ਕਿਸਾਨਾਂ ਨੇ ਫੂਕਿਆ ਕ੍ਰਿਸ਼ੀ ਮੰਤਰੀ ਦਾ ਪੁਤਲਾ

February 28 2018

ਸਿਰਸਾ, 27 ਫਰਵਰੀ -ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੇ ਬੈਨਰ ਹੇਠ ਕਿਸਾਨਾਂ ਦਾ ਮਿੰਨੀ ਸਕੱਤਰੇਤ ਚ ਜਿਥੇ ਅੱਜ ਵੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ ਉਥੇ ਹੀ ਕਿਸਾਨਾਂ ਨੇ ਹਰਿਆਣਾ ਦੇ ਖੇਤੀ ਮੰਤਰੀ ਓ.ਪੀ. ਧਨਖੜ ਦਾ ਪੁਤਲਾ ਫੂਕ ਕੇ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਧਰਨੇ ਤੇ ਬੈਠੇ ਕਿਸਾਨਾਂ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੁਸ਼ਿਆਰੀ ਲਾਲ ਸ਼ਰਮਾ ਨੇ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ | ਕਿਸਾਨ ਸਰ੍ਹੋਂ ਤੇ ਛੌਲਿਆਂ ਸਮੇਤ ਜਿਣਸ ਦਾ ਸਮਰਥਨ ਮੁੱਲ ਦਿੱਤੇ ਜਾਣ ਤੋਂ ਇਲਾਵਾ ਖ਼ਰਾਬ ਹੋਈ ਫ਼ਸਲ ਦਾ ਬੀਮਾ ਰਾਸ਼ੀ ਦੇਣ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਚ ਧਰਨੇ ਤੇ ਬੈਠੇ ਹਨ | ਅੱਜ ਦੇ ਧਰਨੇ ਦੀ ਪ੍ਰਧਾਨਗੀ ਅਖਿਲ ਭਾਰਤੀ ਕਿਸਾਨ ਸੰਘਰਸ਼ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਕਲ ਪਚਾਰ ਨੇ ਕੀਤੀ | 

ਧਰਨੇ ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨ ਦੇ ਨਾਂ ਤੇ ਸੱਤਾ ਚ ਆਈ ਸੀ ਪਰ ਪਿਛਲੇ ਚਾਰ ਸਾਲਾਂ ਚ ਕਿਸਾਨ ਖੁਸ਼ਹਾਲ ਹੋਣ ਦੀ ਬਜਾਏ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਜਿਆਦਾ ਖ਼ਰਾਬ ਹੋ ਗਈ ਹੈ | ਮਾੜੀ ਆਰਥਿਕ ਸਥਿਤ ਦੀ ਕਾਰਨ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਭਾਵੇਂ ਸਮਰਥਨ ਮੁੱਲ ਦਾ ਐਲਾਨ ਕੀਤਾ ਹੋਇਆ ਹੈ ਪਰ ਵਪਾਰੀ ਕਿਸਾਨਾਂ ਤੋਂ ਔਣੇ-ਪੌਣੇ ਰੇਟਾਂ ਚ ਜਿਣਸ ਖ਼ਰੀਦ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਨਾਂ ਤੇ ਕਿਸਾਨਾਂ ਨਾਲ ਠੱਗੀ ਕੀਤੀ ਗਈ ਹੈ | ਬੀਮੇ ਦਾ ਪ੍ਰੀਮੀਅਮ ਤਾਂ ਕਿਸਾਨਾਂ ਦੇ ਬੈਂਕ ਖਾਤਿਆਂ ਚੋਂ ਜ਼ਬਰੀ ਕੱਟ ਲਿਆ ਗਿਆ ਪਰ ਫ਼ਸਲ ਖ਼ਰਾਬੇ ਜਾਣ ਤੋਂ ਬਾਅਦ ਹੁਣ ਕਿਸਾਨਾਂ ਨੂੰ ਬੀਮੇ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ | ਕਿਸਾਨਾ ਖਰਾਬੇ ਦਾ ਮੁਆਵਜਾ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਇਸ ਮੌਕੇ ਤੇ ਹੁਸ਼ਿਆਰੀ ਲਾਲ ਸ਼ਰਮਾ, ਵਿਕਲ ਪਚਾਰ, ਬਲਬੀਰ ਨੰਬਰਦਾਰ, ਮਦਨ, ਰਮੇਸ਼, ਸੁਰਿੰਦਰ, ਵਿਪਿਨ, ਜਗਦੀਸ਼ ਆਦਿ ਨੇ ਸੰਬੋਧਨ ਕੀਤਾ |

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source :- Ajit