ਘਰ ਵਿੱਚ ਸੋਲਰ ਪੈਨਲ ਲਾਉਣ ਦੇ ਫ਼ਾਇਦੇ

January 15 2018

ਸੋਲਰ ਵਾਟਰ ਹੀਟਰ, ਸਟਰੀਟ ਲਾਈਟਸ, ਰੋਡ ਬਲਿੰਕਰਜ਼, ਗਾਰਡਨ ਲਾਈਟਸ, ਸੋਲਰ ਕੁਕਰ ਤੇ ਸੋਲਰ ਲਾਲਟੈਨ ਤਾਂ ਕਾਫ਼ੀ ਸਮੇਂ ਤੋਂ ਵਰਤੋਂ ਵਿੱਚ ਆ ਕੇ ਬਿਜਲੀ ਦੀ ਬੱਚਤ ਕਰ ਰਹੇ ਹਨ। ਇਸੇ ਤਰ੍ਹਾਂ ਐਲੂਮੀਨੀਅਮ ਫਰੇਮ ਵਾਲੇ ਪੌਲੀ ਕ੍ਰਿਸਟੇਲਾਈਨ ਸਿਲੀਕੌਨ ਸੋਲਰ ਸੈੱਲ ਅੱਜਕੱਲ੍ਹ ਸਰਕਾਰੀ ਤੇ ਗ਼ੈਰ-ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉਪਰ ਲੱਗੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸੋਲਰ ਪੈਨਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੈਨਲ 3 ਤੋਂ ਲੈ ਕੇ 250 ਵਾਟ ਵਿੱਚ 25 ਸਾਲ ਦੀ ਵਾਰੰਟੀ ਨਾਲ ਮਿਲਦੇ ਹਨ। ਇਹ ਪੈਨਲ ਸੂਰਜੀ ਊਰਜਾ ਨੂੰ ਇਕੱਠੀ ਕਰਕੇ ਬਿਜਲੀ ਪੈਦਾ ਕਰਦੇ ਹਨ। ਸੋਲਰ ਲਾਲਟੈਨ 6 ਵਾਟ ਦੇ ਪੈਨਲ ਨਾਲ ਚੱਲ ਸਕਦੀ ਹੈ। ਘਰ ਵਿੱਚ ਵਰਤੋਂ ਲਈ ਘੱਟੋ-ਘੱਟ 100-100 ਵਾਟ ਦੇ ਕਈ ਪੈਨਲਾਂ ਦੀ ਲੋੜ ਹੁੰਦੀ ਹੈ। ਸੋਲਰ ਪਾਵਰ ਰਾਹੀਂ ਹੁਣ ਪੈਟਰੋਲ ਪੰਪਾਂ ’ਤੇ ਬਿਜਲੀ ਪੈਦਾ ਕਰ ਕੇ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ।

ਸੋਲਰ ਪਾਵਰ ਪੈਦਾ ਕਰਨ ਲਈ ਕਿਸੇ ਵੀ ਖੁੱਲ੍ਹੀ ਥਾਂ ਜਾਂ ਘਰ ਦੀ ਛੱਤ ’ਤੇ, ਜਿੱਥੇ ਪੂਰੀ ਧੁੱਪ ਮਿਲਦੀ ਹੋਵੇ, 100 ਵੋਲਟ ਦੇ 4 ਸੋਲਰ ਪੈਨਲ ਲਾ ਕੇ ਸੋਲਰ ਇੰਨਵਰਟਰ ਦੀ ਸਹਾਇਤਾ ਨਾਲ 12 ਵੋਲਟ ਦੀਆਂ ਬੈਟਰੀਆਂ ਚਾਰਜ ਕਰ ਕੇ ਛੋਟੇ ਘਰ ਦੇ ਪੱਖੇ, ਟਿਊਬ ਲਾਈਟਸ, ਟੀਵੀ ਤੇ ਬਿਜਲੀ ਨਾਲ ਚੱਲਣ ਵਾਲੇ ਹੋਰ ਛੋਟੇ ਉਪਕਰਨ ਚਲਾਏ ਜਾ ਸਕਦੇ ਹਨ, ਜਿਸ ਨਾਲ ਇਕ ਸਾਲ ਵਿਚ ਲਗਪਗ ਸੱਤ ਹਜ਼ਾਰ ਤੋਂ ਨੌਂ ਹਜ਼ਾਰ ਰੁਪਏ ਦੀ ਬਿਜਲੀ ਬਚਾਈ ਜਾ ਸਕਦੀ ਹੈ।

ਚਾਰ ਸੋਲਰ ਪੈਨਲ ਵਾਲੇ 0.4 ਕਿਲੋਵਾਟ ਦਾ ਸੋਲਰ ਪਲਾਂਟ ਲਾਉਣ ’ਤੇ ਲਗਪਗ 45 ਹਜ਼ਾਰ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚ 4 ਪੈਨਲਾਂ ’ਤੇ 24 ਹਜ਼ਾਰ, ਸੋਲਰ ਇਨਵਰਟਰ ’ਤੇ 6500 ਰੁਪਏ, 12 ਵੋਲਟ ਦੀ ਬੈਟਰੀ ’ਤੇ 12500 ਰੁਪਏ ਅਤੇ ਕੁਨੈਕਸ਼ਨ ਆਦਿ ਤੇ ਦੋ ਹਜ਼ਾਰ ਰੁਪਏ ਸ਼ਾਮਲ ਹਨ। ਘਰ ਵਿਚ ਹੋਦ ਵਾਲੀ ਵਾਇਰਿੰਗ ਦਾ ਖ਼ਰਚ ਇਸ ਤੋਂ ਵੱਖਰਾ ਹੋਵੇਗਾ। ਪੂਰੇ ਘਰ ਲਈ ਕੁੱਲ ਲੋਡ ਮੁਤਾਬਕ ਲੋੜੀਂਦੀ ਬਿਜਲੀ ਪੈਦਾ ਕਰਨ ਲਈ ਵੱਧ ਸੋਲਰ ਪੈਨਲ ’ਤੇ ਜ਼ਿਆਦਾ ਬੈਟਰੀਆਂ ਦੀ ਜ਼ਰੂਰਤ ਪਵੇਗੀ।

ਘਰਾਂ ਵਿੱਚ ਲਾਏ ਬੈਟਰੀ ਵਾਲੇ ਇੰਨਵਰਟਰ ਦੀ ਬੈਟਰੀ ਨੂੰ ਛੱਤ ’ਤੇ 4 ਸੋਲਰ ਪੈਨਲ ਲਾ ਕੇ ਸੋਲਰ ਚਾਰਜ ਕੰਟਰੋਲਰ ਦੀ ਸਹਾਇਤਾ ਨਾਲ ਸੋਲਰ ਪਾਵਰ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ, ਜਿਸ ਉਪਰ ਲਗਪਗ 35 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਸੋਲਰ ਚਾਰਜ ਕੰਟਰੋਲਰ ਨਾਲ ਅਸੀਂ ਆਮ ਇਨਵਰਟਰ ਨੂੰ ਸੋਲਰਾਈਜ਼ ਕਰ ਸਕਦੇ ਹਾਂ। ਨਤੀਜਨ ਇਨਵਰਟਰ ਰਾਹੀਂ ਚੱਲਣ ਵਾਲੇ ਪੱਖੇ ਤੇ ਟਿਊਬ ਲਾਈਟਸ ਸੋਲਰ ਪਾਵਰ ਰਾਹੀਂ ਚੱਲਦੇ ਰਹਿੰਦੇ ਹਨ ਤੇ ਬਿਜਲੀ ਦੀ ਖ਼ਪਤ ਨਹੀਂ ਹੁੰਦੀ। ਇਸ ਨਾਲ ਜਿੱਥੇ ਅਸੀਂ ਬਿਜਲੀ ਦੇ ਬਿੱਲ ਵਿੱਚ ਬੱਚਤ ਕਰਾਂਗੇ ਉੱਥੇ ਬਿਜਲੀ ਦੀ ਵਧ ਰਹੀ ਮੰਗ ਨੂੰ ਘੱਟ ਕਰਨ ਵਿੱਚ ਵੀ ਆਪਣਾ ਯੋਗਦਾਨ ਪਾ ਸਕਾਂਗੇ।

ਦੇਸ਼ ਵਿੱਚ ਕਈ ਕੰਪਨੀਆਂ ਸੋਲਰ ਪੈਨਲ, ਸੋਲਰ ਚਾਰਜ ਕੰਟਰੋਲਰ, ਸੋਲਰ ਇੰਨਵਰਟਰ ਤੇ ਬੈਟਰੀਆਂ ਆਦਿ ਬਣਾਉਂਦੀਆਂ ਹਨ। 100 ਵਾਟ ਵਾਲਾ ਸੋਲਰ ਪੈਨਲ ਲਗਪਗ 2.5X3.5 ਫੁੱਟ ਦੇ ਆਕਾਰ ਦਾ ਹੁੰਦਾ ਹੈ ਤੇ ਇੱਕ ਕਿਲੋਵਾਟ ਸੋਲਰ ਪਾਵਰ ਬਣਾਉਣ ਲਈ 10 ਸਕੇਅਰ ਮੀਟਰ ਜਗ੍ਹਾ ਦੀ ਲੋੜ ਹੁੰਦੀ ਹੈ। ਇਸ ’ਤੇ ਲਗਪਗ ਇੱਕ ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ ਤੇ ਇਸ ਨਾਲ ਤਿਆਰ ਹੋਣ ਵਾਲੀ ਬਿਜਲੀ ਨਾਲ ਹਰ ਸਾਲ ਲਗਪਗ 14 ਤੋਂ 18 ਹਜ਼ਾਰ ਰੁਪਏ ਦੀ ਬਿਜਲੀ ਬਚਾਈ ਜਾ ਸਕਦੀ ਹੈ। ਸੋਲਰ ਪਾਵਰ ਪਲਾਂਟ ਲਾਉਣ ਲਈ ਭਾਰਤ ਸਰਕਾਰ ਵੱਲੋਂ ਲਗਪਗ 30 ਫ਼ੀਸਦੀ ਤਕ ਸਬਸਿਡੀ ਅਤੇ ਡੈਪਰੀਸੇਸ਼ਨ ਵਿੱਚ ਇਨਕਮ ਟੈਕਸ ਦੀ ਵੀ ਛੋਟ ਵੀ ਦਿੱਤੀ ਜਾਂਦੀ ਹੈ।

ਸੰਪਰਕ: 98150-22585