ਮੋਦੀ ਖਿਲਾਫ ਡਟੇ ਕਿਸਾਨਾਂ 'ਤੇ ਕੈਪਟਨ ਦੀ ਸਖਤੀ ਕਿਉਂ?

February 26 2018

ਚੰਡੀਗੜ੍ਹ: ਕੇਂਦਰ ਦੀ ਭਾਜਪਾ-ਅਕਾਲੀ ਗੱਠਜੋੜ ਸਰਕਾਰ ਕੋਲੋਂ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਲਾਗੂ ਕਰਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੰਜਾਬ ਅੰਦਰ ਹੀ ਰੋਕਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਉਠਾਏ ਹਨ।

ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਸਮੇਤ ਭਾਜਪਾ ਦੀਆਂ ਹੋਰ ਪ੍ਰਦੇਸ਼ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰੋਕਣ ਪਿੱਛੇ ਮੋਦੀ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਸਮਝ ਆਉਂਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਮਹੂਰੀ ਤਰੀਕੇ ਨਾਲ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਜਾ ਰਹੇ ਕਿਸਾਨਾਂ ਤੇ ਕਿਸਾਨ ਸੰਗਠਨਾਂ ਨੂੰ ਰਸਤਿਆਂ ‘ਚ ਰੋਕ ਕੇ ਕਿਉਂ ਪ੍ਰੇਸ਼ਾਨ ਕਰ ਰਹੀ ਹੈ? ਕੈਪਟਨ ਸਰਕਾਰ ਦਾ ਕਿਸਾਨਾਂ ਉੱਤੇ ਇਹ ਜਬਰ ਸਮਝ ਤੋਂ ਪਰੇ ਹੈ। ਅਰੋੜਾ ਨੇ ਹਰਿਆਣਾ ‘ਚ ਭਾਜਪਾ ਦੀ ਖੱਟਰ ਸਰਕਾਰ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕਰਨ ਤੇ ਦਰਜਨਾਂ ਕਿਸਾਨਾਂ ਉੱਤੇ ਕੇਸ ਦਰਜ ਕਰਨ ਦੀ ਕਾਰਵਾਈ ਦੀ ਵੀ ਆਲੋਚਨਾ ਕੀਤਾ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਤੇ ਕਿਸਾਨ ਸੰਗਠਨਾਂ ਵੱਲੋਂ ਨਰਿੰਦਰ ਮੋਦੀ ਸਰਕਾਰ ਉੱਤੇ ਡਾ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਉਣ ਅਤੇ ਸਮੁੱਚੇ ਕਿਸਾਨੀ ਕਰਜ਼ੇ ਮੁਆਫ਼ ਕਰਾਉਣ ਲਈ ਦਬਾਅ ਬਣਾਉਣ ਖ਼ਾਤਰ ‘ਦਿੱਲੀ ਕੂਚ’ ਦਾ ਸੱਦਾ ਦਿੱਤਾ ਗਿਆ ਸੀ, ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ‘ਚ ਹੀ ਨਾਕਾਬੰਦੀ ਕਰਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਘੇਰ ਲਿਆ। ‘ਆਪ’ ਆਗੂ ਨੇ ਦੱਸਿਆ ਕਿ ਸੁਨਾਮ ਹਲਕੇ ਦੀ ਚੀਮਾ ਮੰਡੀ ‘ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੈਂਕੜੇ ਕਿਸਾਨਾਂ ਨੂੰ ਅਣਐਲਾਨੀ ਹਿਰਾਸਤ ‘ਚ ਲੈ ਲਿਆ ਗਿਆ।

ਅਮਨ ਅਰੋੜਾ ਨੇ ਚੀਮਾ ਮੰਡੀ ਜਾ ਕੇ ਕਿਸਾਨਾਂ ਦੇ ਰੋਸ ਧਰਨੇ ‘ਚ ਸ਼ਮੂਲੀਅਤ ਕੀਤੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਬੇਲੋੜੇ ਕਦਮ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਤੇ ਸੱਤਾਧਾਰੀ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦੇ ਲਾਗੂ ਕਰਾਉਣ ਲਈ ਆਮ ਆਦਮੀ ਪਾਰਟੀ ਕਿਸਾਨਾਂ ਦੇ ਇਸ ਸੰਘਰਸ਼ ‘ਚ ਕਿਸਾਨਾਂ ਨਾਲ ਡਟ ਕੇ ਖੜੀ ਹੈ। ‘ਆਪ’ ਆਗੂ ਨੇ ਕਿਹਾ ਕਿ ਕਿਸਾਨਾਂ ਨਾਲ ਝੂਠੇ ਅਤੇ ਗੁਮਰਾਹ ਕੁੰਨ ਵਾਅਦੇ ਕਰ ਕੇ ਕੇਂਦਰ ਦੀ ਸੱਤਾ ‘ਚ ਆਈ ਭਾਜਪਾ-ਅਕਾਲੀ ਗੱਠਜੋੜ ਸਰਕਾਰ ਨੇ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਧ੍ਰੋਹ ਕਮਾਇਆ ਸੀ, ਉਸੇ ਤਰ੍ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਹੈ।

ਅਮਨ ਅਰੋੜਾ ਨੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਇੱਕੋ ਥੈਲੀ ਦੇ ਕਿਸਾਨ ਵਿਰੋਧੀ ਚੱਟੇ-ਵਟੇ ਕਰਾਰ ਦਿੰਦੇ ਹੋਏ ਪੰਜਾਬ ਭਰ ਦੇ ਕਿਸਾਨਾਂ,ਖੇਤ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਕਾਂਗਰਸ ਅਤੇ ਅਕਾਲੀ ਭਾਜਪਾ ਵਰਗੇ ਮੌਕਾਪ੍ਰਸਤ ਸਿਆਸੀ ਦਲਾਂ ਨੂੰ ਕਰਾਰੀ ਹਾਰ ਦੇ ਕੇ ਸਬਕ ਸਿਖਾਉਣ ਦਾ ਸੱਦਾ ਦਿੱਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha