ਜਲ ਹੀ ਜੀਵਨ ਹੈ…

March 19 2018

ਹਰ ਸਾਲ 22 ਮਾਰਚ ਨੂੰ ਸੰਸਾਰ ਜਲ ਦਿਵਸ ਮਨਾਇਆ ਜਾਂਦਾ ਹੈ। ਹੁਣ ਇਕ ਵਾਰ ਫਿਰ ਪਾਣੀ ਦੀ ਸਹੀ ਵਰਤੋਂ, ਮੀਂਹ ਦੇ ਪਾਣੀ ਨੂੰ ਭੰਡਾਰ ਕਰਨ ਅਤੇ ਪਿਤਾ ਦਾ ਰੁਤਬਾ ਪਾਉਣ ਵਾਲੇ ‘ਪਾਣੀ ਪਿਤਾ’ ਨੂੰ ਬਚਾਉਣ ਦੀ ਯੋਜਨਾਵਾਂ ਉਲੀਕੀਆਂ ਜਾਣਗੀਆਂ। ਸਰਕਾਰਾਂ ਪਾਣੀ ਦੀ ਕਿੱਲਤ ‘ਤੇ ਕਾਬੂ ਪਾਉਣ ਲਈ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਉਣਗੀਆਂ ਪਰ ਅਫਸੋਸ! ਇਹ ਯੋਜਨਾਵਾਂ ਸਹੀ ਢੰਗ ਨਾਲ ਨਹੀਂ ਲਾਗੂ ਹੁੰਦੀਆਂ ਅਤੇ ਨਾ ਹੀ ਇਨਾਂ੍ਹ ਉੱਤੇ ਅਮਲ ਹੁੰਦਾ ਹੈ। ਕੀ ਅਸੀਂ ਸਚੁਮੱਚ ਪਾਣੀ ਨੂੰ ਲੈ ਕੇ ਸੰਵੇਦਨਸ਼ੀਲ ਹਾਂ? ਹਰਗਿਜ਼ ਨਹੀਂ, ਅੱਜ ਵੀ ਅਸੀਂ ਪਾਣੀ ਨੂੰ ਲੈ ਕੇ ਲਾਪਰਵਾਹ ਹਾਂ।

ਕੁਝ ਸਮਾਂ ਪਹਿਲਾਂ ਬਰਤਾਨੀਆ ਦੇ ਵੱਕਾਰੀ ਮੀਡੀਆ ਸਮੂਹ ਬੀਬੀਸੀ ਦੁਆਰਾ ਪਾਣੀ ਦੀ ਪਰੇਸ਼ਾਨੀ ਨਾਲ ਜੂਝਣ ਵਾਲੇ ਦੁਨੀਆਂ ਦੇ 11 ਸ਼ਹਿਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਬ੍ਰਾਜ਼ੀਲ ਦੇ ਸਾਓ ਪਾਓਲੋ ਤੋਂ ਬਾਅਦ ਸਾਡੇ ਭਾਰਤ ਮਹਾਨ ਦਾ ਮਹਾਂਨਗਰ ਬੰਗਲੁਰੂ ਦੂਸਰੇ ਨੰਬਰ’ਤੇ ਹੈ। ਰਿਪੋਰਟ ਵਿਚ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਅਗਲੇ ਦਹਾਕੇ ਤਕ ਸੰਸਾਰ ਦੇ ਕਈ ਮੁਲਕ ਜਲ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋਣਗੇ, ਕਿਉਂਕਿ 2030 ਤੱਕ ਸੰਸਾਰ ਪੱਧਰ ‘ਤੇ ਤਾਜ਼ੇ ਪਾਣੀ ਦੀ ਮੰਗ 50 ਫੀਸਦ ਵਧ ਜਾਵੇਗੀ। ਜੇ ਪਾਣੀ ਨਾ ਰਿਹਾ ਤਾਂ ਸਾਡਾ ਜੀਵਨ ‘ਜਲ ਬਿਨ ਮਛਲੀ’ ਵਾਲਾ ਹੋ ਜਾਵੇਗਾ। ਹੁਣ ਤਾਂ ਇਹ ਵੀ ਕਿਹਾ ਜਾਣ ਲੱਗਿਆ ਹੈ ਕਿ ਛੋਟੀਆਂ ਮੋਟੀਆਂ ਜੰਗਾਂ ਜਲ ਸਰੋਤਾਂ ‘ਤੇ ਕਬਜ਼ੇ ਲਈ ਲੜੀਆਂ ਜਾਣਗੀਆਂ ਅਤੇ ਜੇ ਨੇੜ ਭਵਿਖ ‘ਚ ਅਜਿਹਾ ਹੁੰਦਾ ਹੈ ਤਾਂ ਇਹ ਸਾਡੀ ਸਭਿਅਤਾ ਲਈ ਸਭ ਤੋਂ ਬੁਰਾ ਦਿਨ ਹੋਵੇਗਾ।

ਬਜ਼ੁਰਗਾਂ ਵਲੋਂ ਕਿਹਾ ‘ਜਲ ਮਿਲਿਆ ਪਰਮੇਸ਼ਰ ਮਿਲਿਆ’ ਅਕਸਰ ਸੁਣਦੇ ਆ ਰਹੇ ਹਾਂ। ਗੁਰਬਾਣੀ ਵਿਚ ਵੀ ‘ਪਵਣੁ ਗੁਰੁ ਪਾਣੀ ਪਿਤਾ ਧਰਤਿ ਮਹਤੁ’ (ਗੁਰੂ ਨਾਨਕ) ਕਿਹਾ ਗਿਆ ਹੈ, ਭਾਵ ਪਾਣੀ ਨੂੰ ਪਿਤਾ ਦਾ ਦਰਜਾ ਮਿਲਿਆ ਹੈ। ਕਿੰਨੇ ਨਦੀਆਂ ਅਤੇ ਖੂਹ ਸੁੱਕ ਗਏ। ਜਲਗਾਹਾਂ, ਤਲਾਬ ਅਤੇ ਛੱਪੜਾਂ ਦਾ ਪਾਣੀ ਉੱਡ ਰਿਹਾ ਹੈ। ਇੱਕ ਕਥਨ ਹੈ: ‘ਜਦੋਂ ਪਾਣੀ ਪੀਓ ਤਾਂ ਨਦੀ ਦਾ ਧਿਆਨ ਕਰੋ’; ਪਰ ਲਾਲਚੀ ਮਨੁੱਖ ਨੇ ਨਦੀਆਂ ਦੇ ਕੁਦਰਤੀ ਲਾਂਘੇ ਰੋਕ ਕੇ ਹੋਟਲਾਂ, ਗੈਸਟ ਹਾਊਸਾਂ ਤੇ ਰਿਜ਼ੌਰਟਾਂ ਦੀ ਉਸਾਰੀ ਕਰ ਲਈ ਹੈ ਅਤੇ ਇਨ੍ਹਾਂ ਸਰੋਤਾਂ ਨੂੰ ਸੁੰਗੜਨ ਲਈ ਮਜਬੂਰ ਕਰ ਦਿੱਤਾ ਹੈ। ਜਦੋਂ ਖੇਤੀ, ਉਦਯੋਗਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕਾਂ ਦੀ ਪਾਣੀ ਦੀ ਜ਼ਰੂਰਤ ਪੂਰੀ ਕਰਨੀ ਔਖੀ ਹੋ ਜਾਵੇਗੀ ਤਾਂ ਯਕੀਨਨ ਜਲ ਬਾਜ਼ਾਰ (ਮੰਡੀ) ਬਣੇਗਾ। ਜਲ ਬਾਜ਼ਾਰ, ਜਲ ਲੁੱਟ (20 ਰੁਪਏ ਦਾ ਬੋਤਲ ਮਿਨਰਲ ਵਾਟਰ ਵਿਕ ਹੀ ਰਿਹਾ ਹੈ) ਵਧਾਏਗਾ। 21ਵੀਂ ਸਦੀ ਨੂੰ ਜਲ ਯੁੱਧ ਦੀ ਸਦੀ ਦੱਸਿਆ ਜਾ ਰਿਹਾ ਹੈ।

ਧਰਤੀ ਦਾ ਸ਼ਿੰਗਾਰ ਜਲਗਾਹਾਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। 80 ਫੀਸਦ ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ ਜਿਹੜਾ ਪੀਣ ਯੋਗ ਨਹੀਂ। ਸੀਵਰੇਜ, ਉਦਯੋਗਾਂ ਦੀ ਰਹਿੰਦ-ਖੂੰਹਦ ਅਤੇ ਨਦੀਆਂ ‘ਚ ਸੁੱਟਿਆ ਜਾ ਰਿਹਾ ਕਚਰਾ ਆਦਿ ਪਾਣੀਆਂ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਪਿਛਲੇ ਸਾਲ ਮੁਲਕ ਦੇ 664 ਜ਼ਿਲ੍ਹਿਆਂ ਵਿਚੋਂ 256 ਸੋਕਾਗ੍ਰਸਤ ਸਨ। ਪਾਣੀ ਦੇ ਸਰੋਤ ਸੁੱਕ ਰਹੇ ਹਨ। ਡੈਮਾਂ ਵਿਚ ਪੰਜ ਫੀਸਦ ਪਾਣੀ ਬਚਿਆ ਹੈ। ਲਾਤੂਰ ਆਦਿ ਸੋਕਾਗ੍ਰਸਤ ਕਈ ਜ਼ਿਲ੍ਹਿਆਂ ਵਿਚ ਟ੍ਰੇਨ ਰਾਹੀਂ ਪਾਣੀ ਭੇਜਿਆ ਗਿਆ ਸੀ। ਉਦੋਂ ਟੈਂਕਰਾਂ ਦੀ ਪਾਣੀ-   ਵੰਡ ਨੂੰ ਲੈ ਕੇ ਗੋਲੀਆਂ ਵੀ ਚੱਲੀਆਂ ਸਨ।

ਪੰਜਾਬ ਦੇ 138 ਬਲਾਕਾਂ ਵਿਚੋਂ 110 ਵਿੱਚ ਪਾਣੀਂ ਦਾ ਪੱਧਰ ਹੇਠਾਂ ਚਲਾ ਗਿਆ ਹੈ। ਪੰਜ ਪਾਣੀਆਂ ਵਾਲੇ ਪੰਜਾਬ ਦੇ 12433 ਪਿੰਡਾਂ ਵਿਚੋਂ 11849 ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਹੈ। 40 ਲੱਖ ਟਿਊਬਵੈੱਲ ਖੇਤੀ ਖਾਤਰ ਪਾਣੀ ਧਰਤੀ ਹੇਠੋਂ ਖਿੱਚ ਰਹੇ ਹਨ। ਕੁਦਰਤ ਸਾਡੀ ਹੋਂਦ ਬਣਾਈ ਰੱਖਣ ਲਈ ਮੀਂਹ ਦੇ ਰੂਪ ‘ਚ ਕਿਤੇ ਨਾ ਕਿਤੇ ਇਕ ਅਰਬ ਟਨ ਪਾਣੀ ਦਿੰਦੀ ਹੈ। ਉਸ ਦਾ 14-15 ਫੀਸਦ ਹਿੱਸਾ ਸੰਭਾਲ ਕੇ ਖੇਤੀ ਅਤੇ ਪੀਣ ਵਾਲੇ ਪਾਣੀ ਦੀਆਂ ਸਭ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਪਾਣੀ ਦੀ ਦੁਰਵਰਤੋਂ ਪੰਜਾਬ ਲਈ ਬਹੁਤ ਘਾਤਕ ਹੈ। ਮੀਂਹ ਦੇ ਪਾਣੀਆਂ ਨੂੰ ਸਾਂਭਣ ਵਾਲੇ ਤਲਾਬ, ਬਾਓਲੀਆਂ, ਝੀਲਾਂ ਅਤੇ ਛੱਪੜਾਂ ਆਦਿ ਦੀ ਅਣਦੇਖੀ ਨੇ ਜਲ ਸੰਕਟ ਪੈਦਾ ਕੀਤਾ ਹੈ। ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ, ਕਿਸਾਨ ਤੇ ਉਦਯੋਗਪਤੀ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਭੰਡਾਰਨ ਲਈ ਪਹਿਲ ਕਰਨ। ਤਲਾਬਾਂ ਤੇ ਛੱਪੜਾਂ ਦੀ ਸਫਾਈ ਕੀਤੀ ਜਾਵੇ। ਮਿਥ ਕੇ ‘ਰੇਨ ਵਾਟਰ ਹਾਰਵੈਸਟਿੰਗ’ ਅਤੇ ‘ਰੂਫ ਟਾੱਪ ਹਾਰਵੈਸਟਿੰਗ’ ਅਪਣਾਈਏ। ਧਰਤੀ ਹੇਠੋਂ ਪਾਣੀ ਦਾ ਜ਼ਿਆਦਾ ਨਿਕਾਸ ਰੋਕੀਏ। ਪਾਣੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਵਿਚ ਲਿਆਈਏ। ਸੰਸਾਰ ਜਲ ਦਿਵਸ ਦਾ ਇਹੀ ਹੋਕਾ ਹੋਣਾ ਚਾਹੀਦਾ ਹੈ: ਪਿਆਸੀ ਧਰਤੀ ਕਰੇ ਪੁਕਾਰ, ਮੀਂਹ ਦਾ ਪਾਣੀ ਨਾ ਜਾਏ ਬੇਕਾਰ।

ਸੰਪਰਕ: 98140-82217