ਕਿਸਾਨ ਖੁਦਕੁਸ਼ੀਆਂ ਦੇ ਇਹ ਕਾਰਨ ਹੈ, ਹਾਈਕੋਟਰ 'ਚ ਉੱਠਿਆ ਮਾਮਲਾ...

January 12 2018

ਚੰਡੀਗੜ੍ਹ: ਕਿਸਾਨ ਖੇਤੀ ਲਈ ਹੀ ਨਹੀ ਬਲਕਿ ਪਰਿਵਾਰ ਦੇ ਇਲਾਜ ਲਈ ਵੀ ਕਰਜ਼ਾ ਚੁੱਕ ਰਿਹਾ ਹੈ। ਹਾਈਕੋਰਟ ਵਿੱਚ ਇਸ ਮਾਮਲੇ ਵਿੱਚ ਪਟੀਸ਼ਨ ਦਾਖਲ਼ ਹੋਈ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ‘ਚ ਉਨ੍ਹਾਂ ਕਿਸਾਨਾਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਨੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਇਲਾਜ ਲਈ ਕਰਜ਼ਾ ਲਿਆ ਸੀ।

ਵਕੀਲ ਹਰਿੰਦਰ ਸਿੰਘ ਈਸ਼ਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਛੋਟੇ ਕਿਸਾਨ ਹਨ ਜੋ ਇਲਾਜ ਲਈ ਕਰਜ਼ਾ ਲੈ ਰਹੇ ਹਨ ਅਤੇ ਕਰਜ਼ਾ ਵਾਪਸ ਨਾ ਕਰ ਸਕਣ ਕਾਰਨ ਖੁਦਕੁਸ਼ੀ ਕਰ ਰਹੇ ਹਨ ਜਦਕਿ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਹੋਰ ਵੀ ਕਈ ਕਾਰਨ ਹਨ, ਜਿਥੋਂ ਤਕ ਉਨ੍ਹਾਂ ਨੇ ਇਸ ਮਾਮਲੇ ਨੂੰ ਗੌਰ ਨਾਲ ਦੇਖਿਆ ਹੈ, ਤਾਂ ਇਹੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਨ੍ਹਾਂ ਕਿਸਾਨਾਂ ਜਾਂ ਗਰੀਬਾਂ ਨੂੰ ਇਲਾਜ ਵਿਚ ਮਦਦ ਦੇਵੇ ਤਾਂ ਕਾਫੀ ਹੱਦ ਤਕ ਖੁਦਕੁਸ਼ੀ ਦੇ ਮਾਮਲਿਆਂ ‘ਤੇ ਰੋਕ ਲੱਗ ਸਕਦੀ ਹੈ।

ਇਸ ਜਾਣਕਾਰੀ ‘ਤੇ ਜਸਟਿਸ ਏਕੇ ਮਿੱਤਲ ਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਦੇ ਬੈਂਚ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ। ਪਟੀਸ਼ਨਕਰਤਾ ਦਾ ਵਕੀਲ ਇਸ ਬਾਰੇ ਮਾਮਲੇ ਦੀ ਅਗਲੀ ਸੁਣਵਾਈ ‘ਤੇ ਉਨ੍ਹਾਂ ਨੂੰ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਏ, ਫਿਰ ਉਸ ਤੋਂ ਬਾਅਦ ਹੀ ਹਾਈ ਕੋਰਟ ਉੱਚਿਤ ਆਦੇਸ਼ ਜਾਰੀ ਕਰ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha