ਮਾਲਵੇ ‘ਚ ਬੱਕਰੀ ਪਾਲਣ ਧੰਦੇ ਦਾ ਰੁਝਾਨ ਵਧਿਆ

March 03 2018

ਪੁਰਾਤਨ ਸਮੇਂ ਵਿੱਚ ਬੱਕਰੀ ਪਾਲਣ ਦਾ ਧੰਦਾ ਅਨਪੜ੍ਹ ਅਤੇ ਗਰੀਬ ਲੋਕਾਂ ਦਾ ਧੰਦਾ ਸਮਝਿਆ ਜਾਂਦਾ ਸੀ। ਇਸ ਲਈ ਜੇਕਰ ਕੋਈ ਬੱਚਾ ਸਕੂਲ ਪੜ੍ਹਨ ਨਾ ਜਾਂਦਾ ਜਾਂ ਪੜ੍ਹਾਈ ਵਿੱਚ ਕਮਜ਼ੋਰ ਤਾਂ ਮਾਪੇ ਜਾਂ ਅਧਿਆਪਕ ਉਸ ਨੂੰ ਅਕਸਰ ਇਹੀ ਤਾਹਨਾ ਮਾਰਦੇ ਸਨ ਕਿ ਜੇ ਪੜ੍ਹਨਾ ਨਹੀਂ ਤਾਂ ਬੱਕਰੀਆਂ ਚਾਰਨ ਲੱਗਜਾ। ਪਰ ਅਧੁਨਿਕ ਸਮੇਂ  ਵਿੱਚ ਇਸ ਧੰਦੇ ਨੂੰ ਜੇਕਰ ਪੈਸਿਆਂ ਦਾ ਗੋਲਕ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ਼ ਬੱਕਰੀ ਪਾਲਣ ਦੇ ਧੰਦਾ ਐਨਾ ਪ੍ਰਫੁੱਲਤ ਹੋ ਰਿਹਾ ਹੈ ਕਿ ਇਹ ਧੰਦਾ ਪੜ੍ਹੇ ਲਿਖੇ ਅਤੇ ਸਰਮਾਏਦਾਰ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ । ਪਿੰਡਾਂ ਦੇ ਕਿਸਾਨ ਜਿੱਥੇ ਇਸ ਧੰਦੇ ਨੂੰ ਸਹਾਇਕ ਧੰਦੇ ਵਜ਼ੋਂ ਆਪਣਾ ਰਹੇ ਹਨ ਉਥੇ ਪੜ੍ਹੇ ਲਿਖੇ ਅਤੇ ਸਰਮਾਏਦਾਰ ਲੋਕ ਇਸ ਧੰਦੇ ਦਾ ਬਿਜਨਸ ਕਰਨ ਲੱਗੇ ਹਨ । ਉਹ ਚੰਗੀਆਂ ਚੰਗੀਆਂ ਨਸ਼ਲਾਂ ਦੀਆਂ ਬੱਕਰੀਆਂ ਪਾਲ ਕੇ ਚੰਗਾ ਮੁਨਾਫਾ ਕਮਾ ਰਹੇ ਹਨ। ਖਾਸ ਕਰਕੇ ਮਲਵਈਆਂ ਵਿੱਚ ਬੱਕਰੀ ਪਾਲਣ ਦੇ ਧੰਦੇ ਦਾ ਰੁਝਾਨ ਕਾਫ਼ੀ ਵਧਿਆ ਹੈ। ਬਠਿੰਡਾ ਜਿਲ੍ਹੇ ਦੀ ਪਿੰਡ ਮਸ਼ਾਣਾ ਦਾ ਸੇਵਾ ਮੁੱਕਤ ਲੈਕਚਰਾਰ ਗੁਰਤੇਜ ਸਿੰਘ ਸਰਾਂ ਨੇ ਆਪਣਾ ਸੌਪੂਰਾ ਕਰਨ ਲਈ ਸ਼ੁਰੂ ਵਿੱਚ ੨ ਬੱਕਰੀਆਂ ਲਿਆਂਦੀਆਂ ਸਨ । ਪਰ ਅੱਜ਼ ਗੁਰਤੇਜ਼ ਸਿੰਘ ਸਰਾਂ ਨੇ ੨ ਬੱਕਰੀਆਂ ਤੋਂ ਸ਼ੁਰੂ ਕਰਕੇ ਇਕ ਵੱਡਾ ਬੱਕਰੀ ਫਾਰਮ ਖੜ੍ਹਾ ਕਰ ਲਿਆ ਅਤੇ ਹੁੱਣ ਉਨ੍ਹਾਂ ਦੇ ਫਾਰਮ ਵਿੱਚ ਦਰਜ਼ਨਾਂ ਮਹਿੰਗੀਆਂ ਮਹਿੰਗੀਆਂ ਨਸ਼ਲ ਦੀਆਂ ਬੱਕਰੀਆੰ ਹਨ । ਉਨ੍ਹਾਂ ਨੇ ਆਪਣੇ ਫਾਰਮ ਵਿੱਚ ਬੀਟਲ, ਤੋਤਾਪੁਰੀ, ਨਾਗਫਨੀ, ਸੋਚਿਤ, ਨੂਰਾਂ ਆਦਿ ਕਿਸਮਾਂ ਦੀਆਂ ਬੱਕਰੀਆਂ ਪਾਲੀਆਂ ਹੋਈਆਂ ਹਨ । ਇਸ ਤਰ੍ਹਾਂ ਪਿੰਡ ਪੱਕਾ ਕਲਾਂ ਦੇ ਮਨਜੀਤ ਸਿੰਘ ਨਾਂਅ ਦੇ ਨੌਜ਼ਵਾਨ ਨੇ ਤਿੰਨ ਮਹੀਨੇ ਪਹਿਲਾਂ ੫ ਬੱਕਰੀਆਂ ਲਿਆਂਦੀਆਂ ਸਨ ਅਤੇ ਹੁੱਣ ਉਸ ਦੇ ਫਾਰਮ ਵਿੱਚ ਸੌ ਸਵਾ ਸੌ ਦੇ ਕਰੀਬ ਨਗ ਹਨ । ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੈਸ਼ਟੀਸਾਇਡ ਕੰਪਨੀ ਵਿੱਚ ਮੁਲਾਜ਼ਮ ਸੀ। ਉਸ ਨੂੰ ਬੱਕਰੀ ਪਾਲਣ ਦੇ ਧੰਦੇ ਦੀ ਅਜਿਹੀ ਲੱਤ ਲੱਗੀ ਕਿ ਉਸ ਨੇ ਨੌਕਰੀ ਛੱਡ ਕੇ ਆਪਣੇ ਆਪ ਨੂੰ ਇਸ ਧੰਦੇ ਨੂੰ ਸਮਰਪਿਤ ਕਰ ਦਿੱਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Ajj di Awaz