ਪੰਜਾਬ ਵਿਚ ਗੰਭੀਰ ਹੁੰਦਾ ਜਾ ਰਿਹੈ ਜਲ ਸੰਕਟ

July 24 2017

By: Ajit Date: 24 july 2017

ਝੋਨੇ ਦੇ ਪ੍ਰਤੀ ਕਿੱਲੋ ਉਤਪਾਦਨ 'ਤੇ 4000 ਲੀਟਰ ਤੇ ਸਿਆਲੂ ਮੱਕੀ ਦੇ ਪ੍ਰਤੀ ਕਿੱਲੋ ਉਤਪਾਦਨ 'ਤੇ 5500 ਲੀਟਰ ਪਾਣੀ ਦੀ ਹੋ ਰਹੀ ਹੈ ਖਪਤ * ਸਿੰਚਾਈ ਲਈ 15 ਲੱਖ, ਘਰਾਂ, ਸਨਅਤਾਂ ਅਤੇ ਹੋਰ ਕੰਮਾਂ ਲਈ 25 ਲੱਖ ਟਿਊਬਵੈੱਲ ਖਿੱਚ ਰਹੇ ਹਨ ਧਰਤੀ ਹੇਠੋਂ ਪਾਣੀ * ਘਟਦੀ ਜਾ ਰਹੀ ਹੈ ਬਾਰਿਸ਼।

ਜਲ, ਸਮਾਜ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਇਹ ਬਿਲਕੁਲ ਕੁਦਰਤੀ ਨਿਆਮਤ ਹੈ ਜੋ ਬਣਾਇਆ ਨਹੀਂ ਜਾ ਸਕਦਾ, ਬਚਾਇਆ ਜਾ ਸਕਦਾ ਹੈ, ਮੁੜ-ਭਰਪਾਈ (ਰੀ-ਚਾਰਜ) ਕੀਤਾ ਜਾ ਸਕਦਾ ਹੈ, ਸ਼ੁੱਧ ਰੱਖਿਆ ਜਾ ਸਕਦਾ ਹੈ ਅਤੇ ਇਸ ਦੀ ਸੰਜਮੀ ਤੇ ਵਿਗਿਆਨਕ ਵਰਤੋਂ ਕੀਤੀ ਜਾ ਸਕਦੀ ਹੈ। ਪਾਣੀ, ਇਕ ਚੱਕਰ ਦੇ ਰੂਪ 'ਚ ਸਾਨੂੰ ਪ੍ਰਾਪਤ ਹੁੰਦਾ ਹੈ, ਇਸ ਚੱਕਰ ਨੂੰ ਜਾਰੀ/ਘੁੰਮਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਤਾਂ ਹੀ ਬਰਕਰਾਰ ਰਹਿ ਸਕਦਾ ਹੈ ਜੇ ਵਾਤਾਵਰਨ ਸਾਵਾਂ ਰਹੇ ਅਤੇ ਕੁਦਰਤੀ ਸੋਮੇ ਵੀ ਕਾਇਮ ਰਹਿਣ। ਚੱਕਰ ਤੋਂ ਭਾਵ ਮੌਨਸੂਨ ਜਾਂ ਵਰਖਾ ਹੈ। ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਦੂਸਰੇ ਸਾਰੇ ਭਾਵ ਬਰਫ਼, ਨਦੀਆਂ, ਚਸ਼ਮੇ, ਝੀਲਾਂ, ਜਲ-ਕੁੰਡ, ਸਮੁੰਦਰ, ਜ਼ਮੀਨ ਦੋਜ਼ ਪਾਣੀ ਅਤੇ ਹਵਾ-ਨਮੀ ਆਦਿ ਦੂਸਰੇ ਦਰਜੇ ਦੇ ਸੋਮੇ ਹਨ। ਜੇ ਵਰਖਾ ਹੈ ਤਦ ਹੀ ਇਨ੍ਹਾਂ ਦੀ ਹੋਂਦ ਹੈ। ਨਦੀਆਂ-ਦਰਿਆ ਦੇ ਉਗਮਣ ਸਥਾਨ ਜਾਂ ਤਾਂ ਗਲੇਸ਼ੀਅਰ (ਬਰਫ਼) ਹਨ ਜਾਂ ਫਿਰ ਜੰਗਲ। ਜੰਗਲਾਂ ਲਈ ਲੋੜੀਂਦਾ ਸੋਮਾ ਮਿੱਟੀ ਅਤੇ ਪਾਣੀ ਹੈ ਅਤੇ ਬਰਫ਼ ਤੇ ਨਮੀ, ਮੋੜਵਂੇ ਰੂਪ 'ਚ ਇਹ ਸਾਨੂੰ ਵਗਦਾ ਪਾਣੀ ਦਿੰਦੇ ਹਨ। ਜਿੱੱਥੇ ਜ਼ਮੀਨ ਦੋਜ਼ ਜਲ-ਤੱਗੀ ਨੂੰ ਵਰਖਾ ਹੀ ਜਰਖੇਜ਼ ਕਰਦੀ ਹੈ, ਉੱਥੇ ਬਨਸਪਤੀ ਖ਼ਾਸ ਕਰਕੇ ਜੰਗਲ ਵੀ ਧਰਤੀ ਹੇਠਲੇ ਜਲ-ਸੋਮੇ ਦੀ ਭਰਪਾਈ ਕਰਦੇ ਹਨ।

ਵਰਖਾ ਇਕ ਕੁਦਰਤੀ ਵਰਤਾਰੇ ਤਹਿਤ ਸਾਨੂੰ ਪ੍ਰਾਪਤ ਹੁੰਦੀ ਹੈ। ਮਨੁੱਖੀ ਆਪ-ਹੁਦਰੀਆਂ ਕਾਰਨ ਹੁਣ ਇਹ ਸਾਵੀਂ ਨਹੀਂ ਰਹੀ, ਸਗੋਂ ਕਿਤੇ ਬਹੁਤ ਘੱਟ ਅਤੇ ਕਿਤੇ ਬਹੁਤ ਵਿਰਾਟ ਬਣ ਗਈ ਹੈ। ਮੌਨਸੂਨ ਜਾਂ ਸਾਵੀਂ ਵਰਖਾ ਲਈ ਕਈ ਕਾਰਕ ਲੋੜੀਂਦੇ ਹਨ, ਜਿਨ੍ਹਾਂ ਵਿਚ ਜੰਗਲ, ਜਲ-ਕੁੰਡ, ਨਮ ਧਰਤੀ, ਜੈਵ-ਵਿਭਿੰਨਤਾ ਆਦਿ ਮੁੱਖ ਹਨ ਪਰ ਜੰਗਲ ਪ੍ਰਮੁੱਖ ਹੈ। ਵਰਖਾ ਦਾ ਜੰਗਲਾਂ ਨਾਲ ਚੋਲੀ-ਦਾਮਨ ਵਾਲਾ ਰਿਸ਼ਤਾ ਹੈ। ਦੱਖਣ ਭਾਰਤ ਦੀਆਂ ਬਹੁਤੀਆਂ ਨਦੀਆਂ ਦੇ ਉਗਮਣ ਸਥਾਨ ਘਣੇ ਜੰਗਲ ਹੀ ਹਨ। ਜੰਗਲ ਜਲ ਨੂੰ ਸਾਡੇ ਪੀਣ, ਵਰਤਣ ਅਤੇ ਸਿੰਚਾਈ ਲਈ ਇਕ ਰਾਖਵੇਂ ਭੰਡਾਰ ਵਾਂਗ ਆਪਣੀਆਂ ਜੜ੍ਹਾਂ ਰਾਹੀਂ ਸੰਭਾਲ ਲੈਂਦੇ ਹਨ। ਔੜ ਅਤੇ ਹੜ੍ਹ ਦੋਵਾਂ ਸਥਿਤੀਆਂ ਵਿਚ ਇਹ ਸਾਡੇ ਲਈ ਵਰਦਾਨ ਹਨ। ਮਾਰੂਥਲਾਂ ਦੀ ਨਿੱਕੀ ਤੋਂ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਫ਼ਿਜ਼ਾ ਨੂੰ ਸਿੱਲ੍ਹਾ ਕਰਨ 'ਚ ਸਿਫ਼ਤੀ ਰੋਲ ਨਿਭਾਉਂਦੀ ਹੈ। ਇਕ ਵਰਗ ਕਿਲੋਮੀਟਰ ਘਣਾ ਜੰਗਲ ਕਰੀਬ-ਕਰੀਬ 50 ਲੱਖ ਲੀਟਰ ਪਾਣੀ ਧਰਤੀ ਵਿਚ ਭੇਜ ਦਿੰਦਾ ਹੈ। ਅਸੀਂ ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਮਧੋਲ ਕੇ ਰੱਖ ਦਿੱਤਾ ਹੈ, ਸਿੱਟਾ; ਰੁੱਤਾਂ ਅਤੇ ਵਰਖਾ ਗੜਬੜਾ ਗਈ, ਪਾਣੀ ਪਤਾਲੀਂ ਜਾ ਵੜਿਆ, ਭੌਂ-ਖੋਰ ਅਤੇ ਜ਼ਮੀਨੀ ਖਿਸਕਾਅ ਵਧ ਕੇ ਜਲ ਕੁੰਡ ਗਾਰ ਨਾਲ ਭਰ ਰਹੇ ਹਨ ਤੇ ਨਦੀਆਂ ਦੇ ਸਹਿਜ ਵਹਿਣ ਭਟਕ ਗਏ ਹਨ। ਤਾਪਮਾਨ ਲਗਾਤਾਰ ਵਧਣ ਕਾਰਨ ਗਲੇਸ਼ੀਅਰ ਤੇ ਨਦੀਆਂ, ਚਸ਼ਮੇ ਸਭ ਸੁੱਕ ਰਹੇ ਹਨ। ਜੇ ਜੰਗਲ ਅਤੇ ਰਿਵਾਇਤੀ ਦਰੱਖਤ ਆ ਜਾਣ ਤਾਂ ਨਮ ਧਰਤੀ, ਜੈਵ ਵਿਭਿੰਨਤਾ ਅਤੇ ਜਲ-ਕੁੰਡ ਵੀ ਮੁੜ ਆਉਣਗੇ। ਮੋੜਵੇਂ ਰੂਪ 'ਚ ਸਾਵੀਂ ਵਰਖਾ ਵੀ।

ਸੰਸਾਰ ਦੀ ਸਾਲਾਨਾ ਔਸਤ ਵਰਖਾ 800 ਮਿ.ਮੀ. ਹੈ ਅਤੇ ਭਾਰਤ ਦੀ 1200 ਮਿ.ਮੀ. ਜਦ ਕਿ ਇਜ਼ਰਾਈਲ ਦੀ ਸਿਰਫ 100 ਮਿ.ਮੀ.। ਅਸੀਂ ਜਲ ਸੰਕਟ ਦਾ ਸ਼ਿਕਾਰ ਹਾਂ ਜਦ ਕਿ ਇਜ਼ਰਾਈਲ ਨੇ ਆਪਣਾ ਵਰਖਾ ਦਾ ਪਾਣੀ ਸੰਭਾਲ ਕੇ ਜਲ-ਸੰਕਟ ਤੋਂ ਸਦੀਵੀ ਛੁਟਕਾਰਾ ਪਾ ਲਿਆ ਹੈ। ਜੇ ਵਰਖਾ ਸਾਵੀਂ ਰਹੇ ਤਾਂ ਸਾਡੇ ਇੱਥੇ 4000 ਅਰਬ ਘਣ ਮੀਟਰ ਸਾਲਾਨਾ ਮੀਂਹ ਪੈਂਦਾ ਹੈ ਪਰ ਅਸੀਂ ਇਸ ਨੂੰ ਰੋਕ-ਖੜ੍ਹਾ ਕੇ, ਸਾਂਭ-ਵਰਤ ਅਤੇ ਗਰਕਾ ਨਹੀਂ ਰਹੇ ਸਗੋਂ ਹੜ੍ਹ ਨੁਚੜਨ ਦਿੰਦੇ ਹਾਂ। ਸਿੱਟੇ ਵਜੋਂ ਖ਼ੁਦ ਹੜ੍ਹ ਜਾਂ ਸੁੱਕ ਰਹੇ ਹਾਂ। ਦੋ ਦਹਾਕੇ ਪਹਿਲਾਂ ਭਾਰਤ ਦੀ ਮੌਜੂਦਾ ਜਲ ਖਪਤ 650 ਅਰਬ ਘਣ ਮੀਟਰ ਸੀ, ਡੈਮਾਂ/ਬੰਧਾਂ ਤੋਂ ਅਸੀਂ 160 , ਨਦੀਆਂ ਝੀਲਾਂ ਤੋਂ 100 ਪਰ ਜ਼ਮੀਨ ਦੋਜ਼ ਪਾਣੀ ਅਸੀਂ 290 ਅਰਬ ਘਣ ਮੀਟਰ ਵਰਤਦੇ ਹਾਂ, ਸਿੱਟੇ ਵਜੋਂ 100 ਅਰਬ ਘਣ ਮੀਟਰ ਦਾ ਘਾਟਾ ਚਲ ਰਿਹਾ ਸੀ। ਜੋ ਨਿੱਤ ਪ੍ਰਤੀਦਿਨ ਵਧ ਰਿਹਾ ਹੈ। ਜੇ ਜਲ ਖਪਤ ਦੀ ਦਰ ਇਹੋ ਰਹੀ ਤਾਂ ਭਾਰਤ ਦੀ 2050 ਤੱਕ ਜਲ ਖਪਤ 1650 ਅਰਬ ਘਣ ਮੀਟਰ ਹੋ ਜਾਵੇਗੀ। ਇੰਜ ਕਰੀਬ 1000 ਅਰਬ ਘਣ ਮੀਟਰ ਦੀ ਹੋਰ ਲੋੜ ਪਵੇਗੀ, ਕਿੱਥੋਂ ਆਵੇਗਾ ਇਹ ਪਾਣੀ? ਸਿਰਫ ਵਰਖਾ ਦਾ ਜਲ ਹੀ ਇਸ ਦਾ ਇਕੋ ਇਕ ਤੋੜ ਹੈ। ਕਿਉਂਕਿ ਨਦੀਆਂ-ਝੀਲਾਂ 'ਚ ਪਹਿਲਾਂ ਹੀ 23 ਫ਼ੀਸਦੀ ਪਾਣੀ ਰਹਿ ਗਿਆ ਹੈ ਅਤੇ ਜ਼ਮੀਨ ਹੇਠਾਂ? ਦੱਸ ਦਿੱਤਾ ਤਾਂ ਸੁੰਨ ਹੋ ਕੇ ਰਹਿ ਜਾਵੋਗੇ।

ਜੇੇ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਾਂ ਵੀ 70 ਫ਼ੀਸਦੀ ਰੀਚਾਰਜਿੰਗ ਦੀ ਲੋੜ ਪੈਂਦੀ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਅਤੇ 70 ਫ਼ੀਸਦੀ ਦੀ ਵਰਤੋਂ ਦਾ ਮਤਲਬ ਭਿਆਨਕ ਹਾਲਤ। ਪਰ ਪੰਜਾਬ ਵਰਗੇ ਘਣੀ ਖੇਤੀ ਅਤੇ ਝੋਨਾ, ਅਗੇਤੀ (ਸਿਆਲੂ) ਮੱਕੀ, ਹਾਈਬ੍ਰਿਡ ਬੀਜ ਵਰਤਣ ਵਾਲੇ ਖਿੱਤੇ 146 ਫ਼ੀਸਦੀ ਜ਼ਮੀਨ ਦੋਜ਼ ਪਾਣੀ ਦੀ ਵਰਤੋਂ ਕਰ ਰਹੇ ਹਨ। ਇੰਜ ਸਿਰਫ ਜਲ-ਸੰਕਟ ਹੀ ਨਹੀਂ ਉਪਜੇਗਾ ਸਗੋਂ ਹੇਠਾਂ ਜ਼ਮੀਨ ਖੋਖਲੀ ਹੋ ਜਾਣ ਨਾਲ ਜ਼ਮੀਨ ਧਸਣ ਤੇ ਭੁਚਾਲਾਂ ਦੇ ਖ਼ਤਰੇ ਵੀ ਵਧਣਗੇ। ਦੋਸ਼ ਪੂਰਕ ਸਿੰਚਾਈ ਪ੍ਰਬੰਧ ਜ਼ਮੀਨ ਦੋਜ਼ ਪਾਣੀ ਘਟਾਉਣ ਦਾ ਇਕ ਹੋਰ ਕਾਰਨ ਹਨ। ਖੁੱਲ੍ਹਾ ਪਾਣੀ (ਕੱਚੀਆਂ ਖਾਲਾਂ/ਫਲੱਡ ਇਰੀਗੇਸ਼ਨ) ਲਾਉਣ ਨਾਲ ਖੇਤ 'ਚ ਸਿਰਫ਼ 40 ਫ਼ੀਸਦੀ ਪਾਣੀ ਪਹੁੰਚਦਾ ਹੈ, ਇਸ ਵਿਚੋਂ ਵੀ 15 ਫ਼ੀਸਦੀ ਜੀਰ ਜਾਂਦਾ ਹੈ, 20 ਫ਼ੀਸਦੀ ਵਾਸ਼ਪੀਕਰਨ (ਉੱਡਣਾ) ਹੋ ਜਾਂਦਾ ਹੈ, ਪੌਦੇ ਨੂੰ ਤਾਂ ਸਿਰਫ਼ 5 ਫ਼ੀਸਦੀ ਹੀ ਪਹੁੰਚਦਾ ਹੈ। ਸਾਨੂੰ ਆਧੁਨਿਕ ਅਤੇ ਵਿਗਿਆਨਕ ਸਿੰਚਾਈ ਪ੍ਰਣਾਲੀਆਂ ਵੱਲ ਧਿਆਨ ਦੇਣਾ ਪਵੇਗਾ ਜੋ 40 ਫ਼ੀਸਦੀ ਤੋਂ 80 ਫ਼ੀਸਦੀ ਤੱਕ ਸਿੰਚਾਈ ਪਾਣੀ ਦੀ ਬੱਚਤ ਕਰਦੀਆਂ ਹਨ।

ਪੰਜਾਬ ਵਿਚ 15 ਲੱਖ ਟਿਊਬਵੈੱਲ ਅਤੇ ਘਰੇਲੂ ਤੇ ਕਾਰਖਾਨੀ ਖੱਪਤ ਲਈ ਕਰੀਬ 25 ਲੱਖ ਹੋਰ ਛੋਟੇ-ਵੱਡੇ ਬੋਰ ਕਾਰਜਸ਼ੀਲ ਹਨ, ਜੋ ਧੜਾ-ਧੜ ਧਰਤੀ ਹੇਠੋਂ ਪਾਣੀ ਖਿੱਚ ਕੇ ਸਾਡੇ ਵਾਰਿਸਾਂ ਤੋਂ ਪਾਣੀ ਦਾ ਘੁੱਟ ਖੋਹ ਰਹੇ ਹਨ। ਧਰਤੀ ਹੇਠਲਾ ਪਾਣੀ ਕੁਦਰਤਨ ਸਭ ਦਾ ਸਾਂਝਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਦੀ ਅੰਨ੍ਹੇ-ਵਾਹ ਵਰਤੋਂ ਕਰੇ। ਸ਼ਾਇਦ ਅਸੀਂ ਨਹੀਂ ਜਾਣਦੇ, ਇਕ ਕਿੱਲੋ ਡੰਗਰ ਮਾਸ ਪੈਦਾ ਹੋਣ ਤੱਕ 500 ਲੀਟਰ ਪਾਣੀ ਦੀ ਖੱਪਤ (ਚਾਰਾ, ਖੁਰਾਕ, ਪੀਣਾ, ਨਹਾਉਣਾ ਆਦਿ) ਦੀ ਵਰਤੋਂ ਹੋ ਚੁੱਕੀ ਹੁੰਦੀ ਹੈ। ਇਕ ਕਿੱਲੋ ਦੁੱਧ ਪੈਦਾ ਕਰਨ ਲਈ 800 ਲੀਟਰ, ਇਕ ਕਿੱਲੋ ਕਣਕ ਲਈ 1000 ਲੀਟਰ, ਚੀਨੀ ਲਈ 2000 ਲੀਟਰ, ਚਾਵਲਾਂ ਲਈ 4000 ਲੀਟਰ ਅਤੇ ਸਿਆਲੂ ਮੱਕੀ ਲਈ ਕਰੀਬ ਪ੍ਰਤੀ ਕਿੱਲੋ 5500 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਸਾਨੂੰ ਆਖਰੀ ਦੋ ਫ਼ਸਲਾਂ ਬਾਰੇ ਸੋਚਣਾ ਪੈਣਾ ਹੈ। ਪੰਜਾਬ 'ਚ ਕਰੀਬ 29 ਲੱਖ ਹੈਕਟੇਅਰ ਝੋਨਾ ਬੀਜਿਆ ਜਾਂਦਾ ਹੈ, ਉਪਜ 16 ਲੱਖ ਟਨ (1600 ਕਰੋੜ ਕਿੱਲੋ) ਬਣਦੀ ਹੈ। ਇਸ ਲਈ ਕਰੀਬ 64 ਲੱਖ ਖਰਬ ਲੀਟਰ ਸਾਫ਼-ਸੁਥਰੇ ਪਾਣੀ ਦੀ ਖਪਤ ਹੁੰਦੀ ਹੈ। ਜੇ ਕੀਮਤ ਅੱਧਾ ਰੁਪਿਆ ਪ੍ਰਤੀ ਲੀਟਰ ਵੀ ਰੱਖੀਏ ਤਾਂ ਵੀ ਕਰੀਬ 32 ਖਰਬ ਰੁਪਏ ਦਾ ਪਾਣੀ ਹੀ ਲੱਗ ਗਿਆ। ਫਿਰ ਭਲਾ ਅਸੀਂ ਵੱਟਤ ਕਿੰਨੀ ਕੀਤੀ? ਮੌਜੂਦਾ ਰੇਟਾਂ ਅਨੁਸਾਰ ਸਿਰਫ਼ ਸਵਾ ਖਰਬ ਰੁਪਏ ਅਤੇ ਘਾਟਾ...?? ਜਾਣੀ ਅਸੀਂ ਕਰੀਬ 31 ਖਰਬ ਰੁਪਏ ਦਾ ਪਾਣੀ ਹੀ ਭੰਗ ਦੇ ਭਾੜੇ ਗੁਆ ਦਿੱਤਾ। ਸਿਆਲੂ ਮੱੱਕੀ ਦੇ ਅੰਕੜੇ ਹੋਰ ਵੀ ਦਿਲ-ਦਹਿਲਾ ਦੇਣ ਵਾਲੇ ਹਨ, ਸ਼ੁਕਰ ਹੈ ਕਿ ਇਹ ਹਾਲੇ ਸਾਰੇ ਪੰਜਾਬ 'ਚ ਨਹੀਂ ਬੀਜੀ ਜਾਂਦੀ।

ਪਾਣੀ ਸਿਰਫ਼ ਖਾਧ ਪਦਾਰਥ ਹੀ ਨਹੀਂ ਪੈਦਾ ਕਰਦਾ, ਹੋਰ ਵੀ ਬਹੁਤ ਕਾਸੇ ਲਈ ਇਸ ਦੀ ਲੋੜ ਹੈ। ਇਕ ਲੀਟਰ ਸ਼ੁੱਧ ਪੈਟਰੋਲ ਤੁਹਾਡੇ ਵਾਹਨ 'ਚ ਪੈਣ ਤੱਕ 100 ਲੀਟਰ ਪਾਣੀ ਦੀ ਖੱਪਤ ਹੋ ਚੁੱਕੀ ਹੁੰਦੀ ਹੈ। ਇਕ ਕਿੱਲੋ ਕਾਗਜ਼ ਪੈਦਾ ਕਰਨ ਲਈ 150 ਲੀਟਰ, ਇਕ ਟਨ ਸੀਮਿੰਟ ਪੈਦਾ ਕਰਨ ਲਈ 8000 ਲੀਟਰ ਅਤੇ ਇਕ ਟਨ ਲੋਹਾ ਪੈਦਾ ਕਰਨ ਲਈ ਕਰੀਬ 20,000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਭਲਾ ਜੇ ਤਿੱਖਾ ਜਲ-ਸੰਕਟ ਆ ਗਿਆ ਤਾਂ..., ਸ੍ਰਿਸ਼ਟੀ ਹੀ ਰੁਕ ਜਾਵੇਗੀ ਫਿਰ। ਸਿਰਫ਼ ਖੇਤੀ ਅਤੇ ਕਿਸਾਨੀ ਨੂੰ ਦੋਸ਼ ਦੇਣਾ ਨਿਆਂ ਸੰਗਤ ਨਹੀਂ, ਅਸੀਂ ਸਾਰੇ ਹੀ ਆਪ-ਹੁਦਰੀਆਂ ਕਰ ਰਹੇ ਹਾਂ। ਅੰਨ੍ਹੇ-ਵਾਹ ਪਾਣੀ ਦੀ ਵਰਤੋਂ ਤੇ ਖਿਚਾਈ। ਭਲਾ ਸਾਫਟ ਡਰਿੰਕਸ ਆਦਿ 'ਤੇ ਆਪਣੀ ਲੁੱਟ ਕਰਾਉਣ ਦਾ ਕੀ ਕੰਮ? ਇਕ ਲੀਟਰ ਕੋਕਾ ਕੋਲਾ ਪੈਦਾ ਕਰਨ ਲਈ 80 ਲੀਟਰ ਪਾਣੀ ਵਿਅਰਥ ਜਾਂਦਾ ਹੈ. ਆਰ.ਓ. (ਸ਼ੁੱਧ ਜਲ ਤਕਨੀਕ) ਆਦਿ ਪੰਜ ਗੁਣਾ ਪਾਣੀ ਅਜਾਈਂ ਗੁਆਉਂਦੇ ਹਨ। ਲੁਟੇਰਾ ਲੋਟੂ ਪ੍ਰਬੰਧ ਅਤੇ ਧੜਵੈਲ ਪੂੰਜੀਪਤੀ, ਕਿਸਾਨੀ ਨਾਲੋਂ ਕਿਤੇ ਵੱਧ ਪਾਣੀ ਗੁਆਉਂਦੇ ਹਨ।

ਜਿੱਥੇ ਸਾਨੂੰ ਮੌਜੂਦਾ ਲੋਕ ਅਤੇ ਕੁਦਰਤ ਵਿਰੋਧੀ ਸਿਸਟਮ 'ਤੇ ਉਂਗਲ ਧਰਨੀ ਪੈਣੀ ਹੈ, ਉੱਥੇ ਸਾਨੂੰ ਖੁਦ ਵੀ ਜਲ ਦੀ ਸੰਜਮੀ ਵਰਤੋਂ ਕਰਨ, ਇਸ ਨੂੰ ਸ਼ੁੱੱਧ ਰੱਖਣ ਅਤੇ ਸਾਵੀਂ ਵਰਖਾ ਪੁਆਉਣ ਵਾਲੇ ਕਾਰਕਾਂ ਨੂੰ ਮੁੜ ਲਿਆਉਣ, ਬਚਾਉਣ ਅਤੇ ਪੈਦਾ ਕਰਨ ਲਈ ਕੋਸ਼ਿਸ਼ਾਂ ਜੁਟਾਉਣੀਆਂ ਪੈਣਗੀਆਂ। ਸਾਨੂੰ ਵਰਖਾ ਦੇ ਪਾਣੀ ਦੀ ਸੰਭਾਲ ਕਰਨੀ ਪੈਣੀ ਹੈ। ਇਸ ਨੂੰ ਰੋਕ, ਖੜ੍ਹਾਉਣ ਅਤੇ ਧਰਤੀ ਵਿਚ ਗਰਕਾਉਣ ਦੇ ਬੜੇ-ਫਾਇਦੇ ਹਨ। ਜਲ-ਸੰਕਟ ਦੇ ਮੱਦੇਨਜ਼ਰ ਵਰਖਾ ਦਾ ਪਾਣੀ ਸਾਂਭਣ ਹਿਤ ਭੂਗੋਲਿਕ ਨਜ਼ਰੀਏ ਤੋਂ ਸ਼ਾਜਗਾਰ ਖਿੱਤੇ ਕੰਢੀ ਦੀ ਹੀ ਉਦਾਹਰਨ ਲਈਏ; ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ, ਇਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕਟੇਅਰ ਕੰਢੀ ਵਿਚ ਹੈ। ਇਸ ਦਾ ਚੌਥਾ ਹਿੱਸਾ ਲਓ ਅਰਥਾਤ 1.35 ਲੱਖ ਹੈਕਟੇਅਰ। ਹਾਲੇ ਵੀ ਪੰਜਾਬ ਦੇ ਕੰਢੀ ਦੀ ਬਰਸਾਤੀ ਔਸਤ ਵਰਖਾ 800 ਮਿ.ਮੀ ਹੈ, ਇਸ ਦਾ ਵੀ ਅੱਧ ਫੜੋ ਮਤਲਬ 400 ਮਿ.ਮੀ.। ਇਸ 400 ਮਿ.ਮੀ. ਔਸਤ ਨੂੰ ਅਸੀਂ ਕੰਢੀ ਦੇ 1.35 ਲੱਖ ਹੈਕਟੇਅਰ 'ਚ ਰੋਕਣਾ-ਖੜ੍ਹਾਉਣਾ ਹੈ, ਬੰਨ੍ਹਾਂ ਰਾਹੀਂ, ਵੱਟਾਂ ਰਾਹੀਂ ਅਤੇ ਹੋਰ ਸੌਖੇ, ਸਸਤੇ ਅਤੇ ਕਾਰਗਾਰ ਢੰਗਾਂ ਰਾਹੀਂ। ਇੰਜ 1.35 ਲੱਖ ਹੈਕਟੇਅਰ ਗੁਣਾ 400 ਮਿ.ਮੀ. ਨਾਲ ਅਸੀਂ 54000 ਹੈਕਟੇਅਰ ਮੀਟਰ ਪਾਣੀ ਕਮਾ ਲਵਾਂਗੇ। ਏਨੇ ਪਾਣੀ ਨਾਲ ਪੰਜਾਬ ਦੇ ਕੁੱਲ 54 ਲੱਖ ਹੈਕਟੇਅਰ ਰਕਬੇ ਵਿਚ 10-10 ਸੈਂਟੀਮੀਟਰ ਅਰਥਾਤ ਗਿੱਠ-ਗਿੱਠ ਪਾਣੀ ਖੜ੍ਹਾਇਆ ਜਾ ਸਕਦਾ ਹੈ। ਕੰਢੀ ਦੇ ਪਹਾੜਾਂ 'ਚ ਰੋਕੇ, ਖੜੋਏ ਪਾਣੀ ਨਾਲ ਪਹਾੜ ਸਬਜ਼ ਹੋ ਜਾਣਗੇ ਅਤੇ ਮੋੜਵੇਂ ਰੂਪ 'ਚ ਕੁਦਰਤਨ ਜੰਗਲ ਵੀ। ਕੰਢੀ 'ਚ ਗਰਕਾਇਆ ਪਾਣੀ ਸਮੁੱੱਚੇ ਪੰਜਾਬ ਦੀ ਜਲ ਤੱਗੀ ਲਬਾ-ਲਬ ਕਰ ਦੇਵੇਗਾ।

ਮੁੱਕਦੀ ਗੱਲ, ਜੇ ਇਜ਼ਰਾਈਲ ਵਰਗਾ ਬਹੁਤੇ ਕੁਦਰਤੀ ਸੋਮਿਆਂ ਤੋਂ ਸੱਖਣਾ ਇਕ ਨਿੱਕੜਾ ਜਿਹਾ ਦੇਸ਼ ਸਿਰਫ਼ 100 ਮਿ.ਮੀ. ਸਾਲਾਨਾ ਵਰਖਾ ਨੂੰ ਸਾਂਭ-ਕਮਾਕੇ ਜਲ ਸੰਕਟ ਤੋਂ ਨਿਪਟਾਰਾ ਪਾ ਸਕਦਾ ਹੈ ਤਾਂ ਕੁਦਰਤੀ ਬਖਸ਼ਿਸ਼ਾਂ ਨਾਲ ਭਰਪੂਰ ਵਿਸ਼ਾਲ ਭਾਰਤ ਔਸਤਨ 1200 ਮਿ.ਮੀ. ਵਰਖਾ ਨਾਲ ਕਿਉਂ ਨਹੀਂ? ਕਰ ਸਕਦਾ ਹੈ, ਪਰ, ਇਸ ਲਈ ਦ੍ਰਿੜ੍ਹ ਇੱਛਾ ਸ਼ਕਤੀ ਵਾਲੇ ਲੋਕ-ਪੱੱਖੀ ਸਿਸਟਮ ਅਤੇ ਸਿਆਣੀ ਤੇ ਸਾਂਝੀਵਾਲਤਾ ਵਾਲੀ ਲੋਕਾਈ ਦੀ ਵੀ ਲੋੜ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।