ਬਾਗਬਾਨੀ ਖੋਜ ਕੇਂਦਰ ਵਿੱਚ ਹੋ ਰਹੀ ਦੇਰੀ ਸਬੰਧੀ ਕੈਪਟਨ ਨੇ ਕੇਂਦਰ ਨੂੰ ਪੱਤਰ ਲਿਖਿਆ

January 28 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ (ਪੀਜੀਆਈਐੱਚਆਰਈ) ਦੀ ਸਥਾਪਨਾ ਸਬੰਧੀ ਪ੍ਰਾਜੈਕਟ ਵਿਚ ਗੈਰ-ਜ਼ਰੂਰੀ ਦੇਰੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਪ੍ਰਸਤਾਵ ਪ੍ਰਵਾਨ ਕਰਨ ਮਗਰੋਂ ਪੀਜੀਆਈਐੱਚਆਰਈ ਸਥਾਪਤ ਕਰਨ ਵਾਸਤੇ ਅਟਾਰੀ, ਅੰਮ੍ਰਿਤਸਰ ਵਿਚ 100 ਏਕੜ ਅਤੇ ਅਬੋਹਰ ਵਿਚ 50 ਏਕੜ ਹੋਰ ਜ਼ਮੀਨ ਤਬਦੀਲ ਕਰ ਦਿੱਤੀ ਹੈ। ਗੌਰਤਲਬ ਹੈ ਕਿ ਕੇਂਦਰੀ ਮੰਤਰੀ ਨੇ ਸਾਲ 2015-16 ਦਾ ਕੇਂਦਰੀ ਬਜਟ ਪੇਸ਼ ਕਰਦੇ ਹੋਏ ਅੰਮ੍ਰਿਤਸਰ ਵਿਚ ਪੀਜੀਆਈਐੱਚਆਰਈ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਡਾਇਰੈਕਟਰ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ (ਡੀ.ਏ.ਆਰ.ਈ.)/ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ.) ਦੀ ਟੀਮ ਨੇ ਅੰਮ੍ਰਿਤਸਰ-ਅਟਾਰੀ ਰਾਜਸੀ ਮਾਰਗ ’ਤੇ 25-30 ਏਕੜ ਹੋਰ ਵਾਧੂ ਜ਼ਮੀਨ ਪ੍ਰਬੰਧਕੀ-ਕਮ-ਅਕਾਦਮਿਕ ਕੈਂਪਸ ਅਤੇ ਹੋਸਟਲ ਸਥਾਪਤ ਕਰਨ ਲਈ ਸ਼ਨਾਖਤ ਕੀਤੀ ਸੀ, ਪਰ ਵਾਰ-ਵਾਰ ਪੱਤਰ ਲਿਖੇ ਜਾਣ ਅਤੇ ਨਿੱਜੀ ਪਹੁੰਚ ਕਰਨ ਦੇ ਬਾਵਜੂਦ ਡੀਏਆਰਈ/ਆਈਸੀਏਆਰ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸਤਾਵਿਤ ਬਾਗਵਾਨੀ, ਖੋਜ ਅਤੇ ਸਿੱਖਿਆ ਇੰਸਟੀਚਿਊਟ ਨੂੰ ਬਿਨਾਂ ਦੇਰੀ ਤੋਂ ਅਮਲ ਵਿਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਕਿਸਾਨਾਂ ਨੂੰ ਰਿਵਾਇਤੀ ਖੇਤੀਬਾੜੀ ਤੋਂ ਬਾਗਬਾਨੀ ਵੱਲ ਮੋੜਨ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune