ਬਾਸਮਤੀ ਦੇ ਚੰਗੇ ਭਾਅ ਲਈ ਰਕਬੇ ਨੂੰ ਰੱਖੋ ਸੀਮਤ

July 22 2017

By: Punjabi Tribune, Jule 22, 2017

ਬਾਸਮਤੀ ਚਾਵਲ ਦੀ ਪੈਦਾਵਾਰ ਕਰਨ ਵਾਲਾ ਭਾਰਤ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਵਿਸ਼ਵ ਦੀ ਕੁੱਲ ਬਾਸਮਤੀ ਚਾਵਲ ਦੀ ਪੈਦਾਵਾਰ ਦਾ ਤਕਰੀਬਨ 70 ਪ੍ਰਤੀਸ਼ਤ ਹਿੱਸਾ ਪੈਦਾ ਕਰਦਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਬਾਸਮਤੀ ਪੈਦਾ ਕਰਨ ਵਾਲੇ ਮੁੱਖ ਪ੍ਰਾਂਤ ਹਨ। 2016-17 ਦੌਰਾਨ ਭਾਰਤ ਵਲੋਂ ਲੱਗਪਗ 40 ਲੱਖ ਟਨ ਬਾਸਮਤੀ ਚਾਵਲ ਦਾ ਨਿਰਯਾਤ ਕੀਤਾ ਗਿਆ ਜਿਸ ਵਿੱਚ ਸਾਊਦੀ ਅਰਬ ਦਾ ਹਿੱਸਾ 20 ਪ੍ਰਤੀਸ਼ਤ ਸੀ। ਇਸ ਤੋਂ ਇਲਾਵਾ ਇਰਾਨ, ਸੰਯੁਕਤ ਅਰਬ ਅਮੀਰਾਤ, ਇਰਾਕ ਅਤੇ ਕੁਵੈਤ ਨੇ ਭਾਰਤ ਦੇ ਕੁੱਲ ਨਿਰਯਾਤ ਵਿੱਚ ਕ੍ਰਮਵਾਰ 17.98, 15.39, 11.42 ਅਤੇ 4.07 ਪ੍ਰਤੀਸ਼ਤ ਹਿੱਸਾ ਪਾਇਆ।

ਸਾਲ 2008-09 ਦੌਰਾਨ ਬਾਸਮਤੀ ਝੋਨੇ ਦਾ ਨਿਰਯਾਤ 15.6 ਲੱਖ ਟਨ ਸੀ। ਭਾਰਤ ਵਿੱਚ ਬਾਸਮਤੀ ਚਾਵਲ ਦੇ ਉਤਪਾਦਨ ਵਿੱਚ 2008-09 ਤੋਂ 2011-12 ਤੱਕ ਵੱਡਾ ਉਛਾਲ ਆਇਆ। ਨਤੀਜੇ ਵਜੋਂ ਇਨ੍ਹਾਂ ਸਾਲਾਂ ਵਿੱਚ ਨਿਰਯਾਤ ਕੀਮਤਾਂ (2011-12 ਨੂੰ ਛੱਡ ਕੇ) ਥੱਲੇ ਆ ਗਈਆਂ। 2011-12 ਦੌਰਾਨ ਬਾਸਮਤੀ ਦੀ ਪੈਦਾਵਾਰ ਵਧਣ ਦੇ ਬਾਵਜੂਦ ਨਿਰਯਾਤ ਕੀਮਤਾਂ ਦਾ ਵਧਣਾ ਸ਼ਾਇਦ ਇਸ ਕਰਕੇ ਸੀ ਕਿਉਂਕਿ ਬਾਸਮਤੀ ਝੋਨੇ ਦਾ ਨਿਰਯਾਤ 2010-11 ਦੌਰਾਨ 23.7 ਲੱਖ ਟਨ ਤੋਂ ਵਧ ਕੇ 2011-12 ਦੌਰਾਨ 31.8 ਲੱਖ ਟਨ ਹੋ ਗਿਆ ਸੀ। 2011-12 ਅਤੇ 2013-14 ਦਰਮਿਆਨ ਬਾਸਮਤੀ ਚਾਵਲ ਦੀ ਪੂਰਤੀ ਵਿੱਚ ਤਾਂ ਖਾਸ ਬਦਲਾਅ ਨਾ ਆਇਆ ਪਰ ਇਸ ਦਾ ਨਿਰਯਾਤ ਵਧਦਾ ਰਿਹਾ। ਇਸ ਵਜ੍ਹਾ ਕਰਕੇ ਪਿਛਲੇ ਬਚੇ ਹੋਏ ਸਟਾਕ ਵੀ ਘਟ ਗਏ ਤੇ ਇਸ ਦੀ ਨਿਰਯਾਤ ਕੀਮਤ ਵੀ 2011-12 ਵਿੱਚ 4862 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2013-14 ਵਿੱਚ 7796 ਰੁਪਏ ਪ੍ਰਤੀ ਕੁਇੰਟਲ ਹੋ ਗਈ।2014-15 ਅਤੇ 2015-16 ਦੌਰਾਨ ਇੱਕ ਤਾਂ ਬਾਸਮਤੀ ਝੋਨੇ ਹੇਠ ਰਕਬਾ ਵਧਣ ਨਾਲ, ਦੂਜਾ ਬਾਸਮਤੀ ਝੋਨੇ ਦੀ ਵੱਧ ਝਾੜ ਦੇਣ ਵਾਲੀ ਨਵੀਂ ਕਿਸਮ ਪੂਸਾ ਬਾਸਮਤੀ 1509 ਦੇ ਆਉਣ ਨਾਲ ਬਾਸਮਤੀ ਚਾਵਲ ਦੀ ਕੁੱਲ ਪੈਦਾਵਾਰ ਵਿੱਚ ਵਾਧਾ ਹੋਇਆ। ਨਤੀਜੇ ਵਜੋਂ ਬਾਸਮਤੀ ਚਾਵਲ ਦੀ ਨਿਰਯਾਤ ਕੀਮਤ 7459 ਰੁਪਏ ਪ੍ਰਤੀ ਕੁਇੰਟਲ (2014-15) ਤੋਂ ਘਟ ਕੇ 5781 ਰੁਪਏ ਪ੍ਰਤੀ ਕੁਇੰਟਲ (2015-16) ਤੇ ਆ ਗਈ।

2016-17 ਦੌਰਾਨ ਭਾਵੇਂ ਬਾਸਮਤੀ ਥੱਲੇ ਰਕਬਾ ਤਾਂ ਕੁੱਝ ਘਟ ਗਿਆ ਸੀ ਪਰ ਇਸਦੇ ਨਿਰਯਾਤ ਵਿੱਚ ਖੜੋਤ ਆ ਜਾਣ ਕਾਰਨ ਅਤੇ ਪਿਛਲੇ ਸਾਲਾਂ ਦੇ ਬਾਸਮਤੀ ਦੇ ਬਚੇ ਸਟਾਕ ਕਾਰਨ ਇਸਦੀਆਂ ਨਿਰਯਾਤ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੀ। 2008-09 ਤੋਂ 2011-12 ਤੱਕ ਭਾਰਤ ਵਿੱਚ ਬਾਸਮਤੀ ਚਾਵਲ ਦਾ ਉਤਪਾਦਨ, ਇਸ ਦੀ ਕੁੱਲ ਮੰਗ ਤੋਂ ਜ਼ਿਆਦਾ ਸੀ ਜਿਸ ਕਰਕੇ ਇਸ ਦੇ ਸਟਾਕ ਵਿੱਚ ਵਾਧਾ ਹੋਣ ਨਾਲ ਪੰਜਾਬ ਵਿੱਚ ਬਾਸਮਤੀ ਝੋਨੇ ਦੀ ਔਸਤਨ ਕੀਮਤ 2600 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ ਸਿਰਫ 1830 ਰੁਪਏ ਪ੍ਰਤੀ ਕੁਇੰਟਲ ਰਹਿ ਗਈ ਸੀ।

ਕੀਮਤਾਂ ਵਿੱਚ ਆਈ ਗਿਰਾਵਟ ਵਜੋਂ ਕਿਸਾਨਾਂ ਨੇ ਬਾਸਮਤੀ ਝੋਨੇ ਹੇਠ ਰਕਬਾ ਘਟਾ ਦਿੱਤਾ ਜਿਸ ਦੇ ਸਿੱਟੇ ਵਜੋਂ 2012-13 ਅਤੇ 2013-14 ਦੌਰਾਨ ਇਸਦਾ ਉਤਪਾਦਨ ਘਟ ਗਿਆ। ਉਤਪਾਦਨ ਘਟਣ ਕਾਰਨ ਬਾਸਮਤੀ ਦੇ ਪਿਛਲੇ ਸਾਲਾਂ ਦੇ ਜਮਾਂ ਹੋਏ ਸਟਾਕ ਨੂੰ ਖਪਤ ਕਰਨ ਵਿੱਚ ਮਦਦ ਮਿਲੀ ਹੈ ਅਤੇ ਇਸ ਦੀ ਔਸਤਨ ਕੀਮਤ ਵੀ 2570 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 3500 ਰੁਪਏ ਪ੍ਰਤੀ ਕੁਇੰਟਲ ਹੋ ਗਈ। ਕੀਮਤਾਂ ਦੇ ਇਸ ਵਾਧੇ ਨੇ ਪੰਜਾਬ ਦੇ ਕਿਸਾਨਾਂ ਨੇ ਬਾਸਮਤੀ ਝੋਨੇ ਹੇਠ ਹੋਰ ਰਕਬਾ ਲਿਆਉਣ ਲਈ ਕਾਫੀ ਉਤਸ਼ਾਹਿਤ ਕੀਤਾ।

2014-15 ਵਿੱਚ ਬਾਸਮਤੀ ਝੋਨੇ ਥੱਲੇ ਰਕਬਾ ਵਧ ਕੇ 8.62 ਲੱਖ ਹੈਕਟੇਅਰ ਤੱਕ ਪਹੁੰਚ ਗਿਆ। ਸਿੱਟੇ ਵਜੋਂ ਇਸਦੇ ਉਤਪਾਦਨ ਵਿੱਚ ਵੱਡੇ ਪੱਧਰ ’ਤੇ ਹੋਏ ਵਾਧੇ ਕਾਰਨ ਇਸਦੀ ਪੂਰਤੀ, ਇਸਦੀ ਮੰਗ ਨਾਲੋਂ ਕਾਫੀ ਵਧ ਗਈ ਜਿਸ ਕਾਰਨ ਜਿੱਥੇ ਇਸਦੀਆਂ ਨਿਰਯਾਤ ਅਤੇ ਘਰੇਲੂ ਕੀਮਤਾਂ ਵਿੱਚ ਗਿਰਾਵਟ ਆ ਗਈ, ਉੱਥੇ ਨਾਲ ਹੀ ਇਸਦੇ ਸਟਾਕ ਵਿੱਚ ਵੀ ਚੋਖਾ ਵਾਧਾ ਹੋ ਗਿਆ। ਇਸ ਦੇ ਚੱਲਦਿਆਂ 2015-16 ਵਿੱਚ ਬਾਸਮਤੀ ਦੇ ਵੱਧ ਉਤਪਾਦਨ ਅਤੇ ਪਿਛਲੇ ਜਮ੍ਹਾਂ ਹੋਏ ਵੱਡੇ ਸਟਾਕ ਨੇ ਘਰੇਲੂ ਮਾਰਕੀਟ ਵਿੱਚ ਇਸ ਦੀਆਂ ਕੀਮਤਾਂ ਨੂੰ ਮੂਧੇ ਮੂੰਹ ਡੇਗ ਦਿੱਤਾ। ਂ ਕਿਸਾਨਾਂ ਨੇ ਪੰਜਾਬ ਵਿੱਚ 2016-17 ਦੌਰਾਨ ਬਾਸਮਤੀ ਅਧੀਨ ਰਕਬਾ ਘਟਾ ਕੇ 5 ਲੱਖ ਹੈਕਟੇਅਰ ਉੱਪਰ ਲੈ ਆਂਦਾ ਜਿਸ ਕਰਕੇ ਬਾਸਮਤੀ ਦੀਆਂ ਘਰੇਲੂ ਕੀਮਤਾਂ ਨੂੰ ਕੁੱਝ ਹੁਲਾਰਾ ਮਿਲਿਆ ਅਤੇ ਇਹ ਵਧ ਕੇ 2400-2500 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। ਕਿਸਾਨਾਂ ਨੂੰ ਚਾਹੀਦਾ ਹੈ ਕਿ ਬਾਸਮਤੀ ਅਧੀਨ ਰਕਬੇ ਨੂੰ ਇਸ ਸਾਲ ਵੀ ਪੰਜ ਲੱਖ ਹੈਕਟੇਅਰ ਤੱਕ ਹੀ ਸੀਮਤ ਰੱਖਣ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।