ਪਿਛਲੇ 15 ਸਾਲਾਂ ਤੋਂ ਵਧੀਆ ਮੌਨਸੂਨ ਨੇ ਭਾਰਤ ਦੇ 50 ਸਾਲ ਦੇ ਸੋਕੇ ਦਾ ਵਕਤ ਬਦਲਿਆ

July 26 2017

By: Ajit Date: 26 july 2017

ਨਵੀਂ ਦਿੱਲੀ, 26 ਜੁਲਾਈ -ਭਾਰਤ 'ਚ ਹਰੇਕ ਸਾਲ ਮੌਨਸੂਨ ਦੀ ਰੁੱਤ ਦਾ ਆਉਣਾ ਖੁਸ਼ਕ ਮੌਸਮ ਤੋਂ ਰਾਹਤ ਦਾ ਪ੍ਰਤੀਕ ਹੈ ਅਤੇ ਪਿਛਲੇ 15 ਸਾਲਾਂ ਤੋਂ ਮੌਨਸੂਨ ਵਧੀਆ ਰਹਿਣ ਕਰਕੇ ਦੇਸ਼ ਦੇ ਕਈ ਇਲਾਕਿਆਂ 'ਚ ਜ਼ਿਆਦਾ ਬਾਰਿਸ਼ ਹੋ ਰਹੀ ਹੈ| ਅਮਰੀਕਾ ਦੀ ਮੈਸਚੁਸੈਟੇਸ ਇੰਸਚੀਟਿਊਟ ਆਫ਼ ਟੈਕਨਾਲੋਜੀ (ਐਮ. ਆਈ. ਟੀ.) ਵੱਲੋਂ ਕਰਵਾਏ ਗਏ ਇਕ ਸਰਵੇਖਣ 'ਚ ਦੱਸਿਆ ਗਿਆ ਹੈ ਪਿਛਲੇ 15 ਸਾਲਾਂ 'ਚ ਭਾਰਤ 'ਚ ਮੌਨਸੂਨ ਮਜ਼ਬੂਤ ਹੋਇਆ ਹੈ, ਇਸ ਦੌਰਾਨ ਹੋਈ ਵਧੀਆ ਬਾਰਿਸ਼ ਨੇ ਭਾਰਤ ਦੇ 50 ਸਾਲ ਦੇ ਸੋਕੇ ਦੇ ਵਕਤ ਨੂੰ ਬਦਲ ਦਿੱਤਾ ਹੈ| ਹਾਲਾਂਕਿ ਉੱਤਰ ਅਤੇ ਮੱਧ ਭਾਰਤ 'ਚ ਮੁਕਾਬਲਤਨ ਘੱਟ ਬਾਰਿਸ਼ ਹੁੰਦੀ ਹੈ| ਭਾਰਤ 'ਚ ਜੂਨ ਤੋਂ ਲੈ ਕੇ ਸਤੰਬਰ ਤੱਕ ਹਰੇਕ ਸਾਲ ਮੌਨਸੂਨ ਦੀ ਰੁੱਤ ਰਹਿੰਦੀ ਹੈ| ਸਰਵੇਖਣ ਅਨੁਸਾਰ 2002 ਤੋਂ ਸੋਕੇ ਦਾ ਸਮਾਂ ਗ਼ਾਇਬ ਹੋਣ ਲੱਗਾ, ਜਦੋਂ ਮੌਨਸੂਨ ਵਧੀਆ ਰਿਹਾ ਅਤੇ ਕਾਫੀ ਬਾਰਿਸ਼ ਵੀ ਹੋਈ ਜਿਸ ਨਾਲ ਭਾਰਤ ਦੇ ਉੱਤਰ ਮੱਧ ਇਲਾਕਿਆਂ 'ਚ ਰਹਿੰਦੀ ਆਬਾਦੀ ਨੂੰ ਸ਼ਕਤੀਸ਼ਾਲੀ ਹੜ੍ਹਾਂ ਦਾ ਸਾਹਮਣਾ ਵੀ ਕਰਨਾ ਪਿਆ| ਖੋਜਕਰਤਾਵਾਂ ਅਨੁਸਾਰ 2002 'ਚ ਸਮੁੱਚੇ ਭਾਰਤੀ ਉਪ ਮਹਾਦੀਪ 'ਚ ਬਹੁਤ ਗਰਮੀ ਸੀ, ਇਸ ਮੌਕੇ ਤਾਪਮਾਨ ਪ੍ਰਤੀ ਸਾਲ 0.1 ਅਤੇ 1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ| ਇਸ ਦੌਰਾਨ 2002 ਤੋਂ ਬਾਅਦ ਹਿੰਦ ਮਹਾਸਾਗਰ 'ਤੇ ਤਾਪਮਾਨ ਦਾ ਵੱਧਣਾ ਕਾਫੀ ਘੱਟ ਹੋ ਗਿਆ| ਐਮ. ਆਈ. ਟੀ. ਦੇ ਇਕ ਸੀਨੀਅਰ ਖੋਜ ਵਿਗਿਆਨੀ ਚੇਨ ਵਾਂਗ ਨੇ ਕਿਹਾ ਕਿ ਜ਼ਮੀਨ ਤੋਂ ਉੱਪਰ, ਅਤੇ ਆਸ-ਪਾਸ ਦੇ ਪਾਣੀ ਉੱਪਰ ਤਾਪਮਾਨਾਂ 'ਚ ਤੇਜ਼ੀ ਨਾਲ ਉਤਰਾਅ ਮੌਨਸੂਨ ਦੇ ਤਾਕਤਵਾਰ ਹੋਣ ਲਈ ਬਿਲਕੁਲ ਆਦਰਸ਼ ਨੁਸਖ਼ਾ ਸੀ| ਸਰਵੇਖਣ ਅਨੁਸਾਰ 1950 ਤੋਂ 2002 ਤੱਕ ਮੌਨਸੂਨ ਦੌਰਾਨ ਉੱਤਰੀ ਮੱਧ ਭਾਰਤ 'ਚ ਰੋਜ਼ਾਨਾ ਬਾਰਿਸ਼ ਦੀ ਔਸਤ 'ਚ ਕਮੀ ਵੇਖੀ ਗਈ ਇਹ ਪ੍ਰਤੀ ਦਹਾਕਾ 0.18 ਮਿਲੀਮੀਟਰ ਦਰਜ ਕੀਤੀ ਗਈ, ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ 2002 ਤੋਂ ਖਿੱਤੇ 'ਚ ਮੁੜ ਤੋਂ ਜ਼ਿਆਦਾ ਬਾਰਿਸ਼ ਹੋਣੀ ਸ਼ੁਰੂ ਹੋ ਗਈ| 2002 ਤੋਂ ਖਿੱਤੇ 'ਚ ਰੋਜ਼ਾਨਾ ਬਾਰਿਸ਼ ਦੀ ਔਸਤ ਵੱਧ ਕੇ 1.34 ਮਿਲੀਮੀਟਰ ਪ੍ਰਤੀ ਦਹਾਕਾ ਹੋ ਗਈ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।