ਖੇਤੀ ਦੇ ਨਾਲ ਦੁੱਧ ਉਤਪਾਦਨ 'ਤੇ ਵੀ ਵਾਤਾਵਰਨ ਬਦਲਾਅ ਦਾ ਖ਼ਤਰਾ

January 21 2019

ਵਾਤਾਵਰਨ ਪਰਿਵਰਤਨ ਕਾਰਨ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਭਾਰਤ ਤੇ ਅਸਰ ਹੇਠ ਫਲ, ਸਬਜ਼ੀਆਂ ਹੀ ਨਹੀਂ, ਸਗੋਂ ਦੁੱਧ ਉਤਪਾਦਨ ਵੀ ਹੈ। ਵਾਤਾਵਰਨ ਬਦਲਾਅ ਦੇ ਭਾਰਤੀ ਖੇਤੀ ਤੇ ਹੋਏ ਅਧਿਐਨ ਸਬੰਧੀ ਖੇਤਰੀ ਮੰਤਰਾਲੇ ਦੀ ਰੀਪੋਰਟ ਮੁਤਾਬਕ ਛੇਤੀ ਹੀ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਅਸਰ ਸਾਲ 2020 ਤੱਕ 1.6 ਮੀਟ੍ਰਕ ਟਨ ਦੁੱਧ ਉਤਪਾਦਨ ਦੇ ਘਾਟੇ ਦੇ ਤੌਰ ਦੇ ਦੇਖਣ ਨੂੰ ਮਿਲ ਸਕਦਾ ਹੈ। ਵਾਤਾਵਰਨ, ਜੰਗਲਾਤ ਅਤੇ ਵਾਤਾਵਰਨ ਬਦਲਾਅ ਮੰਤਰਾਲੇ ਨਾਲ ਸਬੰਧਤ ਸਸੰਦੀ ਕਮੇਟੀ ਦੀ ਰੀਪੋਰਟ ਦੇ ਅੰਦਾਜ਼ੇ ਤੋਂ ਇਹ ਦੱਸਿਆ ਗਿਆ ਹੈ ਕਿ ਤਾਪਮਾਨ ਵਿਚ ਵਾਧੇ ਕਾਰਨ 2050 ਤੱਕ ਦੁੱਧ ਉਤਪਾਦਨ ਵਿਚ ਘਾਟਾ ਦਸ ਗੁਣਾ ਤੱਕ ਵੱਧ ਕੇ 15 ਮੀਟ੍ਰਕ ਟਨ ਹੋ ਜਾਵੇਗਾ। ਭਾਜਪਾ ਸੰਸਦ ਮੰਤਰੀ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਸੰਸਦ ਵਿਚ ਪੇਸ਼ ਕੀਤੀ ਰੀਪੋਰਟ ਮੁਤਾਬਕ ਦੁੱਧ ਉਤਪਾਦਨ ਵਿਚ ਸੱਭ ਤੋਂ ਵੱਧ ਕਮੀ ਉਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਅਤੇ ਪੱਛਮ ਬੰਗਾਲ ਵਿਚ ਦੇਖਣ ਨੂੰ ਮਿਲ ਸਕਦਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤਾਪਮਾਨ ਵਿਚ ਵਾਧੇ ਕਾਰਨ ਇਹਨਾਂ ਰਾਜਾਂ ਵਿਚ ਤੇਜ਼ ਗਰਮੀ ਦੇ ਅਸਰ ਕਾਰਨ ਲੋੜੀਂਦਾ ਪਾਣੀ ਉਪਲਬਧ ਨਹੀਂ ਹੋਵੇਗਾ। 

ਜਿਸ ਦਾ ਸਿੱਧਾ ਅਸਰ ਦੁੱਧ ਉਤਪਾਦਨ ਤੇ ਪੈ ਸਕਦਾ ਹੈ। ਵਾਤਾਵਰਨ ਬਦਲਾਅ ਦਾ ਅਸਰ ਖੇਤੀ ਉਤਪਾਦਨ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਤੇ ਵੀ ਪਵੇਗਾ। ਰੀਪੋਰਟ ਮੁਤਾਬਕ ਚਾਰ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਸਿਰਫ ਖੇਤੀ ਨਾਲ ਅਪਣੇ ਪਰਵਾਰ ਦਾ ਪਾਲਣ ਨਹੀਂ ਕਰ ਸਕਣਗੇ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਖੇਤੀ ਤੇ ਨਿਰਭਰ 85 ਫ਼ੀ ਸਦੀ ਪਰਵਾਰਾਂ ਕੋਲ ਲਗਭਗ ਪੰਜ ਏਕੜ ਤੱਕ ਹੀ ਜ਼ਮੀਨ ਹੈ। 

ਇਸ ਵਿਚ ਵੀ 67 ਫ਼ੀਸਦੀ ਸੀਮਾਂਤ ਕਿਸਾਨ ਹਨ ਜਿਹਨਾਂ ਕੋਲ ਸਿਰਫ 2.4 ਏਕੜ ਜ਼ਮੀਨ ਹੈ। ਰੀਪੋਰਟ ਮੁਤਾਬਕ 2020 ਤੱਕ ਚੌਲਾਂ ਦੇ ਉਤਪਾਦਨ ਵਿਚ 6 ਫ਼ੀ ਸਦੀ, ਆਲੂਆਂ ਵਿਚ 11 ਫ਼ੀ ਸਦੀ, ਮੱਕੀ ਵਿਚ 18 ਫ਼ੀ ਸਦੀ ਅਤੇ ਸਰੋਂ ਦੀ ਪੈਦਾਵਾਰ ਵਿਚ 2 ਫ਼ੀ ਸਦੀ ਤੱਕ ਦੀ ਕਮੀ ਹੋ ਸਕਦੀ ਹੈ। ਇਕ ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਾਧੇ ਕਾਰਨ ਕਣਕ ਦੀ ਪੈਦਾਵਾਰ ਵਿਚ 60 ਲੱਖ ਟਨ ਤੱਕ ਦੀ ਕਮੀ ਆ ਸਕਦੀ ਹੈ।  

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman