ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ’ਤੇ ਮਿਲੇਗੀ ਸਬਸਿਡੀ

January 09 2019

ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ’ਤੇ 40 ਤੋਂ 50 ਫ਼ੀਸਦੀ ਸਬਸਿਡੀ ਮੁਹੱਈਆ ਕਰਾਉਣ ਲਈ ਯੋਜਨਾ ਉਲੀਕੀ ਹੈ, ਜਿਸ ਨਾਲ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਦੂਰ ਹੋਵੇਗੀ।

ਖੇਤੀਬਾੜੀ ਵਿਭਾਗ ਵੱਲੋਂ ਛੋਟੇ, ਸੀਮਾਂਤ ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ’ਤੇ 50 ਫ਼ੀਸਦੀ, ਜਦੋਂਕਿ ਬਾਕੀ ਕਿਸਾਨਾਂ ਨੂੰ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਵਿਭਾਗ ਨੇ ਸਬਸਿਡੀ ਵਾਲੀ ਮਸ਼ੀਨਰੀ ਖ਼ਰੀਦਣ ਦੇ ਚਾਹਵਾਨ ਕਿਸਾਨਾਂ ਕੋਲੋਂ 20 ਜਨਵਰੀ ਤੱਕ ਅਰਜ਼ੀਆਂ ਮੰਗੀਆਂ ਹਨ ਤਾਂ ਜੋ ਜੂਨ ਤੇ ਜੁਲਾਈ ਮਹੀਨੇ ਵਿਚ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਮੱਦੇਨਜ਼ਰ ਮਸ਼ੀਨਾਂ ਦਾ ਪ੍ਰਬੰਧ ਕਰਨ ਲਈ ਢੁਕਵੇਂ ਬੰਦੋਬਸਤ ਕੀਤੇ ਜਾ ਸਕਣ। ਚਾਹਵਾਨ ਕਿਸਾਨ ਸਬੰਧਤ ਜ਼ਿਲ੍ਹਿਆਂ ਵਿੱਚ ਬਲਾਕ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਕੋਲ ਅਰਜ਼ੀਆਂ ਦੇ ਸਕਦੇ ਹਨ।

ਖੇਤੀਬਾੜੀ ਸਕੱਤਰ ਕੇ.ਐੱਸ. ਪੰਨੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਇਹ ਮਸ਼ੀਨਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ (ਸਮੇਤ ਕੀਮਤ) ਆਪਣੀ ਵੈੱਬਸਾਈਟ ’ਤੇ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਚਾਹਵਾਨ ਕਿਸਾਨ ਵਾਜਬ ਕੀਮਤਾਂ ’ਤੇ ਇਹ ਮਸ਼ੀਨਾਂ ਖ਼ਰੀਦ ਸਕਣ। ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੋ ਤਰ੍ਹਾਂ ਦੀਆਂ ਹਨ, ਜਿਨ੍ਹਾਂ ਵਿੱਚ ਇਕ ਪਿੱਛੇ ਚੱਲਦੇ ਹੋਏ ਝੋਨਾ ਲਾਉਣ ਵਾਲੀ ਮਸ਼ੀਨ ਹੈ, ਜੋ ਇਕ ਵਿਅਕਤੀ ਤੇ ਇਕ ਸਹਾਇਕ ਸਮੇਤ ਚਲਾਈ ਜਾ ਸਕਦੀ ਹੈ। ਇਹ ਮਸ਼ੀਨ ਇਕ ਦਿਨ ਵਿਚ ਚਾਰ ਤੋਂ ਛੇ ਏਕੜ ਰਕਬੇ ਵਿਚ ਝੋਨਾ ਲਾ ਸਕਦੀ ਹੈ, ਜਦੋਂਕਿ 6-8 ਸਿਆੜ ਵਾਲੀ ਸਵੈ-ਚਾਲਿਤ ਮਸ਼ੀਨ ਪ੍ਰਤੀ ਦਿਨ 10 ਤੋਂ 12 ਏਕੜ ਝੋਨਾ ਲਾਉਂਦੀ ਹੈ। ਇਹ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਝੋਨੇ ਦੀ ਇਕਸਾਰ ਲਵਾਈ ਯਕੀਨੀ ਬਣਾਉਂਦੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune