ਗੰਨੇ ਦੀ ਅਦਾਇਗੀ ਲਈ 65 ਕਰੋੜ ਰੁਪਏ ਜਾਰੀ: ਰੰਧਾਵਾ

January 23 2019

ਪੰਜਾਬ ਸਰਕਾਰ ਨੇ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਸਾਲ 2017-18 ਦੀ ਗੰਨੇ ਦੀ ਅਦਾਇਗੀ ਕਰਨ ਲਈ 65 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਜੋ ਭਲਕ ਤੱਕ ਸਬੰਧਤ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਜਮ੍ਹਾਂ ਹੋ ਜਾਣਗੇ। ਸਹਿਕਾਰੀ ਖੰਡ ਮਿੱਲਾਂ ਵੱਲੋਂ ਹੁਣ ਤੱਕ 151.33 ਕਰੋੜ ਰੁਪਏ ਦਾ ਬਕਾਇਆ ਅਤੇ ਅੱਜ 65 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋੋਣ ਮਗਰੋਂ ਬਕਾਇਆ ਰਾਸ਼ੀ ਦੀ ਵੀ ਜਲਦੀ ਅਦਾਇਗੀ ਕਰ ਦਿੱਤੀ ਜਾਵੇਗੀ।

ਇਹ ਖ਼ੁਲਾਸਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਕਰਦਿਆਂ ਦੱਸਿਆ ਕਿ ਪਿੜਾਈ ਸੀਜ਼ਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੇ 21 ਜਨਵਰੀ ਤੱਕ 99.15 ਲੱਖ ਕੁਇੰਟਲ ਗੰਨਾ ਪੀੜਿਆ ਹੈ। ਭੋਗਪੁਰ ਅਤੇ ਮੋਰਿੰਡਾ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿਛਲੇ ਸਾਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ 11.40 ਫ਼ੀਸਦੀ ਦੀ ਦਰ ਨਾਲ ਅੱਜ ਤੱਕ ਰਿਕਵਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੜਾਈ ਸੀਜ਼ਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਛੇਤੀ ਅਦਾਇਗੀ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ 21 ਜਨਵਰੀ ਤੱਕ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ 310 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਅਨੁਸਾਰ ਖ਼ਰੀਦੇ ਗਏ ਗੰਨੇ ਦੀ ਬਣਦੀ ਕੁੱਲ ਕੀਮਤ ਵਿਚੋੋਂ 178.74 ਕਰੋੜ ਰੁਪਏ ਮਿੱਲਾਂ ਵੱਲੋਂ ਆਪਣੇ ਪੱਧਰ ’ਤੇ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 58.17 ਫ਼ੀਸਦੀ ਗੰਨੇ ਦੀ ਕੀਮਤ ਦੀ ਅਦਾਇਗੀ ਹੋ ਚੁੱਕੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune