ਬੇਮੌਸਮੀ ਬਰਸਾਤ ਨੇ ਪੰਜਾਬ 'ਚ ਅਸਮਾਨੀਂ ਚਾੜ੍ਹੇ ਸਬਜ਼ੀਆਂ ਦੇ ਭਾਅ

September 28 2018

ਸੰਗਰੂਰ: ਪੰਜਾਬ ਤੇ ਹਿਮਾਚਲ ਵਿੱਚ ਬੀਤੇ ਦਿਨ ਹੋਈ ਭਰਵੀਂ ਬਾਰਸ਼ ਤਾਂ ਬੇਸ਼ੱਕ ਰੁਕ ਗਈ ਹੈ, ਪਰ ਆਮ ਆਦਮੀ ਨੂੰ ਇਸ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਬਰਸਾਤ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦਾ ਭਾਅ ਤਿੰਨ ਗੁਣਾ ਤਕ ਚੜ੍ਹ ਗਿਆ ਹੈ। ਇਸ ਦਾ ਵੱਡਾ ਕਾਰਨ ਸਬਜ਼ੀ ਦੀ ਸਪਲਾਈ ਵਿੱਚ ਕਮੀ ਆਉਣਾ ਮੰਨਿਆ ਜਾ ਰਿਹਾ ਹੈ।

ਜਿੱਥੇ ਮੀਂਹ ਨੇ ਝੋਨੇ ਤੇ ਕਪਾਹ ਦੀ ਫ਼ਸਲ ਬਰਬਾਦ ਕੀਤੀ ਹੈ, ਉੱਥੇ ਹੀ ਸਬਜ਼ੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪਾਣੀ ਭਰਨ ਕਾਰਨ, ਸਬਜ਼ੀ ਮੰਡੀਆਂ ਵਿੱਚ ਨਹੀਂ ਪਹੁੰਚ ਰਹੀ ਤੇ ਇਸ ਦਾ ਭਾਅ ਵੀ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਤਕ ਮਿਲ ਰਹੇ ਹਨ।

ਮੰਡੀ ਦੀ ਤਾਜ਼ਾ ਜਾਣਕਾਰੀ ਮੁਤਾਬਕ 10-15 ਰੁਪਏ ਫ਼ੀ ਕਿੱਲੋ ਦੇ ਹਿਸਾਬ ਨਾਲ ਵਿਕਣ ਵਾਲੀ ਸ਼ਿਮਲਾ ਮਿਰਚ ਹੁਣ 25-30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਮਿਰਚ ਦਾ ਭਾਅ ਵੀ 35 ਰੁਪਏ ਪ੍ਰਤੀ ਕਿਲੋ ਤਕ ਚੜ੍ਹ ਗਿਆ ਹੈ। ਟਮਾਟਰ ਦੀ ਕੀਮਤ ਵੀ 12-15 ਰੁਪਏ ਪ੍ਰਤੀ ਕਿੱਲੋ ਤੋਂ ਚੜ੍ਹ ਕੇ 22 ਰੁਪਏ ਫ਼ੀ ਕਿੱਲੋ ਤਕ ਪਹੁੰਚ ਗਈ ਹੈ। ਇਸੇ ਤਰ੍ਹਾਂ ਕਰੇਲਾ, ਭਿੰਡੀ ਤੇ ਗੋਭੀ 40 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਿਆ ਹੈ। ਮੰਡੀਆਂ ਵਿੱਚ ਸਬਜ਼ੀ ਦੇ ਭਾਅ ਚੜ੍ਹਨ ਨਾਲ ਆਮ ਆਦਮੀ ਤੇ ਪ੍ਰਚੂਨ ਗਾਹਕਾਂ ਦਾ ਬਜਟ ਹਿੱਲ ਗਿਆ ਹੈ।

Source: ABP Sanjha