With the straw burning Twenty-two million crores annually being ash

March 05 2019

This content is currently available only in Punjabi language.

ਉੱਤਰੀ ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਨਾਲ ਸਾਲਾਨਾ 30 ਅਰਬ ਡਾਲਰ ਯਾਨੀ ਕਰੀਬ ਦੋ ਲੱਖ ਕਰੋੜ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਅਮਰੀਕਾ ਦੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਅਤੇ ਸਹਿਯੋਗੀ ਸੰਸਥਾਵਾਂ ਦੇ ਖੋਜੀਆਂ ਨੇ ਪਾਇਆ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਉੱਤਰੀ ਭਾਰਤ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਾਹ ਲੈਣ ’ਚ ਔਖਿਆਈ ਸਬੰਧੀ ਇਨਫੈਕਸ਼ਨ ਹੋਣ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ। ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਨਫੈਕਸ਼ਨ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ।

ਇੰਸਟੀਚਿਊਟ ਦੇ ਰਿਸਰਚ ਫੈਲੋ ਅਤੇ ਅਧਿਐਨ ਦੇ ਸਹਿ ਲੇਖਕ ਸੈਮੁਅਲ ਸਕੌਟ ਨੇ ਕਿਹਾ,‘‘ਹਵਾ ਦੀ ਖ਼ਰਾਬ ਗੁਣਵੱਤਾ ਦੁਨੀਆਂ ਭਰ ’ਚ ਸਿਹਤ ਨਾਲ ਜੁੜੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਅਤੇ ਦਿੱਲੀ ’ਚ ਤਾਂ ਹਵਾ ’ਚ ਜ਼ਹਿਰੀਲੇ ਕਣਾਂ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਤੋਂ 20 ਗੁਣਾ ਤਕ ਵੱਧ ਗਿਆ ਹੈ।’’ ਉਨ੍ਹਾਂ ਕਿਹਾ ਕਿ ਹੋਰ ਕਾਰਨਾਂ ’ਚ ਪੰਜਾਬ ਅਤੇ ਹਰਿਆਣਾ ’ਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਨਿਕਲਣ ਵਾਲੇ ਧੂੰਏਂ ਤੋਂ ਦਿੱਲੀ ’ਚ ਹਵਾ ਦੀ ਗੁਣਵੱਤਾ ’ਤੇ ਅਸਰ ਪੈਂਦਾ ਹੈ। ਅਧਿਐਨ ਦੌਰਾਨ ਪਿੰਡਾਂ ਅਤੇ ਸ਼ਹਿਰਾਂ ’ਚ ਰਹਿੰਦੇ ਹਰ ਉਮਰ ਵਰਗ ਦੇ ਢਾਈ ਲੱਖ ਤੋਂ ਵੱਧ ਲੋਕਾਂ ਦੇ ਸਿਹਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਨਾਸਾ ਦੇ ਸੈਟੇਲਾਈਟ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਦੀ ਵੀ ਵਰਤੋਂ ਕੀਤੀ ਹੈ। ਖੋਜੀਆਂ ਨੇ ਮੰਨਿਆ ਕਿ ਜਿਵੇਂ ਹੀ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਦੀਆਂ ਹਨ ਤਾਂ ਸਾਹ ਲੈਣ ਦੀ ਤਕਲੀਫ਼ ’ਚ ਵਾਧਾ ਹੋ ਜਾਂਦਾ ਹੈ। ਉਨ੍ਹਾਂ ਦੀਵਾਲੀ ਦੌਰਾਨ ਆਤਿਸ਼ਬਾਜ਼ੀ ਕਰਕੇ ਸਿਹਤ ’ਤੇ ਪੈਣ ਵਾਲੇ ਅਸਰ ਬਾਰੇ ਵੀ ਪੜਤਾਲ ਕੀਤੀ ਹੈ। ਖੋਜੀਆਂ ਨੇ ਕਿਹਾ ਕਿ ਆਤਿਸ਼ਬਾਜ਼ੀ ਚਲਾਉਣ ਕਰਕੇ ਹਵਾ ਪ੍ਰਦੂਸ਼ਨ ਨਾਲ ਕਰੀਬ 7 ਅਰਬ ਡਾਲਰ ਜਾਂ ਕਰੀਬ 50 ਹਜ਼ਾਰ ਕਰੋੜ ਰੁਪਏ ਸਾਲਾਨਾ ਦਾ ਨੁਕਸਾਨ ਹੁੰਦਾ ਹੈ। ਪਿਛਲੇ ਪੰਜ ਸਾਲਾਂ ’ਚ ਫ਼ਸਲੀ ਰਹਿੰਦ ਖੂੰਹਦ ਸਾੜਨ ਅਤੇ ਆਤਿਸ਼ਬਾਜ਼ੀ ਚਲਾਉਣ ਨਾਲ ਅੰਦਾਜ਼ਨ 190 ਅਰਬ ਡਾਲਰ ਜਾਂ ਕੁੱਲ ਜੀਡੀਪੀ ਦਾ ਕਰੀਬ 1.7 ਫ਼ੀਸਦੀ ਨੁਕਸਾਨ ਹੋਇਆ ਹੈ। ਅਮਰੀਕਾ ’ਚ ਵਾਸ਼ਿੰਗਟਨ ਯੂਨੀਵਰਸਿਟੀ ਦੀ ਸੁਮਨ ਚਕਰਵਰਤੀ ਨੇ ਕਿਹਾ ਕਿ ਸਰਦੀਆਂ ’ਚ ਉੱਤਰੀ ਭਾਰਤ ’ਚ ਹੈਲਥ ਐਮਰਜੈਂਸੀ ਵਾਲੇ ਹਾਲਾਤ ਬਣ ਜਾਂਦੇ ਹਨ। -ਪੀਟੀਆਈ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune