36 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਦੌੜੇ ਥਾਈਲੈਂਡ ਤੋਂ ਦਬੋਚੇ

December 27 2017

ਸੰਗਰੂਰ: ਤਿੰਨ ਦਰਜਨ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ ਭੱਜੇ ਆੜ੍ਹਤੀ, ਮੁਨੀਮ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਪਟਿਆਲਾ ਰੇਂਜ ਦੇ ਡੀਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੰਗਰੂਰ ਪੁਲਿਸ ਦੀ ਮਿਹਨਤ ਸਦਕਾ ਠੱਗੀ ਮਾਰਨ ਵਾਲੇ ਆੜ੍ਹਤੀ ਸਤਨਾਮ ਸਿੰਘ, ਉਸ ਦੇ ਮੁਨੀਮ ਖ਼ਾਨ ਤੇ ਉਸ ਦੇ ਇੱਕ ਸਾਥੀ ਹਰਵਿੰਦਰ ਸਿੰਘ ਨੂੰ ਥਾਈਲੈਂਡ ਤੋਂ ਭਾਰਤ ਡਿਪੋਰਟ ਕਰਵਾਉਣ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ 57 ਲੱਖ ਰੁਪਏ ਨਗਦ ਤੇ ਬਾਕੀ ਠੱਗੀ ਦੇ ਪੈਸੇ ਨਾਲ ਖ਼ਰੀਦਿਆ ਗਿਆ ਢਾਈ ਕਿੱਲੋਗਰਾਮ ਤੋਂ ਜ਼ਿਆਦਾ ਸੋਨਾ ਬਰਾਮਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆੜ੍ਹਤ ਦਾ ਕੰਮ ਕਰਨ ਵਾਲੇ ਸਤਨਾਮ ਸਿੰਘ ਨੇ ਆਪਣੇ ਮੁਨੀਮ ਤੇ ਹੋਰ ਸਾਥੀ ਦੇ ਨਾਲ ਮਿਲ ਕੇ ਕਿਸਾਨਾਂ ਨਾਲ ਠੱਗੀ ਦੀ ਯੋਜਨਾ ਬਣਾਈ ਸੀ। ਸਤਨਾਮ ਸਿੰਘ ਤੇ ਉਸ ਦੇ ਬਾਕੀ ਦੋ ਸਾਥੀਆਂ ਨੇ ਮਿਲਕੇ 36 ਕਿਸਾਨਾਂ ਦੀ ਸਾਉਣੀ ਦੀ ਫ਼ਸਲ ਦੀ ਲੱਖਾਂ ਦੀ ਪੇਮੈਂਟ ਤੋਂ ਇਲਾਵਾ ਕਿਸਾਨਾਂ ਦੇ 84 ਲੱਖ ਦੇ ਕਰੀਬ ਲਿਮਟਾਂ ਦੇ ਚੈੱਕ ਚੋਰੀ ਕਰਕੇ ਇੱਕ ਕਰੋੜ 57 ਲੱਖ ਰੁਪਏ ਦੀ ਠੱਗੀ ਕਰ ਵਿਦੇਸ਼ ਵਿੱਚ ਭੱਜ ਗਏ ਸਨ। ਇੱਥੋਂ ਉਹ ਥਾਈਲੈਂਡ ਨਿਕਲ ਗਏ ਸਨ।

ਵਿਦੇਸ਼ ਭੱਜਣ ਮਗਰੋਂ ਜਦੋਂ ਕਿਸਾਨਾਂ ਨੂੰ ਉਸ ਨਾਲ ਹੋਈ ਠੱਗੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ। ਇਸ ਮਗਰੋਂ ਪੁਲਿਸ ਨੇ ਟੀਮ ਬਣਾ ਕੇ ਕੇਂਦਰੀ ਤੇ ਪੰਜਾਬ ਚੌਕਸੀ ਵਿਭਾਗ ਤੋਂ ਮਦਦ ਲੈ ਕੇ ਤਿੰਨਾਂ ਨੂੰ ਥਾਈਲੈਂਡ ਤੋਂ ਡਿਪੋਰਟ ਕਰਵਾਇਆ। ਫਿਰ ਦਿੱਲੀ ਹਵਾਈ ਅੱਡੇ ਉੱਤੇ ਪਹੁੰਚ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ|

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha