ਪੀਏਯੂ ਦੀ 21ਵੀਂ ਪੰਜਾਬ ਸਾਇੰਸ ਕਾਂਗਰਸ 7 ਫਰਵਰੀ ਤੋਂ ਸ਼ੁਰੂ

February 05 2018

ਲੁਧਿਆਣਾ 5 ਫਰਵਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 7 ਤੋਂ 9 ਫਰਵਰੀ ਤੱਕ ਹੋਣ ਵਾਲੀ 21ਵੀਂ ਪੰਜਾਬ ਸਾਇੰਸ ਕਾਂਗਰਸ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ । ਇਹ ਕਾਨਫਰੰਸ ਵਾਤਾਵਰਨ ਸੰਭਾਲ ਅਤੇ ਸਰਬਪੱਖੀ ਵਿਕਾਸ ਲਈ ਆਧੁਨਿਕ ਵਿਗਿਆਨ ਦੇ ਮਹੱਤਵ ਤੇ ਅਧਾਰਿਤ ਹੋਵੇਗੀ । ਪੰਜਾਬ ਅਕੈਡਮੀ ਆਫ਼ ਸਾਇੰਸਜ਼, ਪਟਿਆਲਾ ਦੇ ਸਹਿਯੋਗ ਨਾਲ ਹੋ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਤੋਂ ਲਗਭਗ 1000 ਡੈਲੀਗੇਟ ਭਾਗ ਲੈਣ ਲਈ ਪਹੁੰਚ ਰਹੇ ਹਨ । ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ ਇਸ ਦੇ ਉਦਘਾਟਨੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਇਸ ਕਾਂਗਰਸ ਦੀ ਪ੍ਰਧਾਨਗੀ ਕਰਨਗੇ । ਇਸ ਤੋਂ ਪਹਿਲਾਂ ਪੀਏਯੂ, 2001 ਅਤੇ 2009 ਵਿੱਚ ਵੀ ਇਹ ਪੰਜਾਬ ਸਾਇੰਸ ਕਾਂਗਰਸ ਕਰਵਾ ਚੁੱਕੀ ਹੈ । ਹੁਣ ਤੀਜੀ ਵਾਰ ਪੀਏਯੂ ਇਸ ਸਾਇੰਸ ਕਾਂਗਰਸ ਦੀ ਮੇਜ਼ਬਾਨੀ ਕਰਨ ਜਾ ਰਹੀ ਹੈ ।

ਇਸ ਸੰਬੰਧੀ ਵਿਸਤਾਰ ਵਿੱਚ ਦੱਸਦਿਆਂ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਜੋ ਇਸ ਨੂੰ ਆਯੋਜਿਤ ਕਰਨ ਵਾਲੀ ਕਮੇਟੀ ਦੇ ਕਨਵੀਨਰ ਵੀ ਹਨ, ਨੇ ਕਿਹਾ ਕਿ ਇਸ ਕਾਂਗਰਸ ਵਿੱਚ ਅੰਤਰ ਅਨੁਸ਼ਾਸਨੀ ਪਹੁੰਚ ਅਧੀਨ ਅਨੇਕਾਂ ਖੇਤਰਾਂ ਜਿਵੇਂ ਖੇਤੀਬਾੜੀ ਵਿਗਿਆਨ, ਭੋਜਨ, ਡੇਅਰੀ, ਸ਼ੂਗਰ ਤਕਨਾਲੋਜੀ, ਬਾਇਓ ਸਾਇੰਸਜ਼ ਜਿਨ੍ਹਾਂ ਵਿੱਚ ਬਾਇਓ ਕਮਿਸਟਰੀ, ਬਾਇਓ ਫਿਜ਼ਿਕਸ ਅਤੇ ਬਾਇਓ ਤਕਨਾਲੋਜੀ ਸ਼ਾਮਲ ਹੈ ਬਾਰੇ ਵਿਭਿੰਨ ਪੱਖਾਂ ਤੋਂ ਚਰਚਾ ਹੋਵੇਗੀ । ਸ਼ੁੱਧ ਵਿਗਿਆਨ ਜਿਵੇਂ ਕਮਿਸਟਰੀ ਅਤੇ ਫਿਜ਼ਿਕਸ, ਗਣਿਤ ਵਿਗਿਆਨ, ਨੈਨੋ ਤਕਨਾਲੋਜੀ ਅਤੇ ਵਾਤਾਵਰਣ ਵਿਗਿਆਨ ਅਤੇ ਸਮਾਜਿਕ ਵਿਗਿਆਨ ਵੀ ਚਰਚਾ ਅਧੀਨ ਰਹਿਣਗੇ । ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਮੈਡੀਕਲ, ਪਸ਼ੂ ਵਿਗਿਆਨ, ਫਾਰਮੈਟੀਕਲ ਵਿਗਿਆਨ ਦੇ ਨਾਲ-ਨਾਲ ਇੰਜਨੀਅਰਿੰਗ ਵਿਗਿਆਨ ਦੇ ਕੰਪਿਊਟੇਸ਼ਨਲ ਅਤੇ ਆਰਕੀਟੇਕਚਰ ਬਾਰੇ ਵੀ ਇਸ ਸਾਇੰਸ ਕਾਂਗਰਸ ਵਿੱਚ ਆਪਣੇ ਨੁਕਤੇ ਉਭਾਰਨਗੇ । ਇਸ ਵਿੱਚ ਵਿਗਿਆਨੀ, ਖੋਜੀ, ਵਿਕਾਸ ਨਾਲ ਜੁੜੇ ਮਾਹਿਰ, ਖੋਜਾਰਥੀ ਅਤੇ ਵੱਖ-ਵੱਖ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਅਤੇ ਕਾਰਪੋਰੇਟ ਜਗਤ ਤੋਂ ਨੁਮਾਇੰਦੇ ਵੀ ਸ਼ਾਮਲ ਹੋਣਗੇ ।

ਇਸ ਸਾਇੰਸ ਕਾਂਗਰਸ ਦੇ ਸੰਚਾਲਕ ਸਕੱਤਰ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਇਸ ਸਾਇੰਸ ਕਾਂਗਰਸ ਦੌਰਾਨ ਅਨੇਕਾਂ ਐਵਾਰਡ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਅਕੈਡਮੀ ਦਾ ਆਨਰੇਰੀ ਫੈਲੋਸ਼ਿਪ, ਯੰਗ ਸਾਇੰਟਿਸਟ ਐਵਾਰਡ, ਪੇਂਡੂ ਸੁਆਣੀਆਂ ਲਈ ਖੋਜ ਐਵਾਰਡ, ਬਿਹਤਰਹੀਨ ਕਾਲਜ ਸਾਇੰਸ ਟੀਚਰ ਐਵਾਰਡ, ਬਿਹਤਰਹੀਨ ਪੇਂਡੂ ਸਕੂਲ਼ ਸਾਇੰਸ ਟੀਚਰ ਐਵਾਰਡ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਟ੍ਰਿਕ ਪ੍ਰੀਖਿਆ 2017 ਵਿੱਚੋਂ ਸਿਰਮੌਰ ਰਹੀ ਪੇਂਡੂ ਵਿਦਿਆਰਥਣ ਲਈ ਇਨਾਮ ਸ਼ਾਮਲ ਹੋਣਗੇ । ਇਸ ਤੋਂ ਇਲਾਵਾ ਮੌਖਿਕ ਭਾਸ਼ਣ ਅਤੇ ਪੋਸਟਰ ਪ੍ਰਦਰਸ਼ਨੀਆਂ ਵੀ ਇਸਦਾ ਹਿੱਸਾ ਹੋਣਗੇ । ਭੋਜਨ ਪਦਾਰਥਾਂ, ਭੋਜਨ ਪ੍ਰੋਸੈਸਿੰਗ ਅਤੇ ਖੇਤੀ ਮਸ਼ੀਨਰੀ ਨਾਲ ਜੁੜੇ ਉਦਮੀ ਵੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣਗੇ ।