ਗੰਨੇ ਦਾ ਬਕਾਇਆ: ਕਿਸਾਨਾਂ ਨਾਲ ਪਿਸ ਰਹੇ ਨੇ ਸਹਿਕਾਰੀ ਬੈਂਕ

January 23 2019

ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਜਿੱਥੇ ਕਿਸਾਨ ਆਰਥਿਕ ਮੰਦੀ ਝੱਲ ਰਹੇ ਹਨ, ਉੱਥੇ ਇਸ ਦਾ ਖਮਿਆਜ਼ਾ ਸਹਿਕਾਰੀ ਬੈਂਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਕ ਅਨੁਮਾਨ ਅਨੁਸਾਰ ਸਿਰਫ਼ ਜਲੰਧਰ ਡਿਵੀਜ਼ਨ ਦੀਆਂ 31 ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਜ਼ਦਾਰਾਂ ਵੱਲ 383 ਕਰੋੜ ਰੁਪਏ ਹਨ।

ਪੰਜਾਬ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਵੱਲ ਕਰੀਬ 200 ਕਰੋੜ ਦੀ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਕਮ ਹੈ, ਜਦੋਂਕਿ ਇਸ ਵਾਰ ਦੀ ਅਦਾਇਗੀ ਵੀ ਰੋਕੀ ਹੋਈ ਹੈ। ਪਿਛਲੇ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਸੰਘਰਸ਼ ਦੌਰਾਨ ਸਰਕਾਰ ਨੇ 65 ਕਰੋੜ ਰੁਪਏ ਖੰਡ ਮਿੱਲਾਂ ਨੂੰ ਦੇਣ ਦਾ ਵਾਅਦਾ ਕਰਦਿਆਂ ਬਕਾਇਆ ਅਦਾਇਗੀ ਤੁਰੰਤ ਕਰਾਉਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਵਫ਼ਾ ਨਹੀਂ ਹੋਇਆ। ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਬੇਧਿਆਨ ਹੋਈ ਪਈ ਹੈ ਤੇ ਕਿਸਾਨ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਸੂਬਾ ਸਰਕਾਰ ਦੇ ਖੇਤੀ ਵਿਭਿੰਨਤਾ ਦੇ ਨਾਅਰੇ ਹੇਠ ਕਿਸਾਨ ਗੰਨੇ ਦੀ ਖੇਤੀ ਵੱਲ ਮੁੜੇ ਸਨ, ਜੋ ਫਿਰ ਪੈਰ ਪਿੱਛੇ ਪੁੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਖੰਡ ਮਿੱਲਾਂ ਵੱਲ ਪਿਛਲੇ ਸਾਲ ਦਾ ਕਰੀਬ 200 ਕਰੋੜ ਦਾ ਬਕਾਇਆ ਖੜ੍ਹਾ ਹੈ ਤੇ ਨਵੇਂ ਪਿੜਾਈ ਸੀਜ਼ਨ ਵਿਚ ਕਰੀਬ ਡੇਢ ਮਹੀਨੇ ਤੋਂ ਅਦਾਇਗੀ ਰੁਕੀ ਹੋਈ ਹੈ। ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਿੱਤੇ ਭਰੋਸੇ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵੱਲ ਖੜੀ ਕਰੋੜਾਂ ਦੀ ਅਦਾਇਗੀ ਇਕ ਹਫ਼ਤੇ ਵਿਚ ਕਰਨ ਦੇ ਦਾਅਵਿਆਂ ਦੇ ਉਲਟ ਇਹ ਬਕਾਇਆ ਵੀ ਉਵੇਂ ਹੀ ਖੜ੍ਹਾ ਹੈ।

ਅਦਾਇਗੀ ਨਾ ਹੋਣ ਕਾਰਨ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਬੈਂਕਾਂ ਵੀ ਅਦਾਇਗੀ ਲਈ ਤੰਗ ਕਰ ਰਹੀਆਂ ਹਨ। ਜੇਕਰ ਖੇਤੀਬਾੜੀ ਵਿਕਾਸ ਬੈਂਕ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵਿਭਾਗ ਅਨੁਸਾਰ ਸਿਰਫ਼ ਜਲੰਧਰ ਡਿਵੀਜ਼ਨ ਦੀਆਂ 31 ਸ਼ਾਖ਼ਾਵਾਂ ਦੀ 383 ਕਰੋੜ ਦੀ ਰਿਕਵਰੀ ਗੰਨੇ ਦੀ ਅਦਾਇਗੀ ਨਾ ਮਿਲਣ ਕਾਰਨ ਰੁਕੀ ਹੋਈ ਹੈ। ਇਸ ਵਾਰ 80 ਫ਼ੀਸਦੀ ਰਿਕਵਰੀ ਬਕਾਇਆ ਹੈ, ਜਦੋਂਕਿ ਅਜੇ ਤੱਕ 20 ਫ਼ੀਸਦੀ ਹੀ ਰਿਕਵਰੀ ਹੋਈ ਹੈ। ਬੈਂਕ ਅਧਿਕਾਰੀਆਂ ’ਤੇ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹ ਰਿਕਵਰੀ ਤੁਰੰਤ ਕੀਤੀ ਜਾਵੇ, ਪਰ ਖੰਡ ਮਿੱਲਾਂ ਵੱਲ ਖੜ੍ਹੀ ਰਕਮ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿਭਾਗੀ ਅਧਿਕਾਰੀ ਮੰਨਦੇ ਹਨ ਕਿ ਖੰਡ ਮਿੱਲਾਂ ਵੱਲੋਂ ਅਦਾਇਗੀ ਨਾ ਕੀਤੇ ਜਾਣ ਕਾਰਨ ਰਿਕਵਰੀ ਪ੍ਰਭਾਵਿਤ ਹੋ ਰਹੀ ਹੈ, ਪਰ ਖੰਡ ਮਿੱਲਾਂ ਸਹਿਕਾਰਤਾ ਵਿਭਾਗ ਅਧੀਨ ਹੋਣ ਕਾਰਨ ਕੁਝ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune