ਹਲਕਾ ਪੂਰਬੀ ਦੇ 45 ਕਿਸਾਨਾਂ ਨੂੰ ਸਿੱਧੂ ਨੇ ਦਿੱਤੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ

January 28 2019

ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਲਕਾ ਪੂਰਬੀ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕਰਦੇ ਐਲਾਨ ਕੀਤਾ ਹੈ ਕਿ ਕਰਜ਼ਾ ਮੁਆਫੀ ਦੇ ਤੀਸਰੇ ਗੇੜ ਵਿਚ ਪੰਜਾਬ ਦੇ ਕਰੀਬ ਡੇਢ ਲੱਖ ਕਿਸਾਨਾਂ ਦਾ 1009 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਮੁਆਫ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਸਵਾ ਚਾਰ ਲੱਖ ਕਿਸਾਨਾਂ ਦਾ 3452 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੇ ਇਸ ਮੁਆਫੀ ਰੂਪੀ ਹੱਲਾਸ਼ੇਰੀ ਨੂੰ ਕਬੂਲਦੇ ਹੋਏ ਪੰਜਾਬ ਦੇ ਅਨਾਜ਼ ਭੰਡਾਰ ਵਿਚ 3 ਫੀਸਦੀ ਦਾ ਵਾਧਾ ਵੀ ਦਰਜ ਕੀਤਾ ਹੈ।

ਸਿਧੂ ਨੇ ਅੱਜ ਹਲਕਾ ਪੂਰਬੀ ਦੇ 45 ਕਿਸਾਨਾਂ ਨੂੰ 37 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 11663 ਕਿਸਾਨਾਂ ਦਾ 82.70 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਜਾ ਚੁੱਕ ਹੈ ਅਤੇ ਹੁਣ ਪੰਜ ਏਕੜ ਤੱਕ ਦੀ ਮਾਲਕੀ ਵਾਲੇ 5174 ਕਿਸਾਨਾਂ ਦਾ 41.30 ਕਰੋੜ ਰੁਪਏ ਮੁਆਫ ਕੀਤੇ ਜਾ ਰਹੇ ਹਨ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਭਲੇ ਲਈ ਕੁੱਝ ਨਹੀਂ ਕੀਤਾ, ਜਿਸ ਕਾਰਨ ਕਿਸਾਨ ਦੀ ਹਾਲਤ ਪਤਲੀ ਹੁੰਦੀ ਗਈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਆਪਣੇ ਵਾਅਦੇ ਨੂੰ ਪੂਰਾ ਕਰ ਵਿਖਾਇਆ ਹੈ।ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਆਮਦਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅੱਗੇ ਜੋ ਪੈਸਾ ਅਖੌਤੀ ਨੇਤਾਵਾਂ ਦੀ ਜੋਬ ਵਿਚ ਜਾਂਦਾ ਸੀ, ਉਹ ਹੁਣ ਸਰਕਾਰ ਦੇ ਖਜ਼ਾਨੇ ਵਿਚ ਜਾ ਰਿਹਾ ਹੈ।ਉਨਾਂ ਦੱਸਿਆ ਕਿ ਪਹਿਲਾਂ ਸਾਰੇ ਪੰਜਾਬ ਦੀ ਇਸ਼ਤਹਾਰ ਆਮਦਨ ਕੇਵਲ 18 ਕਰੋੜ ਰੁਪਏ ਸੀ, ਜਦਕਿ ਅਸੀਂ ਇਕੱਲੇ ਲੁਧਿਆਣੇ ਵਿਚੋਂ ਹੀ 32 ਕਰੋੜ ਰੁਪਏ ਕਮਾ ਲਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਵਿਕਾਸ ਹੀਰਾ, ਜੁਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ, ਨਵਦੀਪ ਸਿੰਘ ਹੁੰਦਲ, ਮਾਸਟਰ ਹਰਪਾਲ ਸਿੰਘ ਵੇਰਕਾ, ਜਿਲ੍ਹਾ ਮੈਨੇਦਰ ਹਰਜਿੰਦਰ ਸਿੰਘ ਸੰਧੂ, ਹਰਮੋਹਿੰਦਰ ਸਿੰਘ ਮੈਨੇਜਰ ਵੇਰਕਾ, ਅਮਰਦੀਪ ਸਿੰਘ ਹੁੰਦਲ, ਗਗਨਦੀਪ ਕੌਰ ਏ.ਆਰ, ਨਰਿੰਦਰ ਕੁਮਾਰ ਏ.ਆਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjab Post