ਦੇਸ਼ ਦੇ ਲਗਪਗ 75 ਕਰੋੜ ਰਾਸ਼ਨ ਕਾਰਡ ਹੋਲਡਰਾਂ ਲਈ ਚੰਗੀ ਖ਼ਬਰ ਹੈ। ਕਾਰਡ ਹੋਲਡਰ ਆਪਣੇ ਕਾਰਡ ਤੇ ਹੁਣ ਐਡਵਾਂਸ 6 ਮਹੀਨੇ ਦਾ ਅਨਾਜ ਲੈ ਸਕਣਗੇ। ਕੇਂਦਰੀ ਖਾਧ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਨਾਜ ਦੇ ਉਪਲਬਧ ਭੰਡਾਰ ਨੂੰ ਦੇਖਦੇ ਹੋਏ ਸਾਰੇ ਰਾਜਾਂ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਅਜੇ ਰਾਸ਼ਨ ਕਾਰਡ ਤੇ 2 ਮਹੀਨੇ ਦਾ ਐਡਵਾਂਸ ਅਨਾਜ ਮਿਲਦਾ ਹੈ। ਸਿਰਫ਼ ਪੰਜਾਬ ਸਰਕਾਰ ਹੀ ਛੇ ਮਹੀਨੇ ਦਾ ਐਡਵਾਂਸ ਅਨਾਜ ਲੈਣ ਦੀ ਸਹੂਲਤ ਦਿੰਦੀ ਹੈ। ਦੱਸ ਦੇਈਏ ਕਿ ਸਰਕਾਰ ਦੇ ਇਸ ਕਦਮ ਨਾਲ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲ ਜਾਵੇਗੀ।
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਸਰਕਾਰੀ ਗੁਦਾਮਾਂ ਵਿਚ ਇਸ ਵੇਲੇ ਲੋੜੀਂਦਾ ਅਨਾਜ ਹੈ। ਅਜੇ ਕੁਝ ਮਾਤਰਾ ਵਿਚ ਕਣਕ ਨੂੰ ਖੁੱਲ੍ਹੇ ਵਿਚ ਰੱਖਿਆ ਗਿਆ ਹੈ। ਅਜਿਹੇ ਵਿਚ ਐਡਵਾਂਸ ਜ਼ਿਆਦਾ ਅਨਾਜ ਚੁੱਕਣ ਨਾਲ ਗੁਦਾਮਾਂ ਤੇ ਦਬਾਅ ਘੱਟ ਕਰਨ ਵਿਚ ਵੀ ਮਦਦ ਮਿਲ ਸਕੇਗੀ। ਪਾਸਵਾਨ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਕੋਲ ਅਜੇ 435 ਲੱਖ ਟਨ ਜ਼ਿਆਦਾ ਅਨਾਜ ਹੈ। ਇਸ ਵਿਚੋਂ 272.19 ਲੱਖ ਟਨ ਚੌਲ ਅਤੇ 162.79 ਲੱਖ ਟਨ ਕਣਕ ਹੈ। ਦੱਸ ਦੇਈਏ ਕਿ ਅਪ੍ਰੈਲ ਵਿਚ ਪੀਡੀਐੱਸ ਦੀ ਲੋੜ ਮੁਤਾਬਕ 135 ਲੱਖ ਟਨ ਚੌਲ ਅਤੇ 74.2 ਲੱਖ ਟਨ ਕਣਕ ਹੈ। ਸਰਕਾਰ ਕੋਲ ਲੋੜੀਂਦੇ ਪੂਰਤੀ ਹੈ। ਪਾਸਵਾਨ ਨੇ ਸਾਰੇ ਰਾਜਾਂ ਨੂੰ ਕਿਹਾ ਕਿ ਉਹ ਚਾਹੇ ਤਾਂ ਐਡਵਾਂਸ ਵਿਚ ਜ਼ਿਆਦਾ ਅਨਾਜ ਚੁੱਕ ਸਕਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ