ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਤੋਂ ਮੰਗੀਆਂ ਐਵਾਰਡਾਂ ਲਈ ਅਰਜ਼ੀਆਂ

December 12 2017

ਚੰਡੀਗੜ੍ਹ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਰਾਜ ਭਰ ਦੇ ਕਿਸਾਨਾਂ ਤੋਂ ਸਾਲ 2018 ਲਈ ਐਵਾਰਡਾਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ। ਇਹ ਐਵਾਰਡ ਮਾਰਚ 2018 ਲਈ ਪੀਏਯੂ ਕਿਸਾਨ ਮੇਲੇ ਦੌਰਾਨ ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਦਿੱਤੇ ਜਾਣੇ ਹਨ ਜਿਨ੍ਹਾਂ ਨੇ ਖੇਤੀਬਾੜੀ, ਬਾਗਬਾਨੀ ਤੇ ਹੋਰ ਸਹਾਇਕ ਧੰਦਿਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ ਹਨ।

ਇਨਾਂ ਐਵਾਰਡਾਂ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਹਰ ਸਾਲ ਮਾਰਚ ਦੇ ਕਿਸਾਨ ਮੇਲੇ ਉਪਰ ਛੇ ਐਵਾਰਡ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੁੱਖ ਮੰਤਰੀ ਐਵਾਰਡ ਹੈ। 25,000 ਰੁਪਏ ਤੇ ਪ੍ਰਸ਼ੰਸ਼ਾ ਪੱਤਰ ਪੰਜਾਬ ਦੇ ਉਸ ਕਿਸਾਨ ਨੂੰ ਦਿੱਤਾ ਜਾਵੇਗਾ ਜੋ ਮੁੱਖ ਫ਼ਸਲਾਂ ਦੀ ਖੇਤੀ ਕਰਨ ਵਿੱਚ ਮੋਹਰੀ ਹੈ।

ਦੂਜਾ ਮੁੱਖ ਮੰਤਰੀ ਐਵਾਰਡ ਬਾਗਬਾਨੀ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਉਦਮੀ ਕਿਸਾਨ ਨੂੰ ਦਿੱਤਾ ਜਾਵੇਗਾ। ਤਿੰਨ ਹੋਰ ਇਨਾਮ ਜਿਨਾਂ ਵਿੱਚ 10,000 ਰੁਪਏ ਤੇ ਪ੍ਰਸ਼ੰਸ਼ਾ ਪੱਤਰ ਸ਼ਾਮਲ ਹੋਵੇਗਾ, ਕ੍ਰਮਵਾਰ ਵਿਕਸਤ ਸਿੰਚਾਈ ਤਕਨੀਕਾਂ, ਖੇਤੀ ਮਸ਼ੀਨਰੀ ਤੇ ਜੈਵਿਕ ਖੇਤੀ ਅਪਣਾਉਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ।

6ਵਾਂ ਸਰਦਾਰਨੀ ਪ੍ਰਕਾਸ਼ ਕੌਰ ਯਾਦਗਾਰੀ ਐਵਾਰਡ ਖੇਤੀ, ਬਾਗਬਾਨੀ, ਫੁੱਲਾਂ ਦੀ ਖੇਤੀ ਤੇ ਸਹਾਇਕ ਧੰਦਿਆਂ ਵਿੱਚ ਰੁੱਝੇ ਉਦਮੀ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਵਿੱਚ ਪ੍ਰਸ਼ੰਸ਼ਾ ਪੱਤਰ ਦੇ ਨਾਲ 5000 ਰੁਪਏ ਦਾ ਨਕਦ ਇਨਾਮ ਸ਼ਾਮਲ ਹੋਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha