ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਦੀ ਥਿੰਦ ਮਕੈਨੀਕਲ ਵਰਕਸ ਨਾਲ ਤਕਨਾਲੋਜੀ ਦੇ ਵਪਾਰੀਕਰਨ ਸੰਬੰਧੀ ਸਮਝੌਤਾ ਸਹੀਬੱਧ

November 30 -0001

ਲੁਧਿਆਣਾ 20 ਜੁਲਾਈ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਦੀ ਥਿੰਦ ਮਕੈਨੀਕਲ ਵਰਕਸ ਤੋਂ ਵਡਾਲਾ ਜੌਹਲ (ਅੰਮ੍ਰਿਤਸਰ) ਨਾਲ ਇਕ ਸਮਝੌਤਾ ਸਹੀਬੱਧ ਕੀਤਾ ਗਿਆ । ਇਸ ਸਮਝੌਤੇ ਤਹਿਤ ਕੰਪਨੀ ਨੂੰ ਯੂਨੀਵਰਸਿਟੀ ਦੀ 'ਕਟਰ-ਕਮ-ਸਪਰੈਡਰ' ਤਕਨਾਲੋਜੀ ਦੇ ਵਪਾਰੀਕਰਨ ਦੇ ਅਧਿਕਾਰ ਦਿੱਤੇ ਗਏ । ਇਸ ਸਮਝੌਤੇ ਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸ. ਹਰਜਿੰਦਰ ਸਿੰਘ ਨੇ ਦਸਤਖਤ ਕੀਤੇ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਤੋਂ ਇਲਾਵਾ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ, ਡੀਨ ਇੰਜਨੀਅਰਿੰਗ ਕਾਲਜ ਡਾ. ਜਸਕਰਨ ਸਿੰਘ ਮਾਹਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਮਸ਼ੀਨ ਬਾਰੇ ਜ਼ਿਕਰ ਕਰਦਿਆਂ ਯੂਨੀਵਰਸਿਟੀ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ 'ਪੀਏਯੂ ਕਟਰ-ਕਮ-ਸਪਰੈਡਰ' ਇੱਕ ਘੱਟ ਖਰਚੇ ਵਾਲੀ ਮਸ਼ੀਨ ਹੈ ਜਿਸ ਨਾਲ ਅਸੀਂ ਝੋਨੇ ਦੀ ਪਰਾਲੀ ਨੂੰ ਕੱਟ ਕੇ, ਕੁਤਰਾ ਕਰਕੇ ਖੇਤ ਵਿੱਚ ਇਕਸਾਰ ਫੈਲਾਅ ਸਦਕੇ ਹਾਂ । ਇਹ ਮਸ਼ੀਨ 35-40 ਹਾਰਸ ਪਾਵਰ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ ਅਤੇ ਇੱਕ ਘੰਟੇ ਵਿੱਚ ਦੋ ਏਕੜ ਜ਼ਮੀਨ ਵਿੱਚ ਕਟਾਈ ਕੀਤੀ ਜਾ ਸਕਦੀ ਹੈ । ਇਹ ਮਸ਼ੀਨ ਕੁੱਲ 40,000 ਰੁਪਏ ਦੀ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਬਣਾਈ ਗਈ ਹੈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕੇ ।

ਮਾਰਕੀਟਿੰਗ ਸੈਲ ਦੇ ਇੰਚਾਰਜ਼ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਸਾਲ 2012 ਤੋਂ ਹੁਣ ਤੱਕ 35 ਤੋਂ ਵੱਧ ਅਜਿਹੀਆਂ ਤਕਨਾਲੋਜੀਆਂ ਨੂੰ ਵਪਾਰੀਕਰਨ ਦੇ ਲਈ ਸਹੀਬੱਧ ਕੀਤਾ ਗਿਆ ਹੈ ।