‘ਬਾਦਲ ਸਟੱਡ ਫਾਰਮ’ ਦੇ ਪੰਡਾਲ ’ਚ ਘੋੜਿਆਂ ਦੇ ਸ਼ੌਕੀਨਾਂ ਦੀ ਭੀੜ

January 17 2019

 ਮੇਲਾ ਮਾਘੀ ਮੌਕੇ ਲੱਗਣ ਵਾਲੀ ਦਸ ਰੋਜ਼ਾ ਕੌਮੀ ਘੋੜਾ ਮੰਡੀ ਵਿਚ ਇਸ ਵਾਰ ਚੰਗੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਪਸ਼ੂਆਂ ਦੀ ਚੰਗੀ ਕੀਮਤ ਮਿਲਣ ਕਰਕੇ ਪਾਲਕਾਂ ਨੇ ਸੁਖ ਦਾ ਸਾਹ ਲਿਆ। ਗੰਗਾਨਗਰ ਤੋਂ ਆਏ ਘੋੜਾ ਪਾਲਕ ਮੁਨੀਸ਼ ਨੇ ਕਿਹਾ ਕਿ ਨੋਟਬੰਦੀ ਦੀ ਮਾਰ ਨੇ ਉਨ੍ਹਾਂ ਦੇ ਵਪਾਰ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਖਰੀਦਦਾਰ ਨਾ ਹੋਵੇ ਤਾਂ ਪਸ਼ੂ ਪਾਲਕਾਂ ਨੂੰ ਪੱਲਿਓਂ ਖੁਆ ਕੇ ਪਸ਼ੂ ਪਾਲਣੇ ਔਖੇ ਹੋ ਜਾਂਦੇ ਹਨ। ਹੁਣ ਨੋਟਬੰਦੀ ਦਾ ਅਸਰ ਘਟਣ ਕਰ ਕੇ ਵਪਾਰ ਵਿਚ ਥੋੜ੍ਹੀ ਤੇਜ਼ੀ ਆਈ ਹੈ। ਇਸ ਕੌਮੀ ਮੰਡੀ ਵਿਚ ਜ਼ਿਆਦਾ ਪੁੱਛਗਿੱਛ ਨੁਕਰੇ ਘੋੜਿਆਂ ਦੀ ਹੈ ਤੇ ਉਸ ਤੋਂ ਬਾਅਦ ਮਾਰਵਾੜੀ ਘੋੜਿਆਂ ਦੀ। ਨੁਕਰਾ ਘੋੜਾ ਬਿਲਕੁਲ ਸਫੈਦ ਹੁੰਦਾ ਹੈ ਤੇ ਮਾਰਵਾੜੀ ਦੀ ਖ਼ੂਬਸੂਰਤੀ ਉਸ ਦੇ ਖੜ੍ਹੇ ਕੰਨਾਂ ਤੇ ਉੱਚੇ ਕੱਦ ਨਾਲ ਹੁੰਦੀ ਹੈ। ਇਸ ਦੌਰਾਨ ਪੁੱਜੇ ਮੁਕਤਸਰ ਨੇੜਲੇ ਪਿੰਡ ਨੰਦਗੜ੍ਹ ਫਤਿਹ ਸਟੱਡ ਫਾਰਮ ਦੇ ਮਾਲਕ ਬਲਕਾਰ ਸਿੰਘ ਬੱਗਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਮਾਰਵਾੜੀ ਘੋੜੇ ਦਾ ਬੱਚਾ 5 ਲੱਖ ਰੁਪਏ ਵਿਚ ਖਰੀਦਿਆ ਸੀ, ਜਿਸ ਦਾ ਹੁਣ ਤਿੰਨ ਗੁਣਾ ਮੁੱਲ ਮਿਲਦਾ ਹੈ। ਉਸਨੇ ਕਿਹਾ ਕਿ ਚੰਗੀ ਨਸਲ ਦੇ ਪਸ਼ੂ ਤਿਆਰ ਕਰਨੇ ਮੁਸ਼ਕਿਲ ਵਾਲਾ ਕੰਮ ਹੈ ਪਰ ਇਸ ਦੀ ਕੀਮਤ ਵੀ ਮੂੰਹ ਮੰਗੀ ਮਿਲਦੀ ਹੈ।

ਇਸ ਪਸ਼ੂ ਮੇਲੇ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ‘ਬਾਦਲ ਸਟੱਡ ਫਾਰਮ’ ਵੱਲੋਂ ਲਾਏ ਪੰਡਾਲ ਵਿਚ ਘੋੜਿਆਂ ਦੇ ਸ਼ੌਕੀਨਾਂ ਦੀਆਂ ਭੀੜਾਂ ਲੱਗੀਆਂ ਰਹੀਆਂ। ਫਾਰਮ ਦੇ ਪ੍ਰਬੰਧਕ ਓਮਕਾਰ ਸਿੰਘ ਬਰਾੜ ਤੇ ਓਮ ਪਾਲ ਨੇ ਦੱਸਿਆ ਕਿ ਮਹੀਨਾ ਕੁ ਪਹਿਲਾਂ ਲਿਆਂਦੇ ਅਮਰੀਕਨ ਘੋੜਿਆਂ ਵਿਚ ਲੋਕਾਂ ਨੇ ਬਹੁਤ ਦਿਲਚਪਸੀ ਦਿਖਾਈ। ਇਸ ਫਾਰਮ ਦਾ ਤਿੰਨ ਵਾਰ ਚੈਂਪੀਅਨ ਰਿਹਾ ਮਾਰਵਾੜੀ ਘੋੜਾ ਵੀ ਪ੍ਰਦਰਸ਼ਨੀ ਵਿਚ ਮੌਜੂਦ ਸੀ। ਹਰਿਆਣਾ ਤੋਂ ਆਏ ਹਾਰਸ ਕਲੱਬ ਨਕੌੜਾ ਦੇ ਧਰਮਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਵਪਾਰੀ ਆਏ ਸਨ ਤੇ ਉਨ੍ਹਾਂ ਨੇ ਖੁੱਲ੍ਹ ਕੇ ਖਰੀਦਦਾਰੀ ਕੀਤੀ, ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਮੰਦੀ ਦਾ ਦੌਰ ਕੁਝ ਘਟਿਆ ਹੈ। ਮੰਡੀ ਪ੍ਰਬੰਧਕ ਗੁਰਚਰਨ ਸਿੰਘ ਭੌਣ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਮੰਡੀ ਵਿਚ ਪਸ਼ੂਆਂ ਦੀ ਆਮਦ ਵਧੀ ਹੈ

ਸਹੂਲਤਾਂ ਦੀ ਘਾਟ ਕਾਰਨ ਪਸ਼ੂ ਪਾਲਕ ਔਖੇ

ਪਸ਼ੂ ਪਾਲਕਾਂ ਨੇ ਮੰਡੀ ਪ੍ਰਬੰਧਾਂ ’ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਕ-ਇਕ ਘੋੜਾ ਲੱਖਾਂ ਰੁਪਏ ਦਾ ਹੈ ਪਰ ਮੰਡੀ ਵਿਚ ਪੱਕੇ ਸ਼ੈੱਡ ਤੇ ਹੋਰ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਨੂੰ ਹਰ ਵੇਲੇ ਪਸ਼ੂਆਂ ਦੇ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੰਡੀ ਆਉਣ ਵਾਲੀ ਸੜਕ ਵੀ ਖਸਤਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਘੋੜਿਆਂ ਦੀ ਇਸ ਕੌਮੀ ਮੰਡੀ ਨੂੰ ਪੂਰੀਆਂ ਸਹੂਲਤਾਂ ਦੇਵੇ ਕਿਉਂਕਿ ਉਹ ਮੰਡੀ ਦੀ ਪੂਰੀ ਫ਼ੀਸ ਅਦਾ ਕਰਦੇ ਹਨ। ਮੰਡੀ ਪ੍ਰਬੰਧਕਾਂ ਨੇ ਕਿਹਾ ਕਿ ਉਹ ਸਰਕਾਰ ਤੱਕ ਮਸਲਾ ਪਹੁੰਚਾ ਚੁੱਕੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune