ਖੇਤੀ ਮਾਹਿਰਾਂ ਤੇ ਵਿਗਿਆਨੀਆਂ ਵੱਲੋਂ ਖੇਤੀ ਯੂਨੀਵਰਸਿਟੀ ਤੋੜਨ ਵਿਰੁੱਧ ਚਿਤਾਵਨੀ

July 26 2017

By: Ajit date: 26 july 2017

ਜਲੰਧਰ, 26 ਜੁਲਾਈ -ਉੱਘੇ ਅਗਾਂਹਵਧੂ ਕਿਸਾਨ ਸ: ਮਹਿੰਦਰ ਸਿੰਘ ਦੋਸਾਂਝ ਦੀ ਪਹਿਲਕਦਮੀ ਉੱਪਰ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਦੀ ਹੋਈ ਇਕ ਭਰਵੀਂ ਮੀਟਿੰਗ ਵਿਚ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਖੇਤੀ ਯੂਨੀਵਰਸਿਟੀ ਦੇ ਟੋਟੇ ਕਰਕੇ ਵੱਖਰੀ ਬਾਗਬਾਨੀ ਯੂਨੀਵਰਸਿਟੀ ਬਣਾਉਣ ਦੀ ਯੋਜਨਾ ਪੰਜਾਬ ਦੀ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜਨ ਦੇ ਬਰਾਬਰ ਹੈ| ਮਾਹਿਰਾਂ ਨੇ ਕਿਹਾ ਕਿ ਖੇਤੀ ਅਤੇ ਬਾਗਬਾਨੀ ਬਹੁਤ ਨੇੜੇ-ਤੇੜੇ ਵਾਲੇ ਕਿੱਤੇ ਹਨ ਅਤੇ ਇਨ੍ਹਾਂ ਦੀ ਪੜ੍ਹਾਈ ਖੋਜ ਤੇ ਵਿਕਾਸ ਲਈ ਬਹੁਤ ਸਾਰਾ ਕੰਮ ਸਾਂਝਾ ਹੈ| ਖੇਤੀ ਯੂਨੀਵਰਸਿਟੀ ਨੇ ਪੰਜਾਬ ਅੰਦਰ ਬਾਗਬਾਨੀ ਨੂੰ ਪ੍ਰਫੁੱ ਲਿਤ ਕਰਨ ਲਈ ਵੀ ਬੜਾ ਅਹਿਮ ਰੋਲ ਅਦਾ ਕੀਤਾ ਹੈ| ਉਨ੍ਹਾਂ ਦਾ ਤਰਕ ਸੀ ਕਿ ਇਕ ਪਾਸੇ ਤਾਂ ਫੰਡਾਂ ਦੀ ਘਾਟ ਕਾਰਨ ਯੂਨੀਵਰਸਿਟੀ 'ਚ ਅਧਿਆਪਕਾਂ ਦੀ ਕਮੀ ਹੈ ਤੇ ਦੂਜਾ ਖੋਜ ਤੇ ਵਿਕਾਸ ਕੰਮਾਂ ਲਈ ਫੰਡ ਹੀ ਨਹੀਂ ਹਨ| ਅਜਿਹੀ ਹਾਲਤ 'ਚ ਨਵੀਂ ਯੂਨੀਵਰਸਿਟੀ ਬਣਾਉਣ ਦੀ ਕੋਈ ਤੁਕ ਹੀ ਨਹੀਂ| ਮਾਹਿਰਾਂ ਨੇ ਸੁਝਾਅ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਬਾਗਬਾਨੀ ਉੱਪਰ ਵਧੇਰੇ ਧਿਆਨ ਕੇਂਦਿ੍ਤ ਕਰਨਾ ਚਾਹੁੰਦੀ ਹੈ ਤਾਂ ਉਹ ਖੇਤੀ ਯੂਨੀਵਰਸਿਟੀ 'ਚ ਬਾਗਬਾਨੀ ਦੇ ਮਾਹਿਰ ਲਿਆਉਣ ਤੇ ਖੋਜ ਤੇ ਵਿਕਾਸ ਲਈ ਫੰਡ ਰਾਖਵੇਂ ਕਰ ਦੇਵੇ| ਮਾਹਿਰਾਂ ਤੇ ਉੱਦਮੀ ਕਿਸਾਨਾਂ ਨੇ ਇਕ ਆਵਾਜ਼ ਵਿਚ ਕਿਹਾ ਕਿ ਖੇਤੀ ਯੂਨੀਵਰਸਿਟੀ ਨੂੰ ਤੋੜਿਆ ਨਾ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਦਿੱਤਾ ਬਾਗਬਾਨੀ ਖੋਜ ਕੇਂਦਰ ਦੁਆਬਾ ਖੇਤਰ ਵਿਚ ਲਗਾਇਆ ਜਾਵੇ ਕਿਉਂਕਿ ਬਾਗਬਾਨੀ ਲਈ ਦੁਆਬੇ ਦੀ ਮਿੱਟੀ, ਜਲਵਾਯੂ ਅਤੇ ਵਾਤਾਵਰਨ ਬੇਹੱਦ ਮੁਆਫ਼ਕ ਹੈ| ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਡਾ: ਐਸ. ਐਸ. ਜੌਹਲ ਨੇ ਕਿਹਾ ਕਿ 40 ਫ਼ੀਸਦੀ ਹਿੱਸਾ ਕੱਟ ਕੇ ਪਹਿਲਾਂ ਪਿਛਲੀ ਸਰਕਾਰ ਨੇ ਵੱਖਰੀ ਵੈਟਰਨਰੀ ਯੂਨੀਵਰਸਿਟੀ ਬਣਾ ਦਿੱਤੀ ਤੇ ਹੁਣ ਬਾਗਬਾਨੀ ਯੂਨੀਵਰਸਿਟੀ ਬਣਾ ਕੇ ਖੇਤੀ ਯੂਨੀਵਰਸਿਟੀ ਦਾ ਭੋਗ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ| ਬਾਗਬਾਨੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ: ਗੁਰਕਮਲ ਸਿੰਘ ਨੇ ਦੱ ਸਿਆ ਕਿ ਪੰਜਾਬ ਵਿਚ ਇਸ ਵੇਲੇ ਸਵਾ ਚਾਰ ਫ਼ੀਸਦੀ ਦੇ ਕਰੀਬ ਰਕਬੇ 'ਚ ਬਾਗਬਾਨੀ ਹੈ ਤੇ ਰਾਜ ਦੀ ਕੁਲ ਵਾਧਾ ਦਰ 'ਚ ਇਸ ਦਾ ਹਿੱਸਾ 10.50 ਫ਼ੀਸਦੀ ਹੈ| ਉਨ੍ਹਾਂ ਯੂਨੀਵਰਸਿਟੀ ਦੀ ਮਜ਼ਬੂਤੀ ਉੱਪਰ ਜ਼ੋਰ ਦਿੱਤਾ| ਖੇਤੀ ਯੂਨੀਵਰਸਿਟੀ 'ਚ ਸਿੱ ਖਿਆ ਪਸਾਰ ਦੇ ਸਾਬਕਾ ਡਾਇਰੈਕਟਰ ਡਾ: ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਇੰਸ ਤੇ ਤਕਨੀਕ ਦੀ ਤਰੱਕੀ ਜ਼ਮਾਨੇ 'ਚ ਰੁਝਾਨ ਖੋਜ ਤੇ ਵਿਕਾਸ ਕਾਰਜਾਂ ਨੂੰ ਖਿੰਡਾਉਣ ਦੀ ਥਾਂ ਇਕੱਠੇ ਕਰਨ ਦਾ ਹੈ ਪਰ ਸਾਡੀ ਸਰਕਾਰ ਇਕ ਦੀ ਥਾਂ ਤਿੰਨ ਯੂਨੀਵਰਸਿਟੀਆਂ ਬਣਾ ਕੇ ਤਿੰਨ ਵੀ. ਸੀ. ਲਾਉਣ ਦੇ ਰਾਹ ਪੈ ਰਹੀ ਹੈ| ਸ: ਮਹਿੰਦਰ ਸਿੰਘ ਦੋਸਾਂਝ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ| ਮੀਟਿੰਗ ਨੂੰ ਕਾਂਗਰਸ ਆਗੂ ਸਤਨਾਮ ਕੈਂਥ, ਰਮਨਜੀਤ ਸਿੰਘ ਵਿਧਾਇਕ ਦੀ ਮਾਤਾ ਸ੍ਰੀਮਤੀ ਸੁਰਿੰਦਰਪਾਲ ਕੌਰ ਆਦਿ ਨੇ ਵੀ ਸੰਬੋਧਨ ਕੀਤਾ|

ਡਾ: ਜੌਹਲ ਨੇ ਕਿਹਾ ਕਿ ਉਹ ਵੀ ਮੁੱਢ 'ਚ ਪੋਸਤ ਦੀ ਖੇਤੀ ਕਰਦੇ ਸਨ

ਪ੍ਰਸਿੱਧ ਅਰਥ ਸ਼ਾਸਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਕਿਸਾਨਾਂ ਨੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ਵਾਂਗ ਪੋਸਤ ਬੀਜਣ ਦੀ ਖੁੱਲ੍ਹ ਦਿੱਤੇ ਜਾਣੀ ਦੀ ਵਕਾਲਤ ਕਰਦਿਆਂ ਕਿਹਾ ਕਿ ਉਹ ਖ਼ੁਦ ਆਪਣੇ ਪਿਤਾ ਨਾਲ ਮਿਲ ਕੇ ਜੰਡਿਆਲਾ ਮੰਜਕੀ ਲਾਗਲੇ ਪਿੰਡ ਚੂਹੇਕੀ ਵਿਖੇ ਇਕ ਏਕੜ 'ਚ ਪੋਸਤ ਦੀ ਖੇਤੀ ਕਰਦੇ ਰਹੇ ਹਨ ਤੇ ਉਨ੍ਹਾਂ ਦੇ ਘਰ ਪੋਸਤ ਦੀਆਂ ਬੋਰੀਆਂ ਪਈਆਂ ਰਹਿੰਦੀਆਂ ਸਨ | ਪਰ ਨਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਤੇ ਨਾ ਹੀ ਕਿਸੇ ਆਂਢੀ-ਗੁਆਂਢੀ ਨੂੰ ਪੋਸਤ ਖਾਣ ਦੀ ਆਦਤ ਪਈ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।