (ਇੰਜ਼ਾਇਮ) ਨੂੰ ਇਹ ਕਿਰਿਆਹੀਣ ਕਰ ਦਿੰਦੀ ਹੈ। ਹੁਣ ਮਨੁੱਖ ਦੇ ਸਰੀਰ ‘ਚ ਇਨ੍ਹਾਂ ਦੀ ਮਾਤਰਾ ਖ਼ਤਰੇ ਦੀ ਹੱਦ ਤੋਂ ਉੱਪਰ ਚੱਲ ਰਹੀ ਹੈ। ਭੋਜਨ ਲੜੀ ਵਿੱਚ ਦਾਖ਼ਲ ਹੋਣ ਤੋਂ ਬਾਅਦ ਇਹ ਰਸਾਇਣ ਇੱਕ ਪੱਧਰ ਤੋਂ ਦੂਜੇ ਪੱਧਰ ਤਕ ਜਾਂਦੇ ਹਨ ਤੇ ਇਨ੍ਹਾਂ ਦੀ ਸੰਘਣਤਾ ਵਧਦੀ ਜਾਂਦੀ ਹੈ। ਮਾਂ ਦੇ ਦੁੱਧ ‘ਚ ਵੀ ਜ਼ਹਿਰਾਂ ਦੀ ਮੌਜੂਦਗੀ ਸਿੱਧ ਹੋ ਚੁੱਕੀ ਹੈ। ਖੇਤੀ ਰਸਾਇਣਾਂ ‘ਚ ਜ਼ਿਆਦਾਤਰ ਪਾਰਾ, ਸੀਸ਼ਾ, ਆਰਸੈਨਿਕ ਤੇ ਨਿੱਕਲ ਵਰਗੇ ਜ਼ਹਿਰੀਲੇ ਤੱਤ ਵੀ ਮਿਲੇ ਹੁੰਦੇ ਹਨ ਜੋ ਹਰ ਜਿਉਂਦੀ ਚੀਜ਼ ‘ਤੇ ਮਾਰੂ ਅਸਰ ਪਾਉਂਦੇ ਹਨ। ਨੌਜਵਾਨ ਨਿਪੁੰਸਕ ਹੋ ਰਹੇ ਹਨ ਅਤੇ ਗਰਭ ਵਿਗਾੜ ਵਧ ਰਹੇ ਹਨ। ਜੰਮਣ ਵਾਲਾ ਹਰ ਜੀਅ ਕੋਈ ਨਾ ਕੋਈ ਬਿਮਾਰੀ ਨਾਲ ਲੈ ਕੇ ਜੰਮਦਾ ਹੈ। ਨਾਈਜੀਰੀਆ ਦੇ ਪ੍ਰਧਾਨ ਇਬਰਾਹਿਮ ਸਾਬਾਨਗੀਡਾ ਨੇ ਸਹੀ ਕਿਹਾ ਹੈ, ‘ਕਿਸੇ ਵੀ ਸਰਕਾਰ ਨੂੰ ਭਾਵੇਂ ਉਸ ਨੂੰ ਦੌਲਤ ਦਾ ਕਿੰਨਾ ਵੀ ਵੱਡਾ ਲਾਲਚ ਦਿਸ ਰਿਹਾ ਹੋਵੇ, ਬੱਚਿਆਂ ਦੀ ਹੋਣੀ ਗਹਿਣੇ ਪਾਉਣ ਦਾ ਹੱਕ ਹਾਸਿਲ ਨਹੀਂ ਹੈ।’

ਦਰ-ਹਕੀਕਤ; ਸੱਭਿਅਤਾ ਦੇ ਅਖੌਤੀ ਵਿਕਾਸ ਨੇ ਧਰਤੀ ਨੂੰ ਵੀ ਬਰਬਾਦ ਕਰ ਦੇਣਾ ਹੈ। ਹਾਕਮਾਂ ਦੀ ਤੀਬਰ ਬੁੱਧੀ ਵਿਕਾਸ ਦਾ ਭੁਲੇਖਾ ਦੇ ਕੇ ਵਿਨਾਸ਼ ਵੱਲ ਲਿਜਾ ਰਹੀ ਹੈ। ਮੁੱਕਦੀ ਗੱਲ; ਦੁਖਾਂਤ ਤੋਂ ਬਚਣ ਦਾ ਇਕਲੌਤਾ ਤਰੀਕਾ ਜ਼ਹਿਰ ਮੁਕਤ ਤੇ ਕੁਦਰਤ ਪੱਖੀ ਖੇਤੀ ਦਾ ਹੈ ਜਿਸ ਨੂੰ ਅਪਣਾ ਕੇ ਜੈਵਿਕਤਾ ਅਤੇ ਵਾਤਾਵਰਨ ਦੀ ਰੱਖਿਆ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਸਾਨੂੰ ਮੌਜੂਦਾ ਢਾਂਚਾ ਬਦਲਣਾ ਪੈਣਾ ਹੈ।

ਸੰਪਰਕ:  94634-39075

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjabi Tribune