ਪੰਜਾਬੀ ਕਿਸਾਨ ਨੇ ਕੈਨੇਡਾ 'ਚ ਰਚਿਆ ਇਤਿਹਾਸ

November 13 2018

ਟੋਰਾਂਟੋ: ਕੈਨੇਡਾ ਦੇ ਸਭ ਤੋਂ ਵੱਡੇ ਕ੍ਰੇਨਬੇਰੀ ਉਤਪਾਦਕ ਸਿੱਖ ਕਿਸਾਨ ਨੇ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। ਘੱਟ ਗਿਣਤੀ ਨਾਲ ਸਬੰਧਤ ਤਬਕੇ ਦੀ ਨੁਮਾਇੰਦਗੀ ਕਰਨ ਵਾਲੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਪੀਟਰ ਢਿੱਲੋਂ ਪਹਿਲੇ ਸ਼ਖ਼ਸ ਹਨ, ਜਿਨ੍ਹਾਂ ਖੇਤੀਬਾੜੀ ਤੇ ਐਗਰੋ-ਫੂਡ ਕਾਰੋਬਾਰ ਕਰਨ ਵਾਲੇ ਦਿੱਗਜ ਕੈਨੇਡੀਅਨਾਂ ਦੀ ਕੰਪਨੀ ਵਿੱਚ ਆਪਣਾ ਸਥਾਨ ਕਾਇਮ ਕੀਤਾ ਹੈ।

ਪੀਟਰ ਢਿੱਲੋਂ ਦਾ ਪੂਰਾ ਨਾਂ ਪੀਟਰ ਪੋਵੀਟਰ ਢਿੱਲੋਂ ਹੈ। ਉਹ ਰਿਚਮੰਡ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਰਿਚਬੈਰੀ ਗਰੁੱਪ ਆਫ਼ ਕੰਪਨੀਜ਼ ਦੇ ਨਾਂ ਹੇਠ ਕ੍ਰੇਨਬੇਰੀ ਫਰਮਿੰਗ ਦਾ ਕੰਮ ਚਲਾਉਂਦੇ ਹਨ। ਪੀਟਰ ਢਿੱਲੋਂ ਓਸ਼ੀਅਨ ਸਪਰੇਅ ਦੇ ਮੌਜੂਦਾ ਚੇਅਰਮੈਨ ਵੀ ਹਨ। ਓਸ਼ੀਅਨ ਸਪਰੇਅ ਅਮਰੀਕਾ ਤੇ ਕੈਨੇਡਾ ਵਿੱਚ ਕ੍ਰੇਨਬੇਰੀ ਕਿਸਾਨਾਂ ਦਾ ਮਾਰਕੀਟਿੰਗ ਕੋਆਪਰੇਟਿਵ ਹੈ ਜੋ 90 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਉਤਪਾਦ ਵੇਚਦਾ ਹੈ। ਇਸ ਦੀ ਸਾਲਾਨਾ ਵਿਕਰੀ 2.5 ਬਿਲੀਅਨ ਡਾਲਰ ਤੋਂ ਵੀ ਵੱਧ ਹੈ।

ਟੋਰਾਂਟੋ ਵਿੱਚ ਸਾਲਾਨਾ ਕੈਨੇਡੀਅਨ ਐਗਰੀਕਲਚਰ ਹਾਲ ਆਫ ਫੇਮ ਇਨਡਕਸ਼ਨ ਸੈਰੇਮਨੀ ਵਿੱਚ ਆਪਣੀ ਤਸਵੀਰ ਦਾ ਲੋਕ ਅਰਪਣ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਉਹ ਮਹਾਨ ਕੈਨੇਡੀਅਨਾਂ ਦੀ ਕੰਪਨੀ ਵਿੱਚ ਸ਼ਾਮਲ ਹੋਣ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਸਨਮਾਨ ਹੈ।

ਉਨ੍ਹਾਂ ਦੇ ਪਿਤਾ ਰਛਪਾਲ ਸਿੰਘ ਢਿੱਲੋਂ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਤੋਂ 1950 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਨੂੰ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਇੰਡੋ-ਕੈਨੇਡੀਅਨ ਹੋਣ ਦਾ ਮਾਣ ਹਾਸਲ ਹੈ। 1981-82 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਕ੍ਰੇਨਬੈਰੀ ਦੀ ਖੇਤੀ ਸ਼ੁਰੂ ਕੀਤੀ ਸੀ। ਮੌਜੂਦਾ ਉਹ 2,500 ਏਕੜ ਵਿੱਚ ਖੇਤੀ ਕਰ ਰਹੇ ਹਨ। ਪਿਛਲੇ ਸਾਲ ਰਿਚਬੈਰੀ ਗਰੁੱਪ ਨੇ 20 ਮਿਲੀਅਨ ਪੌਂਡ ਕਰੈਨਬੈਰੀ ਦਾ ਉਤਪਾਦਨ ਕੀਤਾ।

ਕੈਨੇਡੀਅਨ ਐਗਰੀਕਲਚਰ ਹਾਲ ਆਫ ਫੇਮ ਐਸੋਸੀਏਸ਼ਨ (ਸੀ.ਏ.ਐਚ.ਐਫ.ਏ) ਐਗਰੀਕਲਚਰ ਤੇ ਫੂਡ ਇੰਡਸਟਰੀ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਚੋਣਵੇਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ। ਇਹ ਐਸੋਸੀਏਸ਼ਨ 1960 ‘ਚ ਸਥਾਪਤ ਕੀਤੀ ਗਈ ਅਤੇ ਇਸ ਨੂੰ ਪੂਰੇ ਕੈਨੇਡਾ ‘ਚ 12 ਪ੍ਰਸ਼ਾਸਕੀ ਵਲੰਟੀਅਰ ਬੋਰਡ ਆਫ ਡਾਇਰੈਕਟਰਾਂ ਵੱਲੋਂ ਚਲਾਇਆ ਜਾ ਰਿਹਾ ਹੈ।

Source: ABP Sanjha