ਬਾਗ਼ਬਾਨੀ ਤੇ ਖੇਤੀ ਦੇ ਖੇਤਰਾਂ ’ਚ ਹੋ ਰਹੀਆਂ ਨਵੀਆਂ ਖੋਜਾਂ

January 15 2018

ਕਿੰਨੂ ਨਾਲ ਕੈਂਸਰ, ਏਡਜ਼ ਇੱਥੋਂ ਤੱਕ ਕੇ ਹਾਈ ਕੋਲੈਸਟਰੌਲ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਅਮਰੀਕਾ ’ਚ ਹੋਈ ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਕਿੰਨੂ ਦੇ ਬੀਜ ਅਤੇ ਰਸ ਵਿੱਚ ਲਿਮੋਨਿਨ ਤੱਤ ਪਾਏ ਜਾਂਦੇ ਹਨ, ਜਿਹੜੇ ਹਰ ਤਰ੍ਹਾਂ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਰਖਦੇ ਹਨ। ਇਸ ਖੋਜ ਤੋਂ ਬਾਅਦ ਪੰਜਾਬ ਦਾ ਬਾਗ਼ਬਾਨੀ ਵਿਭਾਗ ਵੀ ਕਿੰਨੂ ਦੇ ਇਨ੍ਹਾਂ ਗੁਣਾਂ ਦਾ ਪ੍ਰਚਾਰ ਕਰਨ ਲੱਗ ਪਿਆ ਹੈ। ਵਿਦੇਸ਼ਾਂ ਅੰਦਰ ਵੀ ਕਿੰਨੂੰ ਦੀ ਮੰਗ ਵਧ ਰਹੀ ਹੈ। ਅਮਰੀਕਾ ਵਿੱਚ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਵਿਗਿਆਨੀਆਂ ਨੇ ਕਿੰਨੂ ਵਿੱਚ ਲਿਮੋਨਿਨ ਹੋਣ ਬਾਰੇ ਦੱਸਿਆ ਹੈ। ਲਿਮੋਨਿਨ ਵਿੱਚ ਅਜਿਹੇ ਗੁਣ ਪਾਏ ਗਏ ਹਨ, ਜਿਹੜੇ ਹੋਰ ਕਿਤੇ ਨਹੀਂ ਮਿਲਦੇ। ਇਸ ਫਲ ਦੇ ਖੱਟੇ ਹੋਣ ਦਾ ਕਾਰਨ ਵੀ ਲਿਮੋਨਿਨ ਦੀ ਮਾਤਰਾ ਜ਼ਿਆਦਾ ਹੋਣਾ ਹੈ। ਲਿਮੋਨਿਨ 6 ਤਰ੍ਹਾਂ ਦੇ ਕੈਂਸਰਾਂ ਦਾ ਇਲਾਜ ਕਰਦਾ ਹੈ ਤੇ ਇਸ ਦੀ ਵਰਤੋਂ ਕੈਂਸਰ ਰੋਕਣ ਵਜੋਂ ਹੁੰਦੀ ਹੈ। ਇਸ ਤੋਂ ਬਿਨਾਂ ਲਿਮੋਨਿਨ ਖ਼ੂਨ ਵਿੱਚ ਕੋਲੈਸਟਰੌਲ ਨੂੰ ਕਾਬੂ ਕਰਦਾ ਹੈ। ਕਿੰਨੂ ਦੇ ਬੀਜਾਂ ਦੀ ਖਾਣੇ ਵਿੱਚ ਵਰਤੋਂ ਕਰਨ ’ਤੇ ਖ਼ੂਨ ਵਿੱਚ ਨਾ ਸਿਰਫ਼ ਟਰਾਈਗਿਲਸਰਾਈਡਸ ਅਤੇ ਐੱਲਡੀਐੱਲ ਦਾ ਪੱਧਰ ਘੱਟ ਹੋਇਆ, ਸਗੋਂ ਐੱਚਡੀਐੱਲ ਵਿੱਚ ਵੀ ਵਾਧਾ ਹੋਇਆ। ਇਸ ਫ਼ਲ ਅੰਦਰ ਏਡਜ਼ ਰੋਕਣ ਦੇ ਗੁਣ ਵੀ ਪਾਏ ਜਾਂਦੇ ਹਨ, ਜਿਸ ਕਰਕੇ ਬਾਗ਼ਬਾਨੀ ਵਿਭਾਗ ਨੂੰ ਕਿੰਨੂ ਦੀ ਕਾਸ਼ਤ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਅਜਿਹੇ ਹੀ ਕੁਝ ਹੋਰ ਫਲ ਜਿਨ੍ਹਾਂ ਦੀ ਕਾਸ਼ਤ ਨਾਲ ਕਿਸਾਨ ਫ਼ਾਇਦਾ ਲੈ ਸਕਦੇ ਹਨ।

ਕੌੜ ਤੂੰਬੇ ਤੋਂ ਬਾਇਓ ਡੀਜ਼ਲ: ਰਤਨ ਜੋਤ ਦੇ ਬੂਟੇ ਤੋਂ ਬਾਅਦ ਟਿੱਬਿਆਂ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਬੇ ਤੋਂ ਬਾਇਓ ਡੀਜ਼ਲ ਤਿਆਰ ਕੀਤਾ ਗਿਆ ਹੈ। ਕੇਂਦਰੀ ਖੁਸ਼ਕ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਰਾਜਸਥਾਨ ਦੇ ਮਾਰੂਥਲ ਇਲਾਕਿਆਂ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਬੇ ਤੋਂ ਬਾਇਓ ਡੀਜ਼ਲ ਤੇ ਹੋਰ ਸਮੱਗਰੀ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਪੱਛਮੀ ਰਾਜਸਥਾਨ ਦੇ ਖੁਸ਼ਕ ਮੌਸਮ ’ਚ ਸਾਉਣੀ ਦੀ ਫ਼ਸਲ ਸਮੇਂ ਨਦੀਨ ਦੇ ਤੌਰ ’ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣ ਵਾਲੇ ਕੌੜ ਤੂੰਬੇ ਦਾ ਸਵਾਦ ਕੌੜਾ ਹੋਣ ਕਾਰਨ ਇਸ ਨੂੰ ਬੇਕਾਰ ਅਤੇ ਬੇਲੋੜਾ ਮੰਨਿਆ ਜਾਂਦਾ ਰਿਹਾ ਹੈ। ਬੇਸ਼ੱਕ ਇਸ ਦੀ ਵਰਤੋਂ ਥੋੜ੍ਹੀ-ਬਹੁਤ ਮਾਤਰਾ ਵਿੱਚ ਦੇਸੀ ਦਵਾਈ ਵਜੋਂ ਕੀਤੀ ਜਾਂਦੀ ਹੈ ਪਰ ਜ਼ਿਆਦਾਤਰ ਇਸ ਨੂੰ ਵਾਧੂ ਹੀ ਸਮਝਿਆ ਜਾਂਦਾ ਰਿਹਾ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਕੌੜਤੂੰਬੇ ਦਾ ਚੂਰਨ ਪੇਟ ਦੀ ਸਫ਼ਾਈ ਅਤੇ ਕਬਜ਼ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਕਾਜਰੀ ਦੇ ਵਿਗਿਆਨੀਆਂ ਨੇ ਖੋਜ ਕਰਕੇ ਤੂੰਬੇ ਦੇ ਬੀਜ ਤੋਂ ਬਾਇਓ ਡੀਜ਼ਲ ਤਿਆਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇੰਨਾ ਹੀ ਨਹੀਂ, ਸਗੋਂ ਇਸ ਤੋਂ ਤਿਆਰ ਡੀਜ਼ਲ ’ਤੇ ਸਿਰਫ਼ ਪੰਜ ਤੋਂ ਸੱਤ ਰੁਪਏ ਪ੍ਰਤੀ ਲੀਟਰ ਦਾ ਖ਼ਰਚ ਆਉਂਦਾ ਹੈ। ਕੌੜ ਤੂੰਬੇ ਤੋਂ ਤਿਆਰ ਡੀਜ਼ਲ ਵਿੱਚ 80 ਫ਼ੀਸਦੀ ਡੀਜ਼ਲ ਰਲਾ ਕੇ ਬਿਨਾਂ ਰੁਕਾਵਟ ਤਕਰੀਬਨ ਡੇਢ ਘੰਟੇ ਤੱਕ ਟਰੈਕਟਰ ਚਲਾਇਆ ਗਿਆ। ਆਮ ਡੀਜ਼ਲ ਦੇ ਮੁਕਾਬਲੇ ਇਸ ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। ਇਹ ਪ੍ਰਾਜੈਕਟ ਅਜੇ ਚੱਲ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਖੋਜ ਹੋ ਰਹੀ ਹੈ। ਬਰਸਾਤਾਂ ਦੇ ਮੌਸਮ ਦੌਰਾਨ ਕੌੜ ਤੂੰਬਾ ਭਾਰੀ ਮਾਤਰਾ ਵਿੱਚ ਮਿਲ ਜਾਂਦਾ ਹੈ। ਫਿਰ ਵੀ ਬਾਇਓ ਡੀਜ਼ਲ ਵਾਲੀ ਖੋਜ ਪੂਰੀ ਹੋਣ ’ਤੇ ਇਸ ਦੀ ਪੈਦਾਵਾਰ ਵਧਾੳਣ ਵੱਲ ਧਿਆਨ ਦਿੱਤਾ ਜਾ ਸਕਦਾ ਹੈ। ਇਜ਼ਰਾਈਲ ਵਿੱਚ ਕੌੜ ਤੂੰਬੇ ਦੇ ਉੱਤਮ ਕਿਸਮ ਦੇ ਬੀਜ ਮਿਲਦੇ ਹਨ। ਉੱਥੋਂ ਦੀ ਇੱਕ ਰਿਪੋਰਟ ਮੁਤਾਬਕ ਉੱਥੇ ਪ੍ਰਤੀ ਹੈਕਟੇਅਰ 400 ਲਿਟਰ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇੱਕ ਸੁੱਕੇ ਕੌੜ ਤੂੰਬੇ ਵਿੱਚ ਬੀਜਾਂ ਦੀ ਮਾਤਰਾ 50 ਫ਼ੀਸਦੀ ਹੁੰਦੀ ਹੈ। ਬੀਜਾਂ ਤੋਂ ਤੇਲ ਕੱਢਣ ਉਪਰੰਤ ਬਚੀ ਹੋਈ ਖਲ ਨੂੰ ਪਸ਼ੂਆਂ ਲਈ ਵਰਤ ਲਿਆ ਜਾਂਦਾ ਹੈ।

ਪਾਪੂਲਰ ਦੀ ਖੇਤੀ: ਪੰਜਾਬ ਦੇ ਕਿਸਾਨ ਨੇ ਇੱਕ ਦਹਾਕੇ ਬਾਅਦ ਦੁਬਾਰਾ ਫਿਰ ਕਣਕ ਅਤੇ ਝੋਨੇ ਹੇਠ ਰਕਬਾ ਘਟਾ ਕੇ ਪਾਪੂਲਰ ਦੀ ਖੇਤੀ ਕਰਨ ਵੱਲ ਧਿਆਨ ਮੋੜਿਆ ਹੈ। ਪਾਪੂਲਰ ਦੀ ਖੇਤੀ ਕਰਨ ਲਈ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ। ਕਮਾਈ ਵੀ ਆਮ ਫ਼ਸਲਾਂ ਨਾਲੋਂ ਜ਼ਿਆਦਾ ਹੈ। ਇਸ ਮਾਮਲੇ ਵਿੱਚ ਬੈਂਕਾਂ ਵੀ ਕਿਸਾਨਾਂ ਦੀ ਮਦਦ ਕਰ ਰਹੀਆਂ ਹਨ। ਪਾਪੂਲਰ ਕਿਸਾਨਾਂ ਨੂੰ ਸਭ ਤੋਂ ਵੱਧ ਲਾਭ ਦੇਣ ਵਾਲਾ ਦਰੱਖ਼ਤ ਹੈ। ਇਸ ਨੂੰ 20 ਫੁੱਟ ਤੱਕ ਤਾਂ ਨਰਸਰੀ ਵਿੱਚ ਹੀ ਪੈਦਾ ਕੀਤਾ ਜਾ ਸਕਦਾ ਹੈ। ਇਹ ਪੰਜ ਸਾਲ ਵਿੱਚ ਕਿਸਾਨਾਂ ਨੂੰ ਆਮਦਨ ਦੇ ਦਿੰਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਦੌਰਾਨ ਪਾਪੂਲਰਾਂ ਵਿੱਚ ਕਣਕ ਦੀ ਫ਼ਸਲ ਬੀਜੀ ਜਾ ਸਕਦੀ ਹੈ ਕਿਉਂਕਿ ਸਰਦੀ ਵਿੱਚ ਇਸ ਦੇ ਸਾਰੇ ਪੱਤੇ ਝੜ ਜਾਂਦੇ ਹਨ। ਪਾਪੂਲਰ ਦੇ 150 ਬੂਟੇ ਲਾਉਣ ਲਈ ਦਿੱਤੇ ਗਏ ਕਰਜ਼ੇ ਵਾਸਤੇ ਅੱਠ ਸਾਲ ਤੱਕ ਬੈਂਕ ਵੱਲੋਂ ਸਿਰਫ਼ ਵਿਆਜ ਹੀ ਲਿਆ ਜਾਂਦਾ ਹੈ। ਪਾਪੂਲਰ ਦੇ ਬੂਟੇ ਤੋਂ ਪੈਨਸਿਲ, ਮਾਚਿਸ, ਖੇਡਾਂ ਦਾ ਸਾਮਾਨ ਅਤੇ ਪਲਾਈਬੋਰਡ ਤਿਆਰ ਕੀਤੇ ਜਾਂਦੇ ਹਨ। ਪੰਜਾਬ ਵਿੱਚ 100 ਤੋਂ ਵੀ ਵੱਧ ਪਲਾਈ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਸਾਲਾਨਾ 30 ਲੱਖ ਕਿਊਬਕ ਲੱਕੜ ਦੀ ਖ਼ਪਤ ਹੁੰਦੀ ਹੈ।

ਲੀਚੀ ਦਾ ਜੂਸ: ਗਰਮੀ ਦੇ ਮੌਸਮ ਵਿੱਚ ਲੀਚੀ ਦਾ ਜੂਸ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਲਖਨਊ ਦੀ ਇੱਕ ਸੰਸਥਾ ਨੇ ਲੀਚੀ ਦਾ ਜੂਸ ਤਿਆਰ ਕਰਨ ਦੀ ਤਕਨੀਕ ਤਿਆਰ ਕੀਤੀ ਹੈ। ਇਹ ਜੂਸ ਤਿਆਰ ਕਰਕੇ ਲੀਚੀ ਉਤਪਾਦਕ ਤੇ ਛੋਟੇ ਕਿਸਾਨ ਵਧੀਆ ਪੈਸਾ ਕਮਾ ਸਕਦੇ ਹਨ। ਆਮ ਲੋਕਾਂ ਦੀ ਆਮਦਨ ਵਧਣ ਨਾਲ ਸਿਹਤ ਪ੍ਰਤੀ ਵੀ ਜਾਗਰੂਕਤਾ ਪੈਦਾ ਹੋਈ ਹੈ ਤੇ ਫਲਾਂ ਦੇ ਜੂਸ ਦੀ ਮੰਗ ਵੀ ਵਧਦੀ ਜਾ ਰਹੀ ਹੈ। ਲੀਚੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਜੂਸ ਦੀ ਪੈਕਿੰਗ ਕਰਕੇ ਬਾਜ਼ਾਰ ਵਿੱਚ ਵੇਚ ਸਕਦੇ ਹਨ। ਲਖਨਊ ਦੇ ਕੇਂਦਰੀ ਬਾਗ਼ਬਾਨੀ ਵਿਭਾਗ ਨੇ ਲੀਚੀ ਦਾ ਜੂਸ ਤਿਆਰ ਕਰਨ ਦਾ ਸੌਖਾ ਢੰਗ ਤਿਆਰ ਕੀਤਾ ਹੈ, ਜਿਸ ਨਾਲ ਜੂਸ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਿਆ ਜਾ ਸਕਦਾ ਹੈ। ਲੀਚੀ ਦਾ ਜੂਸ ਛੇ ਮਹੀਨੇ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ ਅਤੇ ਸਵਾਦ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਬੋਤਲ ਬੰਦ ਲੀਚੀ ਦਾ ਜੂਸ ਵੱਧ ਆਮਦਨ ਦੇ ਸਕਦਾ ਹੈ। ਵਿਦੇਸ਼ਾਂ ਵਿੱਚ ਇਸ ਦੀ ਮੰਗ ਵਧ ਰਹੀ ਹੈ। ਲੀਚੀ ਉੱਤਰ ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਮਹੱਤਵਪੂਰਨ ਫ਼ਲ ਹੈ। ਸਮੁੱਚੇ ਦੇਸ਼ ਵਿੱਚ ਤਕਰੀਬਨ 70 ਹਜ਼ਾਰ ਹੈਕਟੇਅਰ ਵਿੱਚ ਲੀਚੀ ਦੀ ਖੇਤੀ ਹੋ ਰਹੀ ਹੈ। ਹਰ ਸਾਲ 160 ਟਨ ਲੀਚੀ ਨਿਰਯਾਤ ਕੀਤੀ ਜਾ ਰਹੀ ਹੈ। ਘਰੇਲੂ ਬਾਜ਼ਾਰ ਵਿੱਚ ਲੀਚੀ ਦਾ ਜੂਸ ਸਿਰਫ਼ 10 ਫ਼ੀਸਦੀ ਤਿਆਰ ਕੀਤਾ ਜਾ ਰਿਹਾ ਹੈ। ਇਸ ਕਰਕੇ ਬਾਜ਼ਾਰ ਵਿੱਚ ਲੀਚੀ ਦੇ ਜੂਸ ਦੀਆਂ ਬਹੁਤ ਸੰਭਾਵਨਾਵਾਂ ਹਨ। ਲਘੂ ਉਦਯੋਗ ਦੇ ਰੂਪ ਵਿੱਚ ਲੀਚੀ ਦਾ ਜੂਸ ਤਿਆਰ ਕਰਨ ਦੀ ਇਕਾਈ ਲਾਈ ਜਾ ਸਕਦੀ ਹੈ। ਜੂਸ ਤਿਆਰ ਕਰਨ ਲਈ ਲੀਚੀ ਦਾ ਬੀਜ ਵੱਖਰਾ ਕਰ ਕੇ ਗੁੱਦੇ ਨੂੰ ਚੰਗੀ ਤਰ੍ਹਾਂ ਪੀਸ ਲਿਆ ਜਾਦਾ ਹੈ ਅਤੇ ਹੋਰ ਬਾਰੀਕ ਕਰਨ ਲਈ ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੀਚੀ ਦਾ 50 ਲਿਟਰ ਜੂਸ ਤਿਆਰ ਕਰਨ ਲਈ 2 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ। 200 ਮਿਲੀਲਿਟਰ ਦਾ ਪੈਕਿਟ ਬਾਜ਼ਾਰ ਵਿੱਚ 10 ਤੋਂ 12 ਰੁਪਏ ਦਾ ਵਿਕਦਾ ਹੈ।

ਸੰਪਰਕ: 98761-01698