ਤੂੜੀ ਬਣਾਉਣ ਵਾਲੇ ਕਿਸਾਨਾਂ 'ਤੇ ਮੰਦੇ ਦੀ ਤਲਵਾਰ

August 02 2017

By: Ajit Date: 2 august 2017

ਮੰਡੀ ਲੱਖੇਵਾਲੀ, 1 ਅਗਸਤ (ਮਿਲਖ ਰਾਜ)-ਆਰਥਿਕ ਪੱਖੋਂ ਪਹਿਲਾਂ ਤੋਂ ਹੀ ਪ੍ਰੇਸ਼ਾਨ ਚੱਲ ਰਹੇ ਕਿਸਾਨਾਂ 'ਤੇ ਇਕ ਹੋਰ ਮੰਦੇ ਦੀ ਤਲਵਾਰ ਆ ਪਈ ਹੈ। ਤੂੜੀ ਦੇ ਰੇਟਾਂ ਦਾ ਪਿਛਲੇ ਸਾਲਾਂ ਨਾਲੋਂ ਅੱਧਾ ਰਹਿ ਜਾਣ ਕਾਰਨ, ਜਿਥੇ ਤੂੜੀ ਬਣਾ ਕੇ ਰੱਖਣ ਵਾਲੇ ਕਿਸਾਨ ਪ੍ਰੇਸ਼ਾਨ ਹਨ, ਉਥੇ ਕਣਕ ਦੀ ਰਹਿੰਦ-ਖੂੰਹਦ 'ਤੇ ਖ਼ਰਚ ਹੋਇਆ ਪੈਸਾ ਪੱਲਿਓਂ ਪੈਣ ਕਾਰਨ ਅੱਗੇ ਤੋਂ ਤੋਬਾ ਕਰੀ ਬੈਠੇ ਹਨ।

ਇਸ ਕਾਰਨ ਸਰਕਾਰ ਦੇ ਵਾਤਾਵਰਨ ਬਚਾਉਣ ਦੇ ਯਤਨਾਂ ਨੂੰ ਵੀ ਤਕੜਾ ਝਟਕਾ ਲੱਗ ਸਕਦਾ ਹੈ। ਪਿੰਡ ਲੱਖੇਵਾਲੀ ਦੇ ਕਿਸਾਨ ਐਮਪਾ ਬਰਾੜ ਤੇ ਰਣਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਣਕ ਦੇ ਖੇਤਾਂ ਦੀ ਰਹਿੰਦ-ਖੂੰਹਦ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁੱਲ ਲੈ ਕੇ ਤੂੜੀ ਸਟੋਰ ਕਰ ਕੇ ਰੱਖਦੇ ਹਨ ਤੇ ਜੁਲਾਈ ਅਗਸਤ 'ਚ ਚੰਗਾ ਭਾਅ ਮਿਲਣ ਤੇ ਵੇਚ ਕੇ ਮੁਨਾਫ਼ਾ ਕਮਾ ਲੈਂਦੇ ਹਨ, ਪ੍ਰੰਤੂ ਇਸ ਵਾਰ ਤੂੜੀ ਦਾ ਰੇਟ ਪੂਰਾ ਨਾ ਮਿਲਣ ਕਾਰਨ ਉਹ ਜਬਰਦਸਤ ਘਾਟੇ ਵਿਚ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਤੂੜੀ ਬਣਾਉਣ ਵਾਲੇ ਰੀਪਰ, ਪੁਰਾਣਾ ਚਲਦਾ ਟਰੈਕਟਰ, ਤਿੰਨ ਟਰਾਲੀਆਂ ਸਮੇਤ ਕਰੀਬ 10 ਲੱਖ ਰੁਪਏ ਪਹਿਲਾਂ ਲਗਾਉਣ ਤੋਂ ਬਾਅਦ ਪੱਲਿਓਂ ਡੀਜ਼ਲ, ਮਜ਼ਦੂਰੀ ਅਤੇ ਕੱਚਾ ਮਟੀਰੀਅਲ ਖਰੀਦਣ ਲਈ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਪੈਂਦਾ ਹੈ, ਜੋ ਕਿ ਸਾਰੇ ਖ਼ਰਚ ਬਿਨਾਂ ਵਿਆਜ ਮਿਲਾ ਕੇ ਕਰੀਬ 250 ਰੁਪਏ ਪ੍ਰਤੀ ਕੁਇੰਟਲ ਤੂੜੀ 'ਤੇ ਖ਼ਰਚ ਆਉਂਦਾ ਹੈ। ਪ੍ਰੰਤੂ ਬਾਜ਼ਾਰ 'ਚ ਅੱਜ ਤੂੜੀ ਦਾ ਭਾਅ 100 ਤੋਂ 170 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ, ਕਿਸਾਨਾਂ ਦੀ ਤੂੜੀ ਖੇਤਾਂ 'ਚ ਪਈ ਖ਼ਰਾਬ ਹੋ ਰਹੀ ਹੈ, ਪ੍ਰੰਤੂ ਪੁੱਛਣ ਵਾਲਾ ਕੋਈ ਵੀ ਨਹੀਂ। ਇਲਾਕੇ 'ਚ ਸਿਰਫ਼ ਦੋ ਕਾਰਖ਼ਾਨੇ ਸੇਤੀਆ ਪੇਪਰ ਮਿੱਲ ਰੁਪਾਣਾ ਅਤੇ ਗੁਲਾਬੇਵਾਲਾ ਬਿਜਲੀ ਉਤਪਾਦਨ ਕਾਰਖ਼ਾਨਾ ਹੀ ਤੂੜੀ ਦੇ ਗਾਹਕ ਮੰਨੇ ਜਾਂਦੇ ਹਨ।

ਸਭ ਤੋਂ ਵੱਡੀ ਤੂੜੀ ਦੀ ਖਪਤ ਵਾਲੀ ਸਨਅਤ ਇੱਟਾਂ ਦੇ ਭੱਠੇ ਖ਼ੁਦ ਮੰਦੇ ਦੀ ਮਾਰ ਕਾਰਨ ਜ਼ਿਆਦਾਤਰ ਬੰਦ ਪਏ ਹਨ। ਹੁਣ ਮਜ਼ਬੂਰਨ ਕਿਸਾਨਾਂ ਨੂੰ ਖ਼ਰਾਬ ਹੋ ਰਹੀ ਖੇਤਾਂ ਵਿਚ ਪਈ ਤੂੜੀ ਨੂੰ ਅੱਧੇ ਰੇਟ 'ਤੇ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਤੂੜੀ ਬਣਾਉਣ ਵਾਲੇ ਕਿਸਾਨਾਂ ਦੀ ਹੁਣ ਬਾਂਹ ਫੜਨੀ ਚਾਹੀਦੀ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।