ਕਿਸਾਨ ਜਥੇਬੰਦੀ ਨੇ ਕਰਵਾਇਆ ਟਰੈਕਟਰ ਵਾਪਸ

December 08 2017

ਮਾਨਸਾ: ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸ਼ਤ ਟੁੱਟਣ ਕਾਰਨ ਧਮਕੀਆਂ ਦੇ ਕੇ ਘਰੋਂ ਖੁੱਥਾ ਟਰੈਕਟਰ ਕਿਸਾਨ ਨੂੰ ਵਾਪਸ ਮਿਲ ਗਿਆ ਹੈ। ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝਨੀਰ ਬਲਾਕ ਦੇ ਪਿੰਡ ਮਾਖਾ ਦੇ ਕਿਸਾਨ ਗਾਂਧੀ ਸਿੰਘ ਨੂੰ ਕਿਸ਼ਤਾਂ ਰਾਹੀਂ ਦੋ ਲੱਖ ਪੰਜਾਹ ਹਜ਼ਾਰ ਰੁਪਏ ਭਰਨੇ ਸਨ। ਇਸ ਉੱਪਰ ਕਿਸ਼ਤ ਟੁੱਟਣ ਦੀਆਂ ਪਲਾਂਟੀਆਂ ਲਾ ਕੇ ਤਿੰਨ ਲੱਖ ਰੁਪਏ ਬਣਾਏ ਗਏ।

ਜਥੇਬੰਦੀ ਦੇ ਸੰਘਰਸ਼ ਕਾਰਨ ਇਹ ਸਮਝੌਤਾ ਇੱਕ ਲੱਖ ਅੱਸੀ ਹਜ਼ਾਰ ਰੁਪਏ ਵਿੱਚ ਹੋਇਆ ਹੈ ਜੋ ਦੋ ਕਿਸ਼ਤਾਂ ਰਾਹੀਂ ਭਰਨੇ ਹਨ। ਇੰਨਾ ਹੀ ਨਹੀਂ ਬੈਂਕ ਤੋਂ ਕਿਸਾਨ ਦੇ ਖੜ੍ਹੇ ਡੇਢ ਮਹੀਨਾ ਟਰੈਕਟਰ ਦੀ ਦਿਹਾੜੀ 40,000 ਰੁਪਏ ਵੀ ਦਵਾਏ ਗਏ ਹਨ। ਵਿਆਜ਼ ਪਲਾਂਟੀਆ ਛੱਡਵਾਈਆਂ ਗਈਆਂ ਹਨ, ਜਿਸ ਨਾਲ ਕਿਸਾਨ ਦਾ ਲੱਖ ਰੁਪਏ ਦਾ ਫਾਇਦਾ ਹੋਇਆ। ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਹ ਸਮਝੌਤਾ ਪਰਿਵਾਰ ਦੀ ਰਜ਼ਾਮੰਦੀ ਨਾਲ ਹੋਇਆ ਹੈ।

ਕਿਸਾਨ ਨੂੰ ਟਰੈਕਟਰ ਵਾਪਸ ਮਿਲਣ ‘ਤੇ ਰੈਲੀ ਵੀ ਕੀਤੀ ਗਈ। ਇਸ ਵਿੱਚ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ, ਇਕਬਾਲ ਸਿੰਘ ਮਾਨਸਾ, ਮਨਜੀਤ ਸਿੰਘ ਉਲਕ, ਮਿੱਠੂ ਸਿੰਘ ਬਾਜੇਵਾਲਾ ਤੇ ਬੰਤ ਸਿੰਘ ਮਾਖਾ ਆਗੂ ਹਜ਼ਾਰ ਸਨ।

ਜ਼ਿਕਰਯੋਗ ਹੈ ਕਿ ਕਿਸਾਨ ਗਾਂਧੀ ਸਿੰਘ ਦਾ ਟਰੈਕਟਰ 26 ਅਕਤੂਬਰ ਨੂੰ ਬਠਿੰਡਾ ਦੀ ਐਲ.ਐਨ.ਡੀ. ਬੈਂਕ ਦੇ ਅਧਿਕਾਰੀ ਘਰੋਂ ਧਮਕੀਆਂ ਦੇ ਕੇ ਖੋ ਕੇ ਲੈ ਗਏ ਸਨ। ਇਸ ਨੂੰ ਤਕਰੀਬਨ ਡੇਢ ਮਹੀਨਾ ਬੀਤਣ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਫਾਈਨੈਂਸ ਕੰਪਨੀ ਦੇ ਖਿਲਾਫ ਝੰਡਾ ਚੁੱਕਿਆ।

Source: ABP Sanjha