ਪੀਏਯੂ ਦੇ ਵਾਈਸ ਚਾਂਸਲਰ ਨੇ ਖੇਤੀ ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਕੀਤੀ ਮੀਟਿੰਗ

August 02 2017

ਲੁਧਿਆਣਾ 2 ਅਗਸਤ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨੇਵਾਰ ਮੀਟਿੰਗ ਹੋਈ ਜਿਸ ਵਿੱਚ ਪੀਏਯੂ ਦੇ ਉਚ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ, ਸਾਇੰਸਦਾਨਾਂ ਅਤੇ ਪਸਾਰ ਮਾਹਿਰਾਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸੇਵਾ ਸਲਾਹਕਾਰ ਸਟੇਸ਼ਨ ਦੇ ਵਿਗਿਆਨੀਆਂ ਨੇ ਵੀ ਭਾਗ ਲਿਆ । ਇਹ ਮੀਟਿੰਗ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ । 

ਮੀਟਿੰਗ ਵਿੱਚ ਡਾ. ਢਿੱਲੋਂ ਨੇ ਖੇਤੀ-ਖੋਜ ਅਤੇ ਪਸਾਰ ਦੀਆਂ ਕਈ ਗਤੀਵਿਧੀਆਂ ਜਿਸ ਵਿੱਚ ਨਰਮੇ, ਝੋਨੇ, ਮੱਕੀ, ਗੰਨਾ, ਸਾਉਣੀ ਰੁੱਤ ਦੀ ਦਾਲਾਂ, ਤੇਲਬੀਜ, ਸਬਜ਼ੀਆਂ ਅਤੇ ਫ਼ਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਚਾਰ-ਚਰਚਾ ਕੀਤੀ ਗਈ । ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਰਾਜਾਂ ਵਿੱਚ ਚਿੱਟੀ ਮੱਖੀ ਦੇ ਚੱਲ ਰਹੇ ਹਾਲਾਤਾਂ ਬਾਰੇ ਸਰਵੇਖਣ ਕੀਤਾ । ਉਹਨਾਂ ਨੇ ਪਸਾਰ ਮਾਹਿਰਾਂ ਨੂੰ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਬੀਜਣ ਬਾਰੇ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਕਿਹਾ । 

ਮੀਟਿੰਗ ਵਿੱਚ ਭੂਮੀ ਸਿਹਤ ਕਾਰਡ, ਫ਼ਲਾਂ ਦੇ ਪੌਦਿਆਂ ਦੀ ਪਨੀਰੀ ਦਾ ਉਤਪਾਦਨ, ਸੰਯੁਕਤ ਖੇਤੀ ਮਾਡਲ ਦਾ ਵਿਸਥਾਰ, 96 ਪ੍ਰਵਾਨਤ ਪਿੰਡਾਂ ਦੇ ਵਿਕਾਸ ਬਾਰੇ ਸੂਰਜੀ ਊਰਜਾ ਸਿਸਟਮ ਅਤੇ ਨਬਾਰਡ ਦੇ ਪ੍ਰੋਜੈਕਟਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ । ਇਸ ਤੋਂ ਇਲਾਵਾ ਕਿੰਨੂ ਦੇ ਬਾਗਾਂ ਵਿੱਚ ਮਲਚ ਉਪਰ ਕੀਤੇ ਗਏ ਤਜ਼ਰਬਿਆਂ ਦੇ ਨਤੀਜੇ, ਸੋਇਆਬੀਨ ਵਿੱਚ ਲੋਹੇ ਦੀ ਘਾਟ ਅਤੇ ਕਿੰਨੂ ਦੀ ਪਿਛੇਤੀ ਤੁੜਾਈ ਵਿੱਚ ਫ਼ਲ ਦਾ ਬਣਨਾ, ਕਣਕ ਵਿੱਚ ਨਵੇਂ ਨਦੀਨਾਂ ਦਾ ਹਮਲਾ ਅਤੇ ਪੁਰਾਣੀਆਂ ਵਰਤੀਆਂ ਬੋਤਲਾਂ ਨਾਲ ਕੀੜਿਆਂ-ਮਕੌੜਿਆਂ ਨੂੰ ਫੜਨ ਵਾਲਾ ਘੱਟ ਕੀਮਤ ਵਾਲਾ ਟਰੈਪ ਬਨਾਉਣ ਵਿੱਚ ਇਸਤੇਮਾਲ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ । 

ਆਉਣ ਵਾਲੇ ਕਿਸਾਨ ਮੇਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਖੇਤੀ ਪ੍ਰਦਰਸ਼ਨੀਆਂ ਅਤੇ ਹੋਰ ਮੁੱਦਿਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ । 

ਇਸ ਮੀਟਿੰਗ ਵਿੱਚ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਅਤੇ ਅਪਰ ਨਿਰਦੇਸ਼ਕ ਖੋਜ ਅਤੇ ਪਸਾਰ ਸਿੱਖਿਆ ਸ਼ਾਮਿਲ ਹੋਏ । ਡਾ. ਡੀ ਐਸ ਭੱਟੀ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਮੀਟਿੰਗ ਦਾ ਸੰਚਾਲਨ ਕੀਤਾ ।