ਪੇਂਡੂ ਇਲਾਕਿਆਂ ਵਿਚ ਕਾਰੋਬਾਰ ਸਥਾਪਤ ਕਰਨ ਵਾਲਿਆਂ ਦੀ ਨਾਬਾਰਡ ਮਦਦ ਕਰੇ: ਕੈਪਟਨ

January 10 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ਰੀਬ ਦਿਹਾਤੀ ਨੌਜਵਾਨਾਂ, ਘੱਟ ਜ਼ਮੀਨਾਂ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿਚਾਲੇ ਛੋਟੇ ਖੇਤੀ ਵਪਾਰ ਨੂੰ ਹੁਲਾਰਾ ਦੇਣ ਲਈ ਨਾਬਾਰਡ ਦੇ ਫੰਡਾਂ ਦੇ ਪ੍ਰਸਤਾਵ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ ਵਿਚ ਵਿਭਿੰਨਤਾ ਲਈ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਬਨਵਾਲਾ ਨੂੰ ਆਖਿਆ ਹੈ ਤਾਂ ਜੋ ਕਿਸਾਨਾਂ ਅਤੇ ਦਿਹਾਤੀ ਵਸੋਂ ਲਈ ਫ਼ਸਲੀ ਕਰਜ਼ੇ ਦੇ ਐਡਵਾਂਸ ਨੂੰ ਮਿਆਦੀ ਕਰਜ਼ੇ ਵਿਚ ਲਿਆ ਕੇ ਇਸ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ।ਨਾਬਾਰਡ ਦੇ ਚੇਅਰਮੈਨ ਨਾਲ ਅੱਜ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੌਜਵਾਨ ਉੱਦਮੀਆਂ ਨੂੰ ਅਜਿਹੇ ਕਰਜ਼ੇ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਵੀ ਸੁਝਾਅ ਦਿੱਤਾ, ਜੋ ਦਿਹਾਤੀ ਇਲਾਕਿਆਂ ਵਿਚ ਆਪਣੇ ਉੱਦਮ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਨਾਲ ਬੇਰੁਜ਼ਗਾਰੀ ਦੀ ਸੱਮਸਿਆ ਹੱਲ ਕਰਨ ਵਿਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨਜ਼ (ਐੱਫ.ਪੀ.ਓ.) ਦੇ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਦੇ ਨਾਬਾਰਡ ਦੇ ਚੇਅਰਮੈਨ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਲਈ ਮਦਦ ਕਰੇਗਾ, ਜੋ ਆਪਣੇ ਉਤਪਾਦ ਲਈ ਢੁਕਵੇਂ ਮੰਡੀਕਰਨ, ਬੁਨਿਆਦੀ ਢਾਂਚੇ ਦੀ ਕਮੀ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਮੁੱਖ ਮੰਤਰੀ ਨੇ ਫਾਰਮਰ ਪ੍ਰੋਡਿਊਸ ਆਰਗਨਾਈਜ਼ੇਸ਼ਨਜ਼ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਕਾਇਮ ਕਰਨ ਲਈ ਵੀ ਆਖਿਆ ਤਾਂ ਜੋ ਇਸ ਨੂੰ ਲਾਗੂ ਕਰਨ ਵਾਸਤੇ ਉਤਸ਼ਾਹਿਤ ਕਰਨ ’ਤੇ ਨਿਗਰਾਨੀ ਰੱਖੀ ਜਾਵੇ। ਇਸ ਕਮੇਟੀ ਵਿਚ ਸਕੱਤਰ ਖੇਤੀਬਾੜੀ ਅਤੇ ਨਾਬਾਰਡ ਦੇ ਨੁਮਾਇੰਦੇ ਨੂੰ ਮੈਂਬਰ ਸਕੱਤਰ ਲਏ ਜਾਣ ਲਈ ਆਖਿਆ ਗਿਆ।

ਕਰਜ਼ਾ ਦੇਣ ਸਬੰਧੀ ਕਾਰਜਾਂ ਵਿਚ ਹੋਰ ਬਿਹਤਰ ਤਾਲਮੇਲ ਲਈ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦਾ ਰਲੇਵਾਂ ਕਰ ਕੇ ਸੰਸਥਾ ਬਣਾਉਣ ਸਬੰਧੀ ਨਾਬਾਰਡ ਦੀ ਤਜਵੀਜ਼ ਨਾਲ ਸਹਿਮਤੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਨ੍ਹਾਂ ਦੋਵਾਂ ਬੈਂਕਾਂ ਦੇ ਰਲੇਵੇਂ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ। ਕੈਪਟਨ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਸਬੰਧਿਤ ਵਿਭਾਗਾਂ ਦੀ ਅਗਾਊਂ ਪ੍ਰਸ਼ਾਸਕੀ ਪ੍ਰਵਾਨਗੀ ਨਾਲ ਵਿਕਾਸ ਪ੍ਰੋਗਰਾਮ ਤੇ ਸਕੀਮਾਂ ਦੀ ਸੂਚੀ ਨਾਬਾਰਡ ਦੀ ਮਨਜ਼ੂਰੀ ਲਈ ਘੱਟੋ-ਘੱਟ ਛੇ ਮਹੀਨੇ ਪਹਿਲਾਂ ਪੇਸ਼ ਕੀਤੀ ਜਾਵੇ। ਨਾਬਾਰਡ ਦੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿਚ 91 ਐੱਫ.ਪੀ.ਓ. ਕਾਰਜਸ਼ੀਲ ਹਨ ਅਤੇ ਸੂਬਾ ਸਰਕਾਰ ਦੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਘੱਟੋ-ਘੱਟ ਸਮਰਥਨ ਤੋਂ ਬਿਨਾਂ 22 ਫ਼ਸਲਾਂ ਨੂੰ ਕਿਸਾਨਾਂ ਵਿਚ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਨਾਬਾਰਡ ਦੇ ਮਾਈਕਰੋ ਇਰੀਗੇਸ਼ਨ ਫੰਡ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕੰਢੀ ਖੇਤਰ ਅਤੇ ਦੱਖਣੀ ਜ਼ਿਲ੍ਹਿਆਂ ਵਿਚ ਸਭ ਤੋਂ ਪ੍ਰਭਾਵਿਤ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ, ਜਿੱਥੇ ਇਸ ਸਕੀਮ ਤਹਿਤ ਪਹਿਲ ਦੇ ਆਧਾਰ ’ਤੇ ਫੰਡ ਹਾਸਲ ਕੀਤੇ ਜਾ ਸਕਦੇ ਹਨ। ਨਾਬਾਰਡ ਦੇ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੰਢੀ ਖੇਤਰ ਵਿਚ ਨਾਬਾਰਡ 7-8 ਕਰੋੜ ਰੁਪਏ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਤਿਆਰ ਹੈ।

ਮੀਟਿੰਗ ਦੌਰਾਨ ਡਾ. ਬਨਵਾਲਾ ਨੇ ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਦੀ ਉਚੇਰੀ ਵਿਕਾਸ ਦਰ ਨੂੰ ਯਕੀਨੀ ਬਣਾਉਣ ਲਈ ਜ਼ਮੀਨਦੋਜ਼ ਪਾਣੀ ਦੀ ਸੰਭਾਲ, ਲੜੀਵਾਰ ਵਿਕਾਸ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਅਤੇ ਸੌਰ ਊਰਜਾ ’ਤੇ ਪੰਪ ਸੈੱਟ ਚਲਾਉਣ ਸਮੇਤ ਹੋਰ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਦੇ ਖੇਤੀ ਅਤੇ ਪੇਂਡੂ ਵਿਕਾਸ ਦੇ ਬੁਨਿਆਦੀ ਢਾਂਚੇ ’ਤੇ ਆਧਾਰਿਤ ਪ੍ਰਾਜੈਕਟਾਂ ਵਿੱਚ ਨਾਬਾਰਡ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune