Farmers marched to the Chief Minister's residence on foot patrol

February 28 2019

This content is currently available only in Punjabi language.

ਐਸ. ਏ. ਐਸ. ਨਗਰ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਗੁਰਦਵਾਰਾ ਅੰਬ ਸਾਹਿਬ ਫ਼ੇਜ਼ 8 ਤੋਂ ਚੰਡੀਗੜ੍ਹ ਵਿਚਲੀ ਮੁੱਖ ਮੰਤਰੀ ਪੰਜਾਬ ਦੀ ਕੋਠੀ ਵਲ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਕੰਮਲ ਰੂਪ ਵਿਚ ਮਾਫ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਰਜ਼ਾ ਕਿਸਾਨਾਂ ਵਲ ਬਣਦਾ ਹੀ ਨਹੀਂ ਹੈ ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁਲ ਨਾ ਦੇ ਕੇ ਇਹ ਕਰਜ਼ਾ ਜ਼ਬਰਦਸਤੀ ਕਿਸਾਨਾਂ ਤੇ ਲੱਦਿਆ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਦਿਤੇ ਕਰਜ਼ੇ ਇਕ ਬਹੁਤ ਵੱਡੀ ਸਾਜ਼ਸ਼ ਹੈ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਅਦਾਰੇ ਅਡਾਨੀ ਅਤੇ ਅੰਬਾਨੀ ਨੂੰ ਦਿਤੀਆਂ ਜਾਣਗੀਆਂ ਜਿਸ ਵਿਚ ਕਾਰਖ਼ਾਨੇ ਲਗਾ ਕੇ ਇਹ ਅਦਾਰੇ ਕਿਸਾਨਾਂ ਤੋਂ ਮਜ਼ਦੂਰੀ ਦਾ ਕੰਮ ਲੈਣਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ 1 ਜੂਨ ਤੋਂ ਰੱਖੀ ਜਾਵੇ ਕਿਉਂਕਿ ਪਿਛਲੇ ਸਾਲ 20 ਜੂਨ ਝੋਨੇ ਦੀ ਲਵਾਈ ਕਾਰਨ ਲੇਬਰ ਦੀ ਸਮੱਸਿਆ ਅਤੇ ਨਮੀ ਦੀ ਸਮੱਸਿਆ ਅਤੇ ਕਣਕ ਦੀ ਬਿਜਾਈ ਲੇਟ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਮਾਲੀ ਨੁਕਸਾਨ ਹੋਇਆ ਹੈ

ਜਿਸ ਦਾ ਪਾਣੀ ਬਚਾਉਣ ਵਿਚ ਕੋਈ ਬਹੁਤਾ ਫ਼ਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਤੇ ਅਫ਼ਸਰਸ਼ਾਹੀ ਭਾਰੂ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ। ਇਸ ਮੌਕੇ ਕਿਸਾਨ ਆਗੂ ਜਗਦੇਵ ਸਿੰਘ ਕਾਲਿਆਵਾਲੀ, ਕੁਲਦੀਪ ਸਿੰਘ ਚੱਕਭਾਈਕੇ, ਬੂਟਾ ਸਿੰਘ ਚਿਮਨੀਵਾਲਾ ਨੇ ਵੀ ਸੰਬੋਧਨ ਕੀਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman