ਅੱਗ ਲਾਏ ਬਿਨਾਂ ਤਿਆਰ ਕੀਤੇ ਖੇਤਾਂ ਚ ਵੀ ਹਰੀ-ਭਰੀ ਹੈ ਕਣਕ ਦੀ ਫਸਲ

December 20 2017

 ਗੁਰਦਾਸਪੁਰ - ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਸਰਕਾਰ ਵੱਲੋਂ ਕੀਤੀ ਗਈ ਸਖਤੀ ਕਾਰਨ ਬੇਸ਼ੱਕ ਕਈ ਕਿਸਾਨਾਂ ਨੇ ਅਨੇਕਾਂ ਮਜਬੂਰੀਆਂ ਦਾ ਜ਼ਿਕਰ ਕਰਦੇ ਹੋਏ ਖੇਤਾਂ ਚ ਅੱਗ ਲਾ ਕੇ ਪਰਾਲੀ ਦਾ ਨਿਪਟਾਰਾ ਕੀਤਾ ਹੈ ਪਰ ਇਸ ਦੇ ਉਲਟ ਜਿਹੜੇ ਕਿਸਾਨਾਂ ਨੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਖੇਤੀ ਮਾਹਿਰਾਂ ਦੀ ਸਿਫਾਰਿਸ਼ ਮੁਤਾਬਕ ਅੱਗ ਲਾਏ ਬਿਨਾਂ ਹੀ ਖੇਤ ਤਿਆਰ ਕੀਤੇ ਹਨ, ਉਨ੍ਹਾਂ ਦੇ ਖੇਤਾਂ ਚ ਵੀ ਕਣਕ ਦੀ ਫਸਲ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦੇ ਰਹੀ ਹੈ।

ਅੱਗ ਲਾਉਣ ਦੇ ਰੁਝਾਨ ਚ ਆਈ 50 ਫੀਸਦੀ ਗਿਰਾਵਟ

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਣਤੀ 50 ਫੀਸਦੀ ਤੋਂ ਵੀ ਘੱਟ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਰਾਹੀਂ ਪ੍ਰਾਪਤ ਕੀਤੇ ਗਏ ਵੇਰਵਿਆਂ ਮੁਤਾਬਕ ਪਿਛਲੇ ਸਾਲ 18 ਨਵੰਬਰ ਤੱਕ 80 ਹਜ਼ਾਰ 879 ਖੇਤਾਂ ਚ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਸਿਰਫ਼ 43 ਹਜ਼ਾਰ 660 ਮਾਮਲੇ ਸਾਹਮਣੇ ਆਏ। ਇਸ ਲਈ ਪ੍ਰਦੂਸ਼ਣ ਕੰਟਰੋਲ ਵਿਭਾਗ ਕਾਫੀ ਰਾਹਤ ਮਹਿਸੂਸ ਕਰ ਰਿਹਾ ਹੈ।

ਹਰ ਪੱਖੋਂ ਵਧੀਆ ਹੈ ਅੱਗ ਲਾਏ ਬਿਨਾਂ ਬੀਜੀ ਗਈ ਫਸਲ

ਕਿਸਾਨ ਅਤੇ ਕਿਸਾਨ ਜਥੇਬੰਦੀਆਂ ਇਹ ਕਹਿ ਕਿ ਖੇਤੀਬਾੜੀ ਵਿਭਾਗ ਅਤੇ ਪ੍ਰaਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਦਾ ਵਿਰੋਧ ਕਰਦੀਆਂ ਰਹੀਆਂ ਹਨ ਕਿ ਅੱਗ ਲਾਏ ਬਿਨਾਂ ਖੇਤਾਂ ਚ ਪਰਾਲੀ ਨੂੰ ਨਿਪਟਾਉਣਾ ਸੰਭਵ ਹੀ ਨਹੀਂ ਹੈ ਅਤੇ ਇਸ ਮਕਸਦ ਲਈ ਕਿਸਾਨਾਂ ਨੂੰ ਵਾਧੂ ਖਰਚ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਪੰਜਾਬ ਅੰਦਰ ਸੁਪਰ ਐੱਸ. ਐੱਮ. ਐੱਸ. ਸਿਸਟਮ ਵਾਲੀਆਂ ਕੰਬਾਈਨਾਂ ਨਾਲ ਕਟਾਈ ਕਰਵਾਉਣ ਤੋਂ ਇਲਾਵਾ ਜਿਹੜੇ ਕਿਸਾਨਾਂ ਨੇ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਪਰਾਲੀ ਦਾ ਨਿਪਟਾਰਾ ਕੀਤਾ ਹੈ, ਉਨ੍ਹਾਂ ਖੇਤਾਂ ਚ ਉੱਗ ਕੇ ਤਿਆਰ ਹੋ ਰਹੀ ਕਣਕ ਦੀ ਫਸਲ ਹੋਰ ਖੇਤਾਂ ਦੇ ਮੁਕਾਬਲੇ ਕਿਤੇ ਵਧੀਆ ਹੈ।  

ਖਾਦ ਦੀ ਲੋੜ ਘਟੇਗੀ ਤੇ ਪੈਦਾਵਾਰ ਵਧੇਗੀ : ਮਾਹਿਰ

ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਤਕਰੀਬਨ ਸਾਰੇ ਪਾਸੇ ਕਣਕ ਦੀ ਫਸਲ ਬਹੁਤ ਵਧੀਆ ਹਾਲਤ ਚ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੁਦ ਹੀ ਦੇਖ ਸਕਦੇ ਹਨ ਕਿ ਜਿਹੜੇ ਕਿਸਾਨਾਂ ਨੇ ਅੱਗ ਲਾਏ ਬਿਨਾਂ ਹੀ ਕਣਕ ਦੀ ਬੀਜਾਈ ਕੀਤੀ ਹੈ ਉਨ੍ਹਾਂ ਖੇਤਾਂ ਚ ਕਣਕ ਦੀ ਹਾਲਤ ਕਿੰਨੀ ਬਿਹਤਰ ਹੈ। ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਲਾਏ ਬਗੈਰ ਤਿਆਰ ਕੀਤੇ ਗਏ ਖੇਤਾਂ ਵਿਚ ਖਾਦਾਂ ਦਾ ਖਰਚਾ ਵੀ ਘੱਟ ਹੋਵੇਗਾ ਕਿਉਂਕਿ ਖੇਤਾਂ ਦੀ ਮਿੱਟੀ ਚ ਪਰਾਲੀ ਦੀ ਰਹਿੰਦ-ਖੂੰਹਦ ਤੋਂ ਆਪਣੇ ਆਪ ਦੇਸੀ ਖਾਦ ਤਿਆਰ ਹੋ ਜਾਂਦੀ ਹੈ। ਇੰਨਾ ਹੀ ਨਹੀਂ ਅਜਿਹੇ ਖੇਤਾਂ ਚ ਕਣਕ ਦੀ ਪੈਦਵਾਰ ਵੀ ਵਧੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Punjab Kesri