'ਖੇਤੀ ਗਰੇਜੂਏਟ' ਕਿਸਾਨਾਂ ਦੇ ਮਿੱਤਰ ਵਜੋਂ ਤਾਇਨਾਤ, ਨਿਸ਼ਾਨਾਂ ਖੇਤੀ ਖਰਚੇ ਘਟਾਉਣਾ

June 19 2018

 ਸ੍ਰੀ ਮੁਕਤਸਰ ਸਾਹਿਬ, 19 ਜੂਨ (ਕਸ਼ਮੀਰ ਸਿੰਘ/ਰਣਜੀਤ ਸਿੰਘ) – ਖੇਤੀਬਾੜੀ ਵਿਭਾਗ ਵਲੋਂ ਨਰਮੇਂ ਵਿੱਚ ਘੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋ ਕਰਦਿਆਂ ਅਤੇ ਕੁਦਰਤੀ ਕੀਟ ਪ੍ਰਬੰਧਨ ਰਾਹੀਂ ਕੀਟ ਨਿਯੰਤਰਨ ਨੂੰ ਉਤਸਾਹਿਤ ਕਰਨ ਲਈ ਖੇਤੀ ਗਰੇਜੂਏਟ ਕਿਸਾਨਾਂ ਦੇ ਮਿੱਤਰ ਵਜੋਂ ਤਾਇਨਾਤ ਕੀਤੇ ਗਏ ਹਨ, ਇਹਨਾਂ ਕਿਸਾਨ ਮਿੱਤਰਾਂ ਨੂੰ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਗੋਨਿਆਣਾ ਵਿਖੇ ਸਿਖਲਾਈ ਦਿੱਤੀ ਗਈ।

ਜਿਲ੍ਹਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਵਿਭਾਗ ਕਿਸਾਨਾਂ ਨੂੰ ਘੱਟ ਤੋਂ ਘੱਟ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦਿਆਂ ਚੰਗੀ ਉਪਜ ਪ੍ਰਾਪਤ ਕਰਨ ਦੇ ਨੁਕਤੇ ਕਿਸਾਨਾਂ ਵਿੱਚ ਪ੍ਰਸਾਰਤ ਕਰ ਰਿਹਾ ਹੈ। ਜਿਸ ਤਹਿਤ ਬੀ.ਐਸਸੀ ਐਗਰੀਕਲਚਰ ਕਰ ਰਹੇ ਆਖਰੀ ਸਾਲ ਦੇ 39 ਵਿਦਿਆਰਥੀਆਂ ਨੂੰ ਜਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ, ਜੋ ਨਰਮੇ ਦੀ ਚੁਗਾਈ ਹੋਣ ਤੱਕ ਕਿਸਾਨਾਂ ਨੂੰ ਨਰਮੇ ਦੀ ਕਾਸਤ ਸਬੰਧੀ ਸਾਰੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਗੇ।

ਅਜਿਹੇ ਵਿਦਿਆਰਥੀਆਂ ਨੂੰ ਚਾਰ-ਚਾਰ ਪਿੰਡਾਂ ਦੀ ਜੁੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਡਾ. ਨਿਰਮਲਜੀਤ ਸਿੰਘ ਧਾਲੀਵਾਲ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. ਨੇ ਇਹਨਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇ ਕੇ, ਕੀਟਨਾਸ਼ਕ ਖਪਤ ਘਟਾਉਣ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਇਸ ਨਾਲ ਜਿੱਥੇ ਕਿਸਾਨਾਂ ਦੇ ਖਰਚੇ ਘੱਟਣਗੇ, ਉਥੇ ਹੀ ਇਸ ਨਾਲ ਕੀਟਨਾਸ਼ਕ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਪੈਂਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ।

ਡਾ. ਬਲਕਰਨ ਸੰਧੂ ਨੇ ਨਰਮੇਂ ਦੀ ਫਸਲ ਬਾਰੇ, ਡਾ.ਜਗਦੀਸ਼ ਅਰੋੜਾ ਨੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ, ਗੁਰਪ੍ਰੀਤ ਸਿੰਘ ਖੇਤੀਬਾੜੀ ਅਫਸਰ ਨੇ ਸਰਵੇ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ, ਏ.ਈ.ਓ ਜਗਤਾਰ ਸਿੰਘ ਕੇ.ਵੀ.ਕੇ. ਤੋਂ ਡਾ.ਕਰਮਜੀਤ ਸਰਮਾ ਆਦਿ ਵੀ ਹਾਜ਼ਰ ਸਨ।

Source: Rozana Spokesman