ਫ਼ਸਲੀ ਵਿਭਿੰਨਤਾ ਮੁਹਿੰਮ ਨੂੰ ਝਟਕਾ-ਬਾਸਮਤੀ ਤੇ ਮੱਕੀ ਦੀ ਬਿਜਾਈ ਤੋਂ ਕਿਸਾਨਾਂ ਨੇ ਹੱਥ ਪਿੱਛੇ ਖਿੱਚੇ

August 01 2017

By: Ajit date: 1 August 2017

ਜਲੰਧਰ, 1 ਅਗਸਤ-ਸੂਬੇ 'ਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਬਾਹਰ ਕੱਢਣ ਲਈ ਚਲਾਈ ਗਈ ਮੁਹਿੰਮ ਨੂੰ ਇਸ ਵਾਰ ਵੱਡਾ ਝਟਕਾ ਲੱਗਾ ਹੈ ਅਤੇ ਕਿਸਾਨਾਂ ਨੇ ਮੱਕੀ ਦੇ ਨਾਲ-ਨਾਲ ਬਾਸਮਤੀ ਦੀ ਲਵਾਈ ਤੋਂ ਵੀ ਹੱਥ ਪਿੱਛੇ ਖਿੱਚ ਲਏ ਹਨ, ਜਿਸ ਤਰ੍ਹਾਂ ਕਿਸਾਨਾਂ ਨੇ ਬਾਸਮਤੀ ਲਾਉਣ ਤੋਂ ਪਾਸਾ ਵੱਟ ਲਿਆ ਹੈ, ਉਸ ਨਾਲ ਪਿਛਲੇ ਸਾਲ ਦੇ ਇਕ ਲੱਖ ਹੈੱਕਟੇਅਰ ਦੇ ਟੀਚੇ ਤੱਕ ਅੱਪੜ ਸਕਣਾ ਵੀ ਮੁਸ਼ਕਿਲ ਲੱਗ ਰਿਹਾ ਹੈ | ਦੱਸਣਯੋਗ ਹੈ ਕਿ ਮਹਿਕਮੇ ਵੱਲੋਂ ਪਿਛਲੇ ਸਾਲ ਦੇ ਬਰਾਬਰ ਹੀ ਇਸ ਵਾਰ ਵੀ ਇਕ ਲੱਖ ਹੈੱਕਟੇਅਰ ਰਕਬੇ ਵਿਚ ਬਾਸਮਤੀ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ, ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਇਸ ਵਾਰ ਬਾਸਮਤੀ ਹੇਠ ਰਕਬਾ ਵਧਾਇਆ ਜਾਂਦਾ ਪਰ ਅਜਿਹਾ ਨਹੀਂ ਹੋ ਸਕਿਆ ਤੇ ਕਿਸਾਨਾਂ ਨੇ ਆਮ ਦੀ ਤਰ੍ਹਾਂ ਇਸ ਵਾਰ ਵੀ ਬਾਸਮਤੀ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਾ ਦਿਖਾਉਂਦੇ ਹੋਏ ਝੋਨਾ ਲਾਉਣ ਨੂੰ ਹੀ ਪਹਿਲ ਦਿੱਤੀ ਹੈ | ਮੱਕੀ ਤੋਂ ਤਾਂ ਇਕ ਤਰ੍ਹਾਂ ਨਾਲ ਕਿਸਾਨਾਂ ਨੇ ਪੂਰੀ ਤਰ੍ਹਾਂ ਮੂੰਹ ਫੇਰ ਲਿਆ ਹੈ ਅਤੇ ਇਸ ਵਾਰ 1.26 ਲੱਖ ਹੈੱਕਟੇਅਰ ਰਕਬੇ 'ਚ ਹੀ ਮੱਕੀ ਦੀ ਬਿਜਾਈ ਕੀਤੇ ਜਾਣ ਦੀ ਸੰਭਾਵਨਾ ਹੈ, ਜਦਕਿ ਵਿਭਾਗ ਵਲੋਂ ਕੁੱਲ 1.65 ਲੱਖ ਹੈੱਕਟੇਅਰ ਦਾ ਟੀਚਾ ਮਿੱਥਿਆ ਗਿਆ ਸੀ | ਪਿਛਲੇ ਵਰ੍ਹੇ ਕਿਸਾਨਾਂ ਵਲੋਂ 1.95 ਲੱਖ ਹੈੱਕਟੇਅਰ ਵਿਚ ਮੱਕੀ ਦੀ ਬਿਜਾਈ ਕੀਤੀ ਗਈ ਸੀ, ਜਦਕਿ ਇਸ ਵਾਰ ਮੱਕੀ ਹੇਠ ਰਕਬਾ ਕਾਫੀ ਘਟਣ ਦੀ ਸੰਭਾਵਨਾ ਹੈ | ਇਸ ਵਾਰ ਕਿਸਾਨਾਂ 'ਚ ਮੱਕੀ ਬੀਜਣ ਦਾ ਰੁਝਾਣ ਕਾਫੀ ਘਟਿਆ ਹੈ ਅਤੇ ਮੱਕੀ ਪ੍ਰਤੀ ਕਿਸਾਨਾਂ ਦੇ ਮੱਠੇ ਉਤਸ਼ਾਹ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਸ ਵਾਰ ਮਹਿਕਮੇ ਵੱਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤਾ ਜਾਣ ਵਾਲਾ ਮੱਕੀ ਦਾ ਬੀਜ ਹੀ ਖੇਤੀਬਾੜੀ ਵਿਭਾਗ ਦੇ ਕਈ ਦਫ਼ਤਰਾਂ 'ਚ ਹੀ ਪਿਆ ਹੋਇਆ ਹੈ, ਹਾਲਾਂਕ ਮੱਕੀ ਦਾ ਬੀਜ ਮਹਿਕਮੇ ਵੱਲੋਂ ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ ਪਰ ਸਬਸਿਡੀ ਲਈ ਕਿਸਾਨ ਨੂੰ ਕਈ ਝਮੇਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਾ ਕੇ ਕਿਤੇ ਇਹ ਸਬਸਿਡੀ ਉਸ ਦੇ ਖਾਤੇ 'ਚ ਜਮ੍ਹਾਂ ਹੁੰਦੀ ਹੈ, ਜਦਕਿ ਅੱਜ ਤੋਂ ਦੋ ਸਾਲ ਪਹਿਲਾਂ ਕਿਸਾਨ ਨੂੰ ਸਿੱਧਾ ਹੀ ਸਸਤੇ ਭਾਅ 'ਤ ਬੀਜ ਮਿਲ ਜਾਂਦਾ ਸੀ ਪਰ ਹੁਣ ਉਸ ਨੂੰ ਪਹਿਲਾਂ ਪੂਰੀ ਕੀਮਤ 'ਤੇ ਬੀਜ ਲੈਣਾ ਪੈਂਦਾ ਹੈ ਅਤੇ ਫਿਰ ਸਬਸਿਡੀ ਲੈਣ ਲਈ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਜਿਸ ਕਾਰਨ ਕਿਸਾਨ ਅਜਿਹੇ ਝਮੇਲਿਆਂ 'ਚ ਫਸਣ ਨਾਲੋਂ ਝੋਨਾ ਲਾਉਣ ਨੂੰ ਹੀ ਪਹਿਲ ਦਿੰਦਾ ਹੈ|

ਇੱਥੇ ਹੀ ਬੱਸ ਨਹੀਂ ਵੱਡੀ ਗਿਣਤੀ ਕਿਸਾਨਾਂ ਵੱਲੋਂ ਮੱਕੀ ਤੇ ਬਾਸਮਤੀ ਦੀ ਬਿਜਾਈ ਤੋਂ ਕਿਨਾਰਾ ਕਰਨ ਦਾ ਸਭ ਤੋਂ ਵੱਡਾ ਕਾਰਨ ਜਿੱਥੇ ਇਨ੍ਹਾਂ ਫ਼ਸਲਾਂ ਦਾ ਭਾਅ ਨਿਸ਼ਚਿਤਾ ਨਾ ਹੋਣਾ ਦੱਸਿਆ ਜਾ ਰਿਹਾ ਹੈ, ਉੱਥੇ ਇਸ ਵਾਰ ਮੌਸਮ ਵਿਭਾਗ ਵਲੋਂ ਮੌਨਸੂਨ ਵਧੀਆ ਰਹਿਣ ਸਬੰਧੀ ਕੀਤੀ ਗਈ ਭਵਿੱਖਬਾਣੀ ਵੀ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ | ਮੌਨਸੂਨ ਵਧੀਆ ਰਹਿਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਨੇ ਮੱਕੀ ਦੀ ਬਜਾਏ ਝੋਨਾ ਲਾਉਣਾ ਹੀ ਬਿਹਤਰ ਸਮਝਿਆ ਹੈ | ਕਿਸਾਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ. ਗੁਰਦੇਵ ਸਿੰਘ ਲਾਲੀ ਨੇ ਕਿਹਾ ਕਿ ਮਹਿਕਮੇ ਵੱਲੋਂ ਬਾਸਮਤੀ ਦੀ ਲਵਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਤਾਂ ਕੀਤਾ ਜਾਂਦਾ ਹੈ ਪਰ ਇਸ ਦਾ ਭਾਅ ਨਿਸ਼ਚਿਤ ਨਾ ਹੋਣ ਕਾਰਨ ਕਿਸਾਨ ਬਾਸਮਤੀ ਪ੍ਰਤੀ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।