ਕਣਕ ਦੀ ਫ਼ਸਲ ’ਚ ਨਦੀਨਾਂ ਦੀ ਰੋਕਥਾਮ ਕਿਉਂ ਜ਼ਰੂਰੀ

December 21 2017

ਕਣਕ ਪੰਜਾਬ ਦੀ ਮੁੱਖ ਫ਼ਸਲ ਹੈ, ਇਸ ਤੋਂ ਸਾਲ 2014-15 ਦੌਰਾਨ ਤਕਰੀਬਨ 35 ਲੱਖ 5 ਹਜ਼ਾਰ ਹੈਕਟੇਅਰ ਵਿੱਚ ਕਾਸ਼ਤ ਕਰਕੇ 150 ਲੱਖ 88 ਹਜ਼ਾਰ ਟਨ ਪੈਦਾਵਾਰ ਹੋਈ ਜਦੋਂਕਿ ਪ੍ਰਤੀ ਹੈਕਟੇਅਰ 4304 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ। ਕਣਕ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਨੂੰ ਪ੍ਰਭਾਵਿਤ ਕਰਨ ਵਿੱਚ ਕੀੜੇ, ਬਿਮਾਰੀਆਂ ਅਤੇ ਨਦੀਨ ਅਹਿਮ ਭੂਮਿਕਾ ਨਿਭਾਉਂਦੇ ਹਨ। ਕਣਕ ਦੀ ਫ਼ਸਲ ਵਿੱਚੋਂ ਜੇਕਰ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਪ੍ਰਤੀ ਹੈਕਟੇਅਰ 20 ਤੋਂ 50 ਫ਼ੀਸਦੀ ਪੈਦਾਵਾਰ ਘਟ ਸਕਦੀ ਹੈ। ਮੁੱਖ ਤੌਰ ’ਤੇ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਾਮੀ ਨਦੀਨਾਂ ਤੋਂ ਇਲਾਵਾ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਬਾਥੂ, ਜੰਗਲੀ ਪਾਲਕ, ਮੈਣਾ, ਮੈਣੀ, ਬਟਨ ਬੂਟੀ, ਕੰਡਿਆਲੀ ਪਾਲਕ, ਪਿੱਤ ਪਾਪੜਾ, ਜੰਗਲੀ ਸੇਂਜੀ ਤੇ ਬਟਨ ਬੂਟੀ ਆਦਿ ਨਦੀਨ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਇਨ੍ਹਾਂ ਸਾਰੇ ਨਦੀਨਾਂ ਦੀ ਰੋਕਥਾਮ ਲਈ ਸਿਫ਼ਾਰਸ਼ਸ਼ੁਦਾ ਸਹੀ ਨਦੀਨਨਾਸ਼ਕ ਨੂੰ ਸਹੀ ਸਮੇਂ, ਸਹੀ ਪਾਣੀ ਦੀ ਮਿਕਦਾਰ ਦੇ ਘੋਲ ਵਿੱਚ, ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ  ਸਕਦਾ ਹੈ।

ਘਾਹ ਪੱਤੀ ਵਾਲੇ ਨਦੀਨ: ਕਣਕ ਦੀ ਫ਼ਸਲ ਵਿੱਚ ਘਾਹ ਪੱਤੀ ਵਾਲੇ ਨਦੀਨ ਜਿਵੇਂ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਦੀਨ ਮੁੱਖ ਤੌਰ ’ਤੇ ਪਾਏ ਜਾਂਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਆਈਸੋਪ੍ਰੋਟਯੂਰਾਨ ਨਾਂ ਦੇ ਨਦੀਨਨਾਸ਼ਕ ਦੀ ਵਰਤੋਂ ਕਰਨ ਨਾਲ ਗੁੱਲੀ ਡੰਡੇ ਵਿੱਚ ਸ਼ਹਿਣਸ਼ੀਲਤਾ ਵਧਣ ਕਾਰਨ ਅੜੀਅਲ ਹੋ ਗਿਆ ਹੈ, ਇਸ ਲਈ ਗੁੱਲੀ ਡੰਡੇ ਦੀ ਰੋਕਥਾਮ ਲਈ ਨਵੇਂ ਨਦੀਨਨਾਸ਼ਕ ਸਿਫ਼ਾਰਸ਼ ਕੀਤੇ ਗਏ ਹਨ। ਅੜੀਅਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ ਤੁਰੰਤ ਬਾਅਦ ਜਾਂ ਬੀਜਣ ਤੋਂ ਇੱਕ ਦੋ ਦਿਨਾਂ ਵਿੱਚ ਇੱਕ ਲਿਟਰ ਪੈਂਡੀਮੈਥਾਲੀਨ 30 ਈਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਕਰੋ। ਛਿੜਕਾਅ ਕਰਦੇ ਸਮੇਂ ਇਸ ਗੱਲ ਦਾ ਖ਼ਿਆਲ ਰੱਖੋ ਕਿ ਖੇਤ ਵਿੱਚ ਝੋਨੇ ਦੇ ਮੁੱਢ ਅਤੇ ਮਿੱਟੇ ਦੇ ਢੇਲੇ ਨਾ ਹੋਣ, ਨਹੀਂ ਤਾਂ ਮੁੱਢਾਂ ਅਤੇ ਮਿੱਟੀ ਦੇ ਢੇਲਿਆਂ ਹੇਠ ਨਦੀਨਾਂ ਦਾ ਬੀਜ ਉੱਗ ਪਵੇਗਾ। ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਆਈਸੋਪ੍ਰੋਟਯੂਰਾਨ 75 ਡਬਲਯੂ ਪੀ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈ ਸੀ ਜਾਂ 13 ਗ੍ਰਾਮ ਸਲਫੋਸਲਫੂਰਾਨ 75 ਡਬਲਿਯੂ ਜੀ ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।

ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ: ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80%) ਜਾਂ 2,4-ਡੀ ਐਸਟਰ 36% ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ।

ਜੇਕਰ ਕਣਕ ਦੀ ਫ਼ਸਲ ਵਿੱਚ ਸਖ਼ਤ ਜਾਨ ਨਦੀਨ ਜਿਵੇਂ ਕੰਡਿਆਲੀ ਪਾਲਕ, ਮੈਣਾ, ਮੈਣੀ ਜੰਗਲੀ ਪਾਲਕ, ਤੱਕਲਾ ਅਤੇ ਸੇਂਜੀ ਆਦਿ ਹੋਣ ਤਾਂ 10 ਗ੍ਰਾਮ ਮੈਟਸਲਫੂਰਾਨ 20 ਤਾਕਤ(ਐਲਗ੍ਰਿਪ) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰੋ। ਇਸ ਤੋਂ ਇਲਾਵਾ ਜਿਨ੍ਹਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ (ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ+ ਆਇਉਡੋਸਲਫੂਰਾਨ 3.6 ਡਬਲਿਯੂ ਡੀ ਜੀ (ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ+ ਮੈਟਸਲਫੂਰਾਨ 75 ਡਬਲਿਯੂ ਜੀ(ਟੋਟਲ) ਜਾਂਫਿਨੌਕਸਾਪ੍ਰੋਪ+ ਮੈਟਰੀਬਿਊਜ਼ਿਨ 22 ਈ ਸੀ (ਅੋਕਾਰਡ ਪਲੱਸ) 500 ਮਿਲੀਲਿਟਰ ਪ੍ਰਤੀ ਏਕੜ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ। ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫ਼ਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ’ਤੇ ਰੱਖੋ ਅਤੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ। ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾ ਘੁਮਾਓ। ਜੇ ਖੇਤ ਵਿੱਚ ਸਲਫੋਸਲਫੂਰਾਨ ਨਾਮਕ ਨਦੀਨਨਾਸ਼ਕ ਦੀ ਵਰਤੋਂ ਕੀਤੀ ਹੋਵੇ ਤਾਂ ਸਾਉਣੀ ਸਮੇਂ ਉਨ੍ਹਾਂ ਖੇਤਾਂ ਵਿੱਚ ਚਰ੍ਹੀ ਜਾਂ ਮੱਕੀ ਦੀ ਕਾਸ਼ਤ ਨਾ ਕਰੋ।

*ਖੇਤੀਬਾੜੀ ਅਫ਼ਸਰ, ਪਠਾਨਕੋਟ।

ਸੰਪਰਕ: 94630-71919

ਡਾ. ਅਮਰੀਕ ਸਿੰਘ