ਬਗ਼ੀਚੀ ਦੀ ਸ਼ਾਨ ਅਤੇ ਗੁਣਾਂ ਨਾਲ ਭਰਪੂਰ ਪੌਦਾ ਐਲੋਵੇਰਾ

December 28 2017

ਕੈਕਟਸ ਪ੍ਰਜਾਤੀ ਦਾ ਸਾਧਾਰਨ ਜਿਹੀ ਦਿੱਖ ਵਾਲਾ ਤਿਕੋਨੀ ਚੌੜੀ ਗੁੱਦੇਦਾਰ ਪੱਤੀਆਂ ਵਾਲਾ ਬੂਟਾ ਹੈ। ਇਹ ਬੂਟਾ ਆਪਣੇ ਅੰਦਰ ਅਨੇਕਾਂ ਅਸਾਧਾਰਨ ਗੁਣ ਸਮੋਈ ਬੈਠਾ ਹੈ। ਗੁਣਾਂ ਦੀ ਗੁਥਲੀ ‘ਫਸਟ ਏਡ ਪੌਦਾ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪੌਦਾ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ।  ਘਰਾਂ, ਅਪਾਰਟਮੈਂਟਸ, ਦਫ਼ਤਰਾਂ ਤੇ ਬਿਜ਼ਨਸ ਹਾਊਸਿਸ ਵਿੱਚ ਇਸ ਨੂੰ ਬਤੌਰ ਸਜਾਵਟੀ ਪੌਦਾ ਰੱਖਣ ਦਾ ਰਿਵਾਜ ਬਣ ਗਿਆ ਹੈ। ਵਨਸਪਤੀ ਜਗਤ ਵਿੱਚ ਇਸ ਨੂੰ ਦੱਖਣੀ ਅਫ਼ਰੀਕੀ ਮੂਲ ਦਾ ਪੌਦਾ ਮੰਨਿਆ ਗਿਆ ਹੈ। ਇਸ ਦੀਆਂ 400 ਤੋਂ ਵੱਧ ਕਿਸਮਾਂ ਉਪਲਬਧ ਹਨ। ਘੱਟ ਲਾਗਤ, ਬਿਨਾਂ ਦੇਖ-ਰੇਖ ਅਤੇ ਨਾ-ਮਾਤਰ ਸਿੰਜਾਈ ਕਰਕੇ ਇਸ ਐਲੋਵੇਰਾ ਪੌਦੇ ਨੇ ਦਵਾਈ ਜਗਤ ਵਿੱਚ ਵਪਾਰਕ ਪੱਧਰ ’ਤੇ ਆਪਣੀ ਖ਼ਾਸ ਪਛਾਣ ਬਣਾਈ ਹੋਈ ਹੈ।

ਬਾਗ਼ਬਾਨੀ ਦੇ ਮਾਹਿਰਾਂ ਮੁਤਾਬਿਕ ਇੱਕ ਇੰਚ ਤੋਂ ਲੈ ਕੇ ਕਈ ਫੁੱਟ ਤੱਕ ਜਾਣ ਵਾਲੇ ਐਲੋਵੇਰਾ ਪੌਦੇ ਖੇਤਾਂ ਵਿੱਚ ਵਪਾਰਕ ਪੱਧਰ ’ਤੇ ਵੀ ਲਾਏ ਜਾ ਸਕਦੇ ਹਨ। ਪਰ ਬਾਗ਼ਬਾਨੀ ਦੇ ਸ਼ੌਕੀਨ ਇਸ ਨੂੰ ਆਪਣੇ ਘਰ ਦੀ ਬਗ਼ੀਚੀ ਵਿੱਚ ਕਿਸੇ ਵੀ ਪੁਰਾਣੇ ਕੰਨਟੇਨਰ, ਮਿੱਟੀ, ਪਲਾਸਟਿਕ ਜਾਂ ਪੋਰਸ ਦੇ ਗ਼ਮਲੇ, ਕਿਸੇ ਵੱਡੀ ਬੋਤਲ, ਮਟਕੇ ਜਾਂ ਜ਼ਮੀਨ ਵਿੱਚ ਬੜੀ ਆਸਾਨੀ ਨਾਲ ਉਗਾ ਸਕਦੇ ਹਨ। ਇਸ ਪੌਂਦੇ ਲਈ ਕੋਈ ਜ਼ਰਖੇਜ਼ ਜ਼ਮੀਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਨੂੰ ਕਿਸੇ ਵੀ ਪਥਰੀਲੀ ਪਹਾੜੀ ਦੋਮਟ, ਡਾਕਰ ਜਾਂ ਰੇਤ ਮਿਲੀ ਮਿੱਟੀ ਵਿੱਚ ਜਿੱਥੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਨਾ ਹੋਵੇ ਅਤੇ 6-8 ਘੰਟੇ ਧੁੱਪ ਲੱਗਦੀ ਹੋਵੇ, ਐਲੋਵੇਰਾ ਦੇ ਪੌਦੇ ਨੂੰ ਲਗਾਇਆ ਜਾ ਸਕਦਾ ਹੈ। ਚਮਤਕਾਰੀ ਗੁਣਾਂ ਵਾਲਾ ਇਹ ਪੌਦਾ ਪੇਟ ਸਾਫ਼ ਕਰਨ ਲਈ, ਜਲੇ-ਕਟੇ ’ਤੇ ਲਾਉਣ ਲਈ, ਸ਼ੂਗਰ, ਜੋੜਾਂ ਦੇ ਦਰਦ ਲਈ, ਚਿਹਰੇ ਦੀ ਨੁਹਾਰ ਵਿੱਚ ਚਮਕ ਲਿਆਉਣ ਵਾਲੀਆਂ ਐਲੋਵੇਰਾ ਯੁਕਤ ਕਰੀਮਾਂ, ਕਾਸਮੈਟਿਕ ਜਗਤ ਦੇ ਉਤਪਾਦਾਂ ਲਈ ਚੋਖੀ ਆਮਦਨ ਦਾ ਜ਼ਰੀਆ ਬਣ ਗਿਆ ਹੈ, ਇਸ ਲਈ ਇਸ ਖੇਤਰ ਵਿੱਚ ਐਲੋਵੇਰਾ ਦੀ ਕਾਫ਼ੀ ਮੰਗ ਹੈ। ਐਲੋਵੇਰਾ ਬੂਟੇ ਦੀ ਸਾਦਗੀ ਹੀ ਇਸ ਦੀ ਖ਼ਾਸੀਅਤ ਮੰਨੀ ਜਾਂਦੀ ਹੈ।

ਐਲੋਵੇਰਾ ਦਾ ਬੂਟਾ ਲਾਉਣ ਦੀਆਂ ਵੱਖ ਵੱਖ ਵਿਧੀਆਂ ਇਸ ਤਰ੍ਹਾਂ ਹਨ।

ਪੌਦੇ ਦੇ ਟੁਕੜੇ ਤੇ ਸਪਾਈਡਰ ਪਲਾਂਟ ਵਾਂਗੂ ਫੈਲੀਆਂ ਇਸ ਦੀਆਂ ਜੜ੍ਹਾਂ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਹ ਪੌਦਾ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਭਾਵੇਂ ਉਹ ਪਥਰਿਲੀ, ਰੇਤਲੀ, ਪਹਾੜੀ ਹੋਵੇ, ਵਿੱਚ ਉੱਗ ਪੈਂਦਾ ਹੈ। ਇਸ ਨੂੰ ਬਹੁਤ ਹੀ ਦੇਖ-ਰੇਖ ਦੀ ਲੋੜ ਨਹੀਂ। ਜੇ ਗਲਣਯੋਗ ਰਹਿੰਦ-ਖੂੰਹਦ ਤੋਂ ਇਲਾਵਾ ਗ਼ਮਲੇ ਜਾਂ ਜ਼ਮੀਨ ਵਿੱਚ ਘਾਹ ਉੱਗਿਆ ਹੋਵੇ ਤਾਂ ਵੀ ਇਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਗੋਂ ਘਾਹ ਕੁਤਰ ਕੇ ਵਿੱਚ ਦੱਬ ਦਿਓ ਤਾਂ ਇਹ ਪੌਦੇ ਲਈ ਨਾਈਟ੍ਰੋਜਨ ਦਾ ਕੰਮ ਕਰਦਾ ਹੈ। ਥੋੜ੍ਹੀ ਜਿਹੀ ਰੇਤਲੀ ਮਿੱਟੀ ਵਿੱਚ ਕੰਪੋਸਟ ਮਿਲੀ ਮਿੱਟੀ ਪਾ ਦਿਓ ਤਾਂ ਪੌਦਾ ਵਧੀਆ ਨਿਕਲਦਾ ਹੈ। ਇਹ ਪੌਦਾ ਤਰੇਲ ਅਤੇ ਬਰਫ਼ ਤੋਂ ਬਚਾਅ ਮੰਗਦਾ ਹੈ। ਪੌਦੇ ਦੀਆਂ ਪੱਤੀਆਂ ਵਿੱਚ ਕੋਈ ਲੱਕੜੀ ਨਹੀਂ ਹੁੰਦੀ ਸਗੋਂ ਇਹ ਗੁੱਦੇਦਾਰ ਹੁੰਦੀਆਂ ਹਨ। ਇਸ ਲਈ ਇਹ ਪੌਦਾ ਭਾਰੀ ਹੁੰਦਾ ਹੈ। ਗੁੱਦੇਦਾਰ ਪੱਤਿਆਂ ਕਰਕੇ ਇਸ ਵਿੱਚ ਨਮੀਂ ਬਣੀ ਰਹਿੰਦੀ ਹੈ ਤੇ ਇਸ ਨੂੰ ਜ਼ਿਆਦਾ ਸਿੰਜਾਈ ਦੀ ਵੀ ਲੋੜ ਨਹੀਂ ਪੈਂਦੀ। ਕਿਸੇ ਵੀ ਗ਼ਮਲੇ ਵਿੱਚ ਹੇਠਾਂ ਸੁਰਾਖ ਕਰਕੇ, ਜੇ ਗ਼ਮਲਾ ਪਲਾਸਟਿਕ ਦਾ ਹੈ ਤਾਂ ਦੋਵੇਂ ਪਾਸੇ ਮੋਰੀ ਕਰਕੇ, ਜੇ ਲੰਮੀ ਬੋਤਲ ਵਿੱਚ ਹੈ ਤਾਂ ਉਸ ਨੂੰ ਉੱਪਰੋਂ ਕੱਟ ਕੇ ਸਾਧਾਰਨ ਜਾਂ ਕੰਪੋਸਟ ਮਿਲੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਪਾਣੀ ਦੀ ਨਿਕਾਸੀ ਜ਼ਰੂਰੀ ਹੈ। ਜ਼ਿਆਦਾ ਪਾਣੀ ਨਾਲ ਇਸ ਪੌਦੇ ਦੀਆਂ ਜੜ੍ਹਾਂ ਦੇ ਗਲਣ ਦਾ ਖ਼ਦਸ਼ਾ ਹੁੰਦਾ ਹੈ। ਇੰਜ ਹੀ ਲਾਉਣ ਲੱਗਿਆਂ ਗ਼ਮਲੇ ਵਿੱਚ ਹੇਠਾਂ ਪਹਿਲੀ ਇੱਕ ਪਰਤ ਮਿੱਟੀ ਦੀ, ਉੱਪਰ ਕੇਲਿਆਂ ਦੇ ਛਿਲਕਿਆਂ ਨੂੰ ਕੁਤਰ ਕੇ ਉਸ ਦੀ ਇੱਕ ਪਰਤ, ਫਿਰ ਮਿੱਟੀ ਦੀ ਇੱਕ ਪਰਤ ਤੇ ਫਿਰ ਕੁਤਰੇ ਹੋਏ ਕੇਲਿਆਂ ਦੇ ਛਿਲਕਿਆਂ ਦੀ ਅਤੇ ਵਿਚਾਲੇ ਅੰਗੂਠੇ ਨਾਲ ਟੋਆ ਕਰਕੇ ਪੌਦੇ ਨੂੰ ਜੜ੍ਹ ਸਣੇ ਲਾ ਦਿਓ। ਪੌਦਾ ਲਾਉਣ ਤੋਂ ਪਹਿਲਾਂ ਜੜ੍ਹਾਂ ਦੀ ਛੰਗਾਈ ਕਰ ਲਓ ਤੇ ਮਿੱਟੀ ਪਾ ਕੇ ਦੱਬ ਦਿਓ। ਹੱਥ ਨਾਲ ਪਾਣੀ ਛਿੜਕ ਕੇ ਪਾਓ। ਇਹ ਚੇਤੇ ਰਹੇ ਪਾਣੀ ਰੋਜ਼ ਨਹੀਂ ਪਾਉਣਾ।

ਐਲੋਵਰਾ ਦੀ ਦੂਜੀ ਬਿਜਾਈ ਵਿਧੀ ਵਿੱਚ ਅਸੀਂ ਇਸ ਦੇ ਪੱਤੇ ਦਾ ਟੁਕੜਾ ਲੈਂਦੇ ਹਾਂ। ਇਸ ਨੂੰ ਮੂਲ ਪੌਦੇ ਦੀ ਜੜ੍ਹ ਉੱਪਰੋਂ ਇੰਜ ਕੱਟਦੇ ਹਾਂ ਕਿ ਤਿਰਛਾ ਟੱਕ ਲੱਗੇ ਤੇ ਸਫੇਦ ਹਿੱਸਾ ਨਜ਼ਰ ਆਵੇ, ਫਿਰ ਇਸ ਨੂੰ ਮਿੱਟੀ ਵਿੱਚ ਇੱਕ ਇੰਚ ਦੱਬ ਦਿੱਤਾ ਜਾਂਦਾ ਹੈ। ਉੱਪਰੋਂ ਦੀ ਮਿੱਟੀ ਨਾਲ ਭਰ ਦਿੱਤਾ ਜਾਂਦਾ ਹੈ। ਜੜ੍ਹਾਂ ਦੀ ਛੰਗਾਈ ਕਰਨ ਨਾਲ ਪੌਦੇ ਨੂੰ ਇੱਕ ਸਹੀ ਸੇਧ ਅਤੇ ਆਕਾਰ ਮਿਲ ਜਾਂਦਾ ਹੈ। ਇਸ ਨੂੰ ਕਿਤੇ ਵੀ ਲਗਾ ਸਕਦੇ ਹੋ ਬਸ ਧਿਆਨ ਰਹੇ ਜੇ ਲਾਉਣ ਤੋਂ ਬਾਅਦ ਛਾਂ ਵਿੱਚ ਰੱਖਿਆ ਹੋਵੇ ਤਾਂ ਛਾਂ ਵਿੱਚ ਹੀ ਰਹਿਣ ਦਿਓ। ਜੇ ਧੁੱਪ ਵਿੱਚ ਰੱਖਿਆ ਹੈ ਤਾਂ ਧੁੱਪ ਵਿੱਚ ਹੀ ਰਹਿਣ ਦਿਓ। ਹਰ ਇਨਸਾਨ ਵਾਗੂ ਪੌਦਿਆਂ ਦਾ ਵੀ ਸੁਭਾਅ ਹੁੰਦਾ ਹੈ। ਇਹ ਆਪਣੇ ਸੁਭਾਅ ਅਨੁਸਾਰ ਢਲ ਜਾਂਦਾ ਹੈ, ਇਸ ਨੂੰ ਨਖਰੇਲਾ ਨਾ ਬਣਾਓ। ਇਹ ਸਹਿਜ਼ ਸੁਭਾਅ ਦਾ ਪੌਦਾ ਹੈ। ਜੇ ਪੱਤੇ ਵਾਹਵਾ ਮੋਟੇ, ਸਾਫ਼, ਚਮਕੀਲੇ ਜਾਂ ਗੁੱਦੇਦਾਰ ਚਾਹੁੰਦੇ ਹੋ ਤਾਂ ਕਦੇ-ਕਦਾਈਂ ਗੁਡਾਈ ਕਰਕੇ ਘਾਹ ਵਿੱਚ ਹੀ ਦੱਬ ਦਿਓ। ਇਹ ਸ਼ੁੱਧ ਜੈਵਿਕ ਬੂਟਾ ਹੈ। ਧਿਆਨ ਰਹੇ ਕਿ ਰਸੋਈ ਦਾ ਕੂੜਾ ਇਸ ਵਿੱਚ ਨਾ ਪਾਇਆ ਜਾਵੇ। ਇਸ ਨਾਲ ਐਲੋਵੇਰਾ ਦੇ ਪੌਦੇ ਨੂੰ ਫੰਗਸ ਜਾਂ ਫੰਫੂਦੀ ਲੱਗ ਸਕਦੀ ਹੈ। ਇਸ ਦੇ ਪੱਤੇ ਹੇਠਾਂ ਤੋਂ ਗਲ ਕੇ ਸੜਨ ਲੱਗ ਜਾਂਦੇ ਹਨ। ਜੜ੍ਹ ਨੂੰ ਗੇਲੈਂਗ ਨਾਂ ਦਾ ਸੂਖਮ ਕੀੜਾ ਲੱਗ ਜਾਂਦਾ ਹੈ ਜਿਹੜਾ ਨੰਗੀ ਅੱਖ ਨੂੰ ਨਜ਼ਰ ਨਹੀਂ ਆਉਣਾ।

ਇਸ ਦੀ ਬਿਜਾਈ ਦੀ ਤੀਜੀ ਵਿਧੀ ਅਨੁਸਾਰ ਐਲੋਵੇਰਾ ਦੇ ਛੰਗਾਈ ਕੀਤੇ ਨਿੱਕੇ-ਨਿੱਕੇ ਜੜ੍ਹਾਂ ਵਾਲੇ ਬੂਟਿਆਂ ਨੂੰ ਇੱਕ ਗ਼ਮਲੇ ਵਿੱਚ ਵੱਡੇ ਸਾਰੇ ਆਲੂ ਨੂੰ ਵਿੱਚੋਂ ਖਾਲੀ ਕਰਕੇ (ਜਿਵੇਂ ਮਸਾਲਾ ਭਰਨ ਲਈ ਆਲੂ ਖਾਲੀ ਕੀਤਾ ਜਾਂਦਾ ਹੈ) ਉਸ ਵਿੱਚ ਰੱਖ ਦਿਓ। ਉੱਪਰੋਂ ਚਾਰੇ ਪਾਸੇ ਮਿੱਟੀ ਪਾ ਦਿਓ। ਆਲੂ ਨੂੰ ਵਿੱਚ ਹੀ ਦੱਬ ਦਿਓ। ਉੱਪਰ ਮਿੱਟੀ ਦੀਆਂ ਪਰਤਾਂ ਪਾ ਦਿਓ। ਲਾਉਣ ਤੋਂ ਬਾਅਦ ਬੂਟੇ ਤੇ ਹਲਕੇ ਪਾਣੀ ਦਾ ਛਿੜਕਾਅ ਕਰ ਦਿਓ। ਇਸ ਨਾਲ ਉੱਗਿਆ ਬੂਟਾ ਦਿਖ ਵਿੱਚ ਸੋਹਣਾ ਨਿਕਲਦਾ ਹੈ ਜਿਹੜਾ ਦੇਰ ਰਾਤ ਤਕ ਆਕਸੀਜਨ ਦੇ ਕੇ ਸਜਾਵਟੀ ਬੂਟੇ ਦਾ ਕੰਮ ਵੀ ਕਰਦਾ ਹੈ।

ਇਹ ਮਿੱਤਰ ਪੌਦਾ ਹੈ। ਇਸ ਨੂੰ ਸਬਜ਼ੀ ਅਤੇ ਆਚਾਰ ਦੇ ਰੂਪ ਵਿੱਚ ਕਿਤੇ-ਕਿਤੇ ਪਹਾੜੀ ਇਲਾਕਿਆਂ ਵਿੱਚ ਖਾਣ ਦਾ ਜ਼ਿਕਰ ਮਿਲਦਾ ਹੈ। ਪੇਟ ਦੀ ਸਫ਼ਾਈ, ਚਿਹਰੇ ਦੀ ਚਮਕ ਲਈ ਇਸ ਦੀ ਬਕਬਕੀ ਜੈੱਲ ਨੂੰ ਕਈ ਸੁਆਣੀਆਂ ਸਿੱਧੇ ਤੌਰ ’ਤੇ ਹੀ ਇਸ ਦੀ ਪੱਤੀ ਨੂੰ ਵਿਚਾਲਿਓਂ ਚੀਰਾ ਦੇ ਕੇ ਚਮਚ ਨਾਲ ਗੁੱਦਾ ਕੱਢ ਕੇ ਚਿਹਰੇ ’ਤੇ ਮਲ ਲੈਂਦੀਆਂ ਹਨ। ਕੁਝ ਚਿਰ ਮਗਰੋਂ ਧੋਣ ’ਤੇ ਚਿਹਰੇ ਤੇ ਬਾਹਵਾਂ ਦੀ ਚਮੜੀ ਨਰਮ ਤੇ ਮੁਲਾਇਮ ਹੋ ਜਾਂਦੀ ਹੈ। ਇਸ ਦੀ ਜੈੱਲ ਦੀ ਆਈਸਕਰੀਮ ਰੋਲ ਵਜੋਂ ਵਰਤੋਂ ਸੁਆਦ ਦੇ ਨਾਲ-ਨਾਲ ਵਾਹਵਾ ਕਮਾਈ ਵੀ ਦਿੰਦੀ ਹੈ। ਇਹ ਪੌਦਾ ਆਪਣੇ ਗੁਣਾਂ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਕਰਕੇ ਵੱਡੇ-ਵੱਡੇ ਪਾਰਕਾਂ ਤੇ ਸੈਰਗਾਹਾਂ ’ਤੇ ਐਲੋਵੇਰਾ ਦੇ ਜੂਸਬਾਰ ਬਣ ਗਏ ਹਨ। ਇਸ ਪੌਦੇ ਨੂੰ ਚਾਰ ਸਾਲ ਪਿੱਛੋਂ ਹਲਕੇ ਸੰਤਰੀ ਰੰਗ ਦੇ ਫੁੱਲ ਵੀ ਲਗਦੇ ਹਨ।

ਸੰਪਰਕ: 94638-44944

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjabi Tribune