ਨਰਮੇ ਦੇ ਘੱਟ ਭਾਅ ਨੇ ਪੰਜਾਬ ਸਰਕਾਰ ਨੂੰ ਲਾਇਆ ਰਗੜਾ

January 16 2019

ਭਾਰਤੀ ਕਪਾਹ ਨਿਗਮ (ਸੀਸੀਆਈ) ਵੱਲੋਂ ਮਾਲਵਾ ਖੇਤਰ ਦੀਆਂ ਕਪਾਹ ਮੰਡੀਆਂ ਵਿਚ ਪ੍ਰਵੇਸ਼ ਨਾ ਕਰਨ ਕਰਕੇ ਇਕੱਲੇ ਕਿਸਾਨਾਂ ਨੂੰ ਹੀ ਘੱਟ ਕੀਮਤ ਹਾਸਲ ਨਹੀਂ ਹੋ ਰਹੀ, ਸਗੋਂ ਇਸ ਨਾਲ ਪੰਜਾਬ ਸਰਕਾਰ ਦੀ ਆਮਦਨ ਵੀ ਘਟਣ ਲੱਗੀ ਹੈ। ਸਰਕਾਰ ਦੀ ਇਹ ਆਮਦਨ ਮਾਰਕੀਟ ਫ਼ੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੇ ਰੂਪ ਵਿਚ ਮੰਡੀ ਵਿਚ ਵਿਕਦੇ ਨਰਮੇ ਸਮੇਤ ਹੋਰ ਜਿਣਸਾਂ ਤੋਂ ਹੁੰਦੀ ਹੈ ਪਰ ਮੁਕਾਬਲੇਬਾਜ਼ੀ ਨਾ ਹੋਣ ਕਾਰਨ ਇਹ ਕੀਮਤਾਂ ਥੱਲੇ ਰਹਿਣ ਦਾ ਖਮਿਆਜ਼ਾ ਪੰਜਾਬ ਮੰਡੀ ਬੋਰਡ ਨੂੰ ਵੀ ਭੁਗਤਣਾ ਪੈ ਰਿਹਾ ਹੈ।

ਮੰਡੀਆਂ ਵਿਚ ਵਿਕਦੀਆਂ ਜਿਣਸਾਂ ਤੋਂ ਜੋ ਮਾਰਕੀਟ ਫ਼ੀਸ ਪ੍ਰਾਪਤ ਹੁੰਦੀ ਹੈ, ਉਸ ਨੇ ਮਾਰਕੀਟ ਕਮੇਟੀਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ, ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ, ਦਫ਼ਤਰੀ ਕੰਮ- ਕਾਜ ਤੇ ਮਾਰਕੀਟ ਕਮੇਟੀਆਂ ਨਾਲ ਜੁੜੇ ਅਨੇਕਾਂ ਕਾਰਜ ਕਰਨੇ ਹੁੰਦੇ ਹਨ ਤੇ ਇਸੇ ਫ਼ੀਸ ਵਿਚੋਂ ਅੱਧੀ ਫ਼ੀਸ ਪੰਜਾਬ ਮੰਡੀ ਬੋਰਡ ਕੋਲ ਜਮ੍ਹਾਂ ਕਰਵਾਉਣੀ ਹੁੰਦੀ ਹੈ। ਦੂਜੇ ਪਾਸੇ ਕਿਸਾਨਾਂ ਦੀਆਂ ਵਿਕੀਆਂ ਜਿਣਸਾਂ ਤੋਂ ਜੋ ਪੂੰਜੀ ਆਰ.ਡੀ.ਐੱਫ (ਰੂਰਲ ਡਿਵੈਲਪਮੈਂਟ ਫੰਡ) ਦੇ ਖਾਤੇ ਵਿਚ ਜਾਂਦੀ ਹੈ, ਉਸ ਨਾਲ ਨਵੀਆਂ ਲਿੰਕ ਸੜਕਾਂ, ਪੁਰਾਣੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਪਰ ਨਰਮੇ ਉੱਪਰ ਮਾਰਕੀਟ ਫ਼ੀਸ ਕਈ ਸਾਲਾਂ ਤੋਂ 2 ਫ਼ੀਸਦੀ ਦੀ ਥਾਂ 1 ਫ਼ੀਸਦੀ ਕੀਤੀ ਹੋਈ ਹੈ। ਬਾਕੀ ਫ਼ਸਲਾਂ ਤੋਂ ਇਹ 2 ਫ਼ੀਸਦੀ ਹੀ ਲਈ ਜਾਂਦੀ ਹੈ। ਨਵੀਂ ਬਣੀ ਕੈਪਟਨ ਸਰਕਾਰ ਨੇ ਵੀ ਇਸ ਫ਼ੀਸ ਵਿਚ ਕੋਈ ਵਾਧਾ ਨਹੀਂ ਕੀਤਾ। ਹੁਣ ਸੀਸੀਆਈ ਦੇ ਬਾਜ਼ਾਰ ਵਿਚ ਨਾ ਉਤਰਨ ਕਾਰਨ ਇਕੱਲੇ ਆੜ੍ਹਤੀਆਂ ਵੱਲੋਂ ਨਰਮੇ ਦੀ ਕੀਤੀ ਜਾ ਰਹੀ ਖਰੀਦ ਕਾਰਨ ਕਿਸਾਨਾਂ ਨੂੰ ਭਾਅ ਘੱਟ ਹਾਸਲ ਹੋ ਰਿਹਾ ਹੈ, ਜੋ ਮੰਡੀ ਬੋਰਡ ਦੀ ਆਮਦਨ ਨੂੰ ਵੀ ਪ੍ਰਭਾਵਿਤ ਕਰਨ ਲੱਗਿਆ ਹੈ।

ਮਾਰਕੀਟ ਕਮੇਟੀ ਮਾਨਸਾ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਵਾਰ ਹੁਣ ਤੱਕ 2,52,900 ਕੁਇੰਟਲ ਨਰਮਾ ਪੁੱਜ ਚੁੱਕਿਆ ਹੈ। ਮੰਡੀ ਬੋਰਡ ਦੀ ਘਟੀ ਆਮਦਨ ਕਾਰਨ ਮਾਰਕੀਟ ਕਮੇਟੀਆਂ ਤੇ ਮੰਡੀ ਬੋਰਡ ਵਿਚਲੀਆਂ ਜਥੇਬੰਦੀਆਂ ਅੰਦੋਲਨ ’ਤੇ ਉਤਰਨ ਲੱਗੀਆਂ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਨਰਮੇ-ਕਪਾਹ ਤੋਂ ਘਟੀ ਮਾਰਕੀਟ ਫ਼ੀਸ ਕਾਰਨ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਿਚ ਵੀ ਸਮੱਸਿਆ ਆਵੇਗੀ।

ਜ਼ਿਲ੍ਹਾ ਮੰਡੀ ਅਫ਼ਸਰ ਯਸ਼ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਕਾਰਨ ਹੀ 2 ਫ਼ੀਸਦੀ ਤੋਂ 1 ਫ਼ੀਸਦੀ ਮਾਰਕੀਟ ਫੀਸ ਅਤੇ ਆਰ.ਡੀ.ਐੱਫ. ਹੋਇਆ ਹੈ। ਅਜਿਹੇ ਫ਼ੈਸਲਿਆਂ ਨੂੰ ਮੰਡੀ ਬੋਰਡ ਦੀਆਂ ਉੱਚ ਪੱਧਰੀ ਮੀਟਿੰਗਾਂ ਵਿਚ ਪਾਸ ਕੀਤਾ ਜਾਂਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune