ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਵਿੱਚ ਠੰਢ ਵਧੀ

December 13 2017

ਸਰਦੀਆਂ ਦੇ ਪਹਿਲੇ ਮੀਂਹ ਨਾਲ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਚੰਡੀਗੜ੍ਹ ਨਾਲੋਂ ਵਧੇਰੇ ਸਰਦੀ ਪੈਣ ਲੱਗੀ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਦਿਨ ਭਰ ਬੱਦਲ ਛਾਏ ਰਹੇ। ਸਵੇਰ ਵੇਲੇ ਮੌਸਮ ਵਿੱਚ ਨਿਖ਼ਾਰ ਆਉਣ ਦੇ ਆਸਾਰ ਦਿਖਾਈ ਦੇਣ ਲੱਗੇ ਸਨ ਪਰ ਬਾਅਦ ਦੁਪਹਿਰ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਅਤੇ ਪੂਰਾ ਦਿਨ ਹਨੇਰਾ ਜਿਹਾ ਛਾਇਆ ਰਿਹਾ।

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਅੱਜ ਅੰਮਿ੍ਤਸਰ ਦਾ ਵੱਧ ਤੋਂ ਵੱਧ ਤਾਪਮਾਨ 15.8 ਡਿਗਰੀ ਰਿਹਾ ਹੈ ਜਿਹੜਾ ਕਿ ਕਲ੍ਹ ਨਾਲੋਂ .3 ਡਿਗਰੀ ਵੱਧ ਦੱਸਿਆ ਗਿਆ ਹੈ। ਲੁਧਿਆਣਾ ਦਾ ਤਾਪਮਾਨ 16.4 ਡਿਗਰੀ ਅਤੇ ਜਲੰਧਰ ਵਿੱਚ ਤਾਪਮਾਨ 16.2 ਡਿਗਰੀ ਨੋਟ ਕੀਤਾ ਗਿਆ। ਆਦਮਪੁਰ ਦਾ ਤਾਪਮਾਨ 13.8 ਡਿਗਰੀ ਦੱਸਿਆ ਗਿਆ ਹੈ। ਹਵਾ ਵਿੱਚ ਨਮੀ 73 ਪ੍ਰਤੀਸ਼ਤ ਦੱਸੀ ਜਾ ਰਹੀ ਹੈ, ਜਦੋਂ ਕਿ ਇੱਕ ਹਜ਼ਾਰ ਮੀਟਰ ਤਕ ਦੇਖਿਆ ਜਾ ਸਕਦਾ ਸੀ। ਬਾਰਸ਼ ਤੋਂ ਬਾਅਦ ਪੈ ਰਹੀ ਠੰਢ ਫਸਲਾਂ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਅਗਲੇ ਦਿਨੀਂ ਪੈਣ ਵਾਲਾ ਕੋਹਰਾ ਵੀ ਕਣਕ ਲਈ ਵਰਦਾਨ ਸਿੱਧ ਹੋਵੇਗਾ। ਬਾਰਸ਼ ਤੋਂ ਬਾਅਦ ਚਾਹੇ ਠੰਢ ਵੱਧ ਗਈ ਹੈ ਪਰ ਇਸ ਨਾਲ  ਬਿਮਾਰੀਆਂ ਤੋਂ ਰਾਹਤ ਮਿਲੇਗੀ। ਸੁੱਕੀ ਠੰਢ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਮੌਸਮ ਵਿਭਾਗ ਨੇ ਭਲ੍ਹਕ ਤੋਂ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjabi Tribune