ਦੇਸ਼ ਦੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਦਿੱਲੀ 'ਤੇ ਧਾਵਾ

November 27 2018

ਚੰਡੀਗੜ੍ਹ: ਦੇਸ਼ ਦੇ ਕਿਸਾਨ ਇੱਕਜੁੱਟ ਹੋ ਰਿਹਾ ਹੈ। 29 ਤੇ 30 ਨਵੰਬਰ ਨੂੰ ਦੇਸ਼ ਭਰ ’ਚੋਂ ਇੱਕ ਲੱਖ ਤੋਂ ਜ਼ਿਆਦਾ ਕਿਸਾਨ ਦਿੱਲੀ ਤੇ ਧਾਵਾ ਬੋਲਣਗੇ। ਇਸ ਦੌਰਾਨ ਉਹ ਖੇਤੀ ਤੇ ਕਿਸਾਨੀ ਦੇ ਮੁੱਦਿਆਂ ’ਤੇ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ਼ ਮਹਾਂਮਾਰਚ ਵਿੱਚ ਹਿੱਸਾ ਲੈਣਗੇ।

208 ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਕਨਵੀਨਰ ਹਨਾਨ ਮੋਲ੍ਹਾ ਨੇ ਕਿਹਾ ਕਿ 29 ਨਵੰਬਰ ਨੂੰ ਦਿੱਲੀ ਦੇ ਵੱਖ ਵੱਖ ਟਿਕਾਣਿਆਂ ਬਿਜਵਾਸਨ, ਮਜਨੂੰ ਕਾ ਟਿੱਲਾ, ਨਿਜ਼ਾਮੂਦੀਨ ਤੇ ਅਨੰਦ ਵਿਹਾਰ ਤੋਂ ਰਾਮਲੀਲਾ ਮੈਦਾਨ ਵੱਲ ਕਿਸਾਨ ਮੁਕਤੀ ਮਾਰਚ ਸ਼ੁਰੂ ਕਰਨਗੇ। ਪਹਿਲੇ ਦਿਨ ਰਾਮਲੀਲਾ ਮੈਦਾਨ ਵਿੱਚ ਸੱਭਿਆਚਾਰਕ ਪ੍ਰੋਗਰਾਮ ‘ਏਕ ਸ਼ਾਮ ਕਿਸਾਨ ਕੇ ਨਾਮ’ ਕਰਵਾਇਆ ਜਾਵੇਗਾ ਜਿਸ ਵਿਚ ਉੱਘੇ ਗਾਇਕ ਤੇ ਕਵੀ ਸ਼ਿਰਕਤ ਕਰਨਗੇ।

ਮੋਲ੍ਹਾ ਨੇ ਦੱਸਿਆ ਕਿ 30 ਨਵੰਬਰ ਨੂੰ ਕਿਸਾਨ ਰਾਮਲੀਲਾ ਮੈਦਾਨ ਤੋਂ ਪਾਰਲੀਮੈਂਟ ਵੱਲ ਮਾਰਚ ਕਰਨਗੇ। ਕੁੱਲ ਹਿੰਦ ਕਿਸਾਨ ਸਭਾ ਦੇ ਸਕੱਤਰ ਅਤੁੱਲ ਅਨਜਾਨ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਂਧਰਾ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਸਮੇਤ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਸੱਦਿਆ ਗਿਆ ਹੈ। ਤਾਲਮੇਲ ਕਮੇਟੀ ਨੇ ਦੋ ਪ੍ਰਾਈਵੇਟ ਮੈਂਬਰ ਬਿੱਲ ਕਿਸਾਨ ਕਰਜ਼ਾ ਮੁਕਤੀ ਬਿੱਲ 2018 ਤੇ ਖੇਤੀ ਜਿਣਸਾਂ ਦੇ ਗਾਰੰਟੀਸ਼ੁਦਾ ਲਾਹੇਵੰਦ ਘੱਟੋ-ਘੱਟ ਸਮਰਥਨ ਮੁੱਲ ਬਿੱਲ 2018 ਤਿਆਰ ਕੀਤੇ ਸਨ।

Source: Krishi Jagran