ਫਸਲਾਂ ਵਾਸਤੇ ਅੰਮ੍ਰਿਤ ਬਣ ਕੇ ਵਰ੍ਹਿਆ ਮੀਂਹ

January 23 2019

ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਲਾਲੀ ਲੈ ਆਂਦੀ ਹੈ। ਪਿਛਲੇ 24 ਘੰਟਿਆਂ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ 10 ਤੋਂ ਲੈ ਕੇ 60 ਐਮਐਮ ਤੱਕ ਮੀਂਹ ਪਿਆ ਹੈ। ਇਹ ਮੀਂਹ ਫ਼ਸਲਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਤੇ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਖ਼ਾਸ ਕਰਕੇ ਇਹ ਮੀਂਹ ਕੰਢੀ ਇਲਾਕੇ ਦੇ ਕਿਸਾਨਾਂ ਲਈ ਜ਼ਿਆਦਾ ਲਾਹੇਵੰਦ ਮੰਨਿਆ ਜਾ ਰਿਹਾ ਹੈ ਕਿਉਂਕਿ ਉਥੋਂ ਦੇ ਕਿਸਾਨਾਂ ਨੂੰ ਜ਼ਿਆਦਾਤਰ ਮੀਂਹ ’ਤੇ ਹੀ ਨਿਰਭਰ ਕਰਨਾ ਪੈਂਦਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਵਾਸਤੇ ਇਹ ਮੀਂਹ ਦੇਸੀ ਘਿਓ ਵਾਂਗ ਕੰਮ ਕਰੇਗਾ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਤੱਕ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਹੁਣ ਜਦੋਂ ਕਣਕ ਦੇ ਬੂਟੇ ਜਾੜ ਫੜ ਰਹੇ ਹਨ, ਉਸ ਵੇਲੇ ਮੀਂਹ ਪੈਣਾ ਕਣਕ ਲਈ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੰਢੀ ਇਲਾਕੇ ਦੇ ਕਿਸਾਨਾਂ ਅਨੁਸਾਰ ਦਸੰਬਰ ਵਿਚ ਕਣਕ ਨੂੰ ਪਹਿਲਾ ਪਾਣੀ ਲਗਦਾ ਹੈ ਤੇ ਜਨਵਰੀ ਵਿਚ ਦੂਜਾ ਪਾਣੀ ਲਾਇਆ ਜਾਂਦਾ ਹੈ। ਹੁਣ ਜਦੋਂ ਕਿਸਾਨ ਪਾਣੀ ਲਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਮੀਂਹ ਪੈ ਗਿਆ। ਇਸ ਦਾ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਇਆ ਹੈ। ਦੋਆਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕਿਸਾਨਾਂ ਨਾਲ ਕੀਤੀ ਗੱਲਬਾਤ ਦੌਰਾਨ ਵੀ ਇਹੋ ਹੀ ਗੱਲ ਉਭਰ ਕੇ ਸਾਹਮਣੇ ਆਈ ਕਿ ਇਹ ਮੀਂਹ ਕਣਕਾਂ ਲਈ ਲਾਹੇਵੰਦ ਰਹੇਗਾ। ਇਸ ਮੀਂਹ ਨੇ ਧਰਤੀ ਹੇਠਲੇ ਪਾਣੀ ਦੀ ਵੀ ਵੱਡੀ ਪੱਧਰ ’ਤੇ ਬੱਚਤ ਕਰਵਾਈ ਹੈ। ਪਿੰਡ ਸਰੂਪਵਾਲ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਂਹ ਨੇ ਇਕ ਤਰ੍ਹਾਂ ਨਾਲ ਕਣਕ ਲਈ ਖਾਦ ਵਾਲਾ ਕੰਮ ਹੀ ਕੀਤਾ ਹੈ।

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨਰੇਸ਼ ਗੁਲਾਟੀ ਨੇ ਦੱਸਿਆ ਕਿ ਜਿੱਥੇ ਕਣਕਾਂ ਲਈ ਇਹ ਮੀਂਹ ਲਾਹੇਵੰਦ ਹੈ, ਉਥੇ ਕਿਸਾਨਾਂ ਨੂੰ ਇਸ ਗੱਲ ਤੋਂ ਵੀ ਚੌਕਸ ਰਹਿਣਾ ਪਵੇਗਾ ਕਿ ਉਹ ਖੇਤਾਂ ਵਿਚ ਲਗਾਤਾਰ ਗੇੜਾ ਰੱਖਣ। ਤਾਪਮਾਨ ਘਟਣ ਨਾਲ ਕਣਕ ਨੂੰ ਪੀਲੀ ਕੁੰਗੀ ਦੀ ਬਿਮਾਰੀ ਲੱਗਣ ਦਾ ਵੀ ਡਰ ਰਹਿੰਦਾ ਹੈ। ਦੋਆਬੇ ਵਿਚ ਇਸ ਬਿਮਾਰੀ ਤੋਂ ਬਚਾਅ ਹੈ ਪਰ ਰੋਪੜ ਦੇ ਇਕ ਪਿੰਡ ਵਿਚ ਇਸ ਦਾ ਹਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਵੇਰੇ-ਸ਼ਾਮ ਖੇਤਾਂ ਵਿਚ ਕਣਕ ਦੀ ਸਿਹਤ ਨੂੰ ਜ਼ਰੂਰ ਦੇਖਣ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਬੁੱਧਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune