ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..

November 24 2017

24 November 2017

ਸ੍ਰੀ ਮੁਕਤਸਰ ਸਾਹਿਬ: ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਦਾ ਬਦਲਵੇਂ ਤਰੀਕਿਆਂ ਨਾਲ ਪ੍ਰਬੰਧਨ ਕਰਕੇ ਹੋਰ ਕਿਸਾਨਾਂ ਦਾ ਮਾਰਗ ਦਰਸ਼ਨ ਕੀਤਾ ਹੈ। ਅਜਿਹੇ ਕਿਸਾਨ ਵਾਤਾਵਰਨ ਦੀ ਸੰਭਾਲ ਪ੍ਰਤੀ ਚਿੰਤਤ ਹਨ ਅਤੇ ਇਹ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਬਦਲਵੇਂ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਲਈ ਪ੍ਰੇਰਿਤ ਕਰ ਰਹੇ ਹਨ।

ਅਜਿਹਾ ਹੀ ਇਕ ਕਿਸਾਨ ਹੈ ਤ੍ਰਿਲੋਚਨ ਸਿੰਘ ਪੁੱਤਰ ਕ੍ਰਿਸਨ ਸਿੰਘ ਪਿੰਡ ਚੱਕ ਦੂਹੇਵਾਲਾ ਤਹਿਸੀਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਇਸ ਕਿਸਾਨ ਨੇ ਫਸਲੀ ਵਿਭਿੰਨਤਾ ਤਹਿਤ ਅਤੇ ਵਾਤਾਵਰਨ ਸੰਭਾਲ ਲਈ ਇਕ ਪਾਸੇ ਜਿੱਥੇ 15 ਏਕੜ ਰਕਬੇ ਵਿਚ ਪਾਪੂਲਰ ਲਗਾਏ ਹੋਏ ਹਨ ਉਥੇ ਹੀ ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਵੀ ਨਹੀਂ ਸਾੜਦਾ ਹੈ।

ਤ੍ਰਿਲੋਚਣ ਸਿੰਘ ਆਖਦਾ ਹੈ ਕਿ ਉਹ ਜਿਸ ਰਕਬੇ ਵਿੱਚ ਝੋਨੇ/ਬਾਸਮਤੀ ਦੀ ਬਿਜਾਈ ਕਰਦਾ ਹੈ ਉਸ ਵਿਚ ਉਸਨੇ ਪਿਛਲੇ 8 ਸਾਲਾਂ ਤੋਂ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ। ਹੁਣ ਤਾਂ ਉਸਨੇ ਤਿੰਨ ਬੇਲਰ ਰੈਕ ਮਸ਼ੀਨਾਂ ਅਤੇ ਸੱਤ ਟਰੈਕਟਰ ਵੀ ਬਣਾ ਲਏ ਹਨ। ਇਸ ਨਾਲ ਉਹ ਆਪਣੇ ਖੇਤਾਂ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਇਲਾਵਾ ਹੋਰ ਕਿਸਾਨਾਂ ਦੇ ਖੇਤਾਂ ਦੀ ਪਰਾਲੀ ਦੀਆਂ ਵੀ ਗੱਠਾਂ ਬਣਾ ਰਿਹਾ ਹੈ। ਉਹ ਬੇਲਰ ਮਸ਼ੀਨਾ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਪਿਛਲੇ ਕਈ ਸਾਲਾ ਤੋਂ ਮਾਲਵਾ ਪਾਵਰ ਪਲਾਂਟ ਪਿੰਡ ਗੁਲਾਬੇਵਾਲਾ ਨੂੰ ਸਪਲਾਈ ਕਰ ਰਿਹਾ ਹੈ, ਜਿਸ ਨਾਲ ਉਸਨੂੰ 1000/- ਤੋ 1500/- ਰੁਪਏ ਪ੍ਰਤੀ ਏਕੜ ਫਾਇਦਾ ਹੁੰਦਾ ਹੈ।

ਤ੍ਰਿਲੋਚਣ ਸਿੰਘ ਆਖਦਾ ਹੈ ਕਿ ਉਹ ਪਿਛਲੇ ਕਾਫੀ ਸਮੇ ਤੋਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਖੇਤੀ ਕਰਦਾ ਆ ਰਿਹਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਉਸਨੂੰ ਪਿਛਲੇ ਸਮੇਂ ਦੌਰਾਨ ਇਨਾਂ ਬੇਲਰ ਮਸ਼ੀਨਾਂ ‘ਤੇ ਸਬਸਿਡੀ ਵੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਉਹ ਹੈਪੀ ਸੀਡਰ, ਜੀਰੋ ਟਿਲਜ ਡਰਿੱਲ ਨਾਲ ਜ਼ਮੀਨ ਨੂੰ ਬਿਨਾਂ ਵਹਾਈ ਕੀਤੇ ਕਣਕ ਦੀ ਬਿਜਾਈ ਕਰਦਾ ਹਾਂ। ਜਿਸ ਨਾਲ ਉਸਨੂੰ ਤਕਰੀਬਨ 1500/- ਰੁਪਏ ਪ੍ਰਤੀ ਏਕੜ ਦਾ ਫਾਇਦਾ ਹੁੰਦਾ ਹੈ। ਉਸਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਨੂੰ ਜਮੀਨ ਵਾਹ ਕੇ ਖਾਦਾਂ ਦੀ ਘਾਟ ਨੂੰ ਪੂਰਾ ਕਰਨ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source- ABP Sanjha