ਪੰਜਾਬ ਦੇ ਕਿਸਾਨਾਂ ਦੇ ਮਨ ਨਾ ਲੱਗੀ ਔਸ਼ਧੀ ਗੁਣਾਂ ਵਾਲੇ ਪੌਦਿਆਂ ਦੀ ਖੇਤੀ

January 22 2019

ਪੰਜਾਬ ਸਰਕਾਰ ਨੇ ਰਾਜ ਵਿਚ ਇਸ ਵਰ੍ਹੇ ‘ਮੈਡੀਸਨਲ ਪਲਾਂਟ’ (ਔਸ਼ਧੀ ਗੁਣਾਂ ਵਾਲੇ ਪੌਦੇ) ਦੀ 605 ਏਕੜ ਰਕਬੇ ਵਿਚ ਖੇਤੀ ਕਰਾਉਣ ਲਈ ਸਬਸਿਡੀ ਰੱਖੀ ਸੀ ਪਰ ਪੰਜਾਬ ਦੇ ਕਿਸਾਨਾਂ ਨੇ ਇਸ ਵਿਚ ਵਧੇਰੇ ਰੁਚੀ ਨਹੀਂ ਦਿਖਾਈ। ਸਾਲ 2018-19 ਪੂਰਾ ਹੋਣ ਨੂੰ ਆਇਆ ਹੈ ਪਰ ਸਰਕਾਰ ਦੇ ਰੱਖੇ ਗਏ ਟੀਚੇ ਤੋਂ ਕਿਸਾਨ ਕਾਫੀ ਪਿੱਛੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਤੁਲਸੀ ਦੇ 10 ਏਕੜ, ਐਲੋਵੇਰਾ ਦੇ 152.5 ਏਕੜ, ਸਟੀਵੀਆ ਦੇ 180 ਏਕੜ, ਆਂਵਲਾ ਦੇ 152. 5 ਏਕੜ, ਅਸ਼ਵਗੰਧਾ ਦੇ 40 ਏਕੜ ਅਤੇ ਚੰਦਨ ਦੀ 70 ਏਕੜ ਵਿਚ ਖੇਤੀ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਖੇਤੀ ਕਰਨ ਵਾਲੇ ਕਿਸਾਨ ਨੂੰ ਸਬਸਿਡੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਵੇਂ ਤੁਲਸੀ ਲਈ 5270 ਰੁਪਏ ਪ੍ਰਤੀ ਏਕੜ, ਐਲੋਵੇਰਾ ਲਈ 7466 ਰੁਪਏ ਪ੍ਰਤੀ ਏਕੜ, ਸਟੀਵੀਆ ਲਈ 18083 ਰੁਪਏ ਪ੍ਰਤੀ ਏਕੜ, ਆਂਵਲਾ ਲਈ 11419 ਰੁਪਏ ਪ੍ਰਤੀ ਏਕੜ, ਅਸ਼ਵਗੰਧਾ ਲਈ 4392 ਰੁਪਏ ਪ੍ਰਤੀ ਏਕੜ ਅਤੇ ਚੰਦਨ ਲਈ 21390 ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾਵੇਗੀ।

ਪੰਜਾਬ ਵਿਚ ਤਿੰਨ ਵਣ ਮੰਡਲ ਪਟਿਆਲਾ, ਬਠਿੰਡਾ ਅਤੇ ਫਿਲੌਰ ਹਨ। ਇਨ੍ਹਾਂ ਵਿਚੋਂ ਫਿਲੌਰ ਦੇ ਸੱਤ ਜ਼ਿਲ੍ਹਿਆਂ ਵਿਚੋਂ ਸਿਰਫ਼ 12 ਕਿਸਾਨਾਂ ਨੇ ਬੁਕਿੰਗ ਕਰਾਈ ਹੈ, ਪਟਿਆਲਾ ਦੇ ਸੱਤ ਜ਼ਿਲ੍ਹਿਆਂ ਵਿਚੋਂ 42 ਕਿਸਾਨਾਂ ਨੇ ਜਦਕਿ ਬਠਿੰਡਾ ਦੇ ਅੱਠ ਜ਼ਿਲ੍ਹਿਆਂ ਵਿਚੋਂ ਦੋ ਦਰਜਨ ਦੇ ਕਰੀਬ ਕਿਸਾਨਾਂ ਨੇ ਬੁਕਿੰਗ ਕਰਵਾਈ ਹੈ। ਚੰਦਨ ਦੀ ਖੇਤੀ ਲਈ ਜ਼ਿਆਦਾਤਰ ਰੂਪਨਗਰ ਤੇ ਮੁਹਾਲੀ ਜ਼ਿਲ੍ਹੇ ਦੇ ਪਹਾੜੀਆਂ ਨਾਲ ਲੱਗਦੇ ਇਲਾਕੇ ਨੂੰ ਚੁਣਿਆ ਗਿਆ ਹੈ। ਐਲੋਵੇਰਾ ਬਠਿੰਡਾ ਇਲਾਕੇ ਵਿਚ ਪਰ ਰੂਪਨਗਰ ਜ਼ਿਲ੍ਹਾ ਵੀ ਇਸ ਲਈ ਯੋਗ ਮੰਨਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉੱਪਰ ਦਿੱਤੇ ਮੈਡੀਸਨਲ ਪਲਾਂਟ ਪੰਜਾਬ ਦੇ ਹਰੇਕ ਇਲਾਕੇ ਵਿਚ ਹੋ ਸਕਦੇ ਹਨ।

ਪਟਿਆਲਾ ਦੇ ਵਣ ਮੰਡਲ (ਵਿਸਥਾਰ) ਮੁਖੀ ਜਗਰਾਜ ਸਿੰਘ ਨੇ ਦੱਸਿਆ ਕਿ ਜੋ ਕਿਸਾਨ ਇਸ ਕਿਸਮ ਤਹਿਤ ਆਪਣੇ ਖੇਤਾਂ ਵਿੱਚ ਇਹ ਪੌਦੇ ਲਾਉਣਾ ਚਾਹੁੰਦੇ ਹਨ ਜਾਂ ਲਗਾ ਚੁੱਕੇ ਹਨ, ਉਨ੍ਹਾਂ ਨੂੰ ਇਸ ਸਕੀਮ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਿਸਾਨ ਤੋਂ ਲੋੜੀਂਦਾ ਰਿਕਾਰਡ ਲਿਆ ਜਾਵੇਗਾ ਜਿਵੇਂ ਕਿ ਜ਼ਮੀਨ ਦੀ ਫ਼ਰਦ, ਆਧਾਰ ਕਾਰਡ ਦੀ ਕਾਪੀ ਅਤੇ ਬੈਂਕ ਅਕਾਊਂਟ ਦਾ ਵੇਰਵਾ ਆਦਿ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੀਆਂ ਪੰਚਾਇਤੀ ਜ਼ਮੀਨਾਂ ’ਤੇ ਇਕ-ਤਿਹਾਈ ਰਕਬੇ ’ਤੇ ਪਲਾਂਟੇਸ਼ਨ ਕਰਨ ਦਾ ਉਪਬੰਧ ਵੀ ਹੈ, ਜਿਸ ਅਨੁਸਾਰ ਪਾਣੀ ਦੀ ਮਾਤਰਾ ਨੂੰ ਕੰਟਰੋਲ ਕਰਨ ਲਈ ਲੰਬੀ ਰੋਟੇਸ਼ਨ ਵਾਲੇ ਫਲ, ਮੈਡੀਸਨਲ ਪਲਾਂਟ ਲਗਾਏ ਜਾਣੇ ਹਨ। ਇਹ ਬਿਜਾਈ ਫਰਵਰੀ ਵਿਚ ਹੋਵੇਗੀ।

ਵਣ ਮੰਡਲ (ਵਿਸਥਾਰ) ਮੁਖੀ ਫਿਲੌਰ ਵਿਕਰਮ ਸਿੰਘ ਕੁੰਦਰਾ ਨੇ ਦੱਸਿਆ ਕਿ ਮੈਡੀਸਨ ਪਲਾਂਟਾਂ ਦਾ ਮੰਡੀਕਰਨ ਨਾ ਹੋਣ ਕਰਕੇ ਕਿਸਾਨਾਂ ਨੇ ਇਹ ਸਕੀਮ ਨਹੀਂ ਅਪਣਾਈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਰਕੇ ਕਿਸਾਨ ਇਸ ਸਕੀਮ ਵੱਲ ਮੂੰਹ ਨਹੀਂ ਕਰ ਰਹੇ। ਕਿਸਾਨ ਨਵਜੋਤ ਸਿੰਘ ਸ਼ੇਰਗਿੱਲ ਮਜਾਲ ਖ਼ੁਰਦ ਨੇ ਦੱਸਿਆ ਕਿ ਜੇਕਰ ਸਰਕਾਰ ਮੰਡੀਕਰਨ ਦਾ ਪੁਖ਼ਤਾ ਪ੍ਰਬੰਧ ਕਰੇ ਤਾਂ ਕੋਈ ਵੀ ਕਿਸਾਨ ਮੈਡੀਸਨਲ ਪਲਾਂਟ ਬੀਜਣ ਲਈ ਤਿਆਰ ਹੋਵੇਗਾ।

ਜੰਗਲਾਤ ਪੰਜਾਬ ਦੇ ਪੀਸੀਸੀਐੱਫ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਮੈਡੀਸਨਲ ਪਲਾਂਟ ਦੀ ਖੇਤੀ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਹਿਲਾਂ ਵੀ ਮੈਡੀਸਨਲ ਪਲਾਂਟ ਜੰਗਲਾਂ ਵਿਚ ਹਨ ਪਰ ਉਹ ਪਛਾਣ ਕਰਵਾ ਕੇ ਲੋਕਾਂ ਤੱਕ ਪਹੁੰਚਾ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune