ਕੌਮਾਂਤਰੀ ਵਫ਼ਦ ਵੱਲੋਂ ਜੁਗਿਆਲ ’ਚ ਸੋਲਰ ਮਾਈਕਰੋ ਸਿੰਜਾਈ ਪ੍ਰਾਜੈਕਟ ਦਾ ਦੌਰਾ

January 11 2019

ਅੰਤਰਰਾਸ਼ਟਰੀ ਸਿੰਚਾਈ ਅਤੇ ਡਰੇਨੇਜ਼ ਕਮਿਸ਼ਨ ਦੀ ਟੀਮ ਵੱਲੋਂ ਪਿੰਡ ਜੁਗਿਆਲ ਵਿੱਚ ਬਣੇ ਸੋਲਰ ਪਾਵਰ ਕਮਿਊਨਿਟੀ ਮਾਈਕਰੋ ਇਰੀਗੇਸ਼ਨ ਪ੍ਰਾਜੈਕਟ ਦਾ ਦੌਰਾ ਕੀਤਾ ਗਿਆ। ਟੀਮ ਵਿੱਚ ਫੂਡ ਅਤੇ ਐਗਰੀਕਲਚਰ ਸੰਗਠਨ (ਐੱਫਏਓ) ਉੱਤਰ ਅਤੇ ਪੂਰਬੀ ਅਫ਼ਰੀਕਾ ਦੇ ਹੈੱਡ ਮੁਹੰਮਦ ਅਲਹਾਮਦੀ, ਖੇਤੀਬਾੜੀ ਮੰਤਰਾਲਾ ਟਿਊਨਿਸ਼ੀਆ ਤੋਂ ਗਬਦੁਜ਼ ਰਿਧੀਆ, ਸਿੰਜਾਈ ਮੰਤਰਾਲਾ ਮਿਸਰ ਤੋਂ ਡਾ. ਅਯਮੈਨ ਇਬਰਾਹੀਮ, ਅੰਤਰਰਾਸ਼ਟਰੀ ਸਿੰਚਾਈ ਅਤੇ ਡਰੇਨੇਜ਼ ਕਮਿਸ਼ਨ ਦਿੱਲੀ ਕੇਂਦਰ ਤੋਂ ਡਾ. ਸਹਿਦੇਵ ਸਿੰਘ, ਡਾ. ਟੀਬੀ ਐੱਸ ਰਾਜਪੂਤ ਅਤੇ ਡਾ. ਪ੍ਰਾਚੀ ਸ਼ਰਮਾ ਸ਼ਾਮਲ ਸਨ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਸੋਲਰ ਲਿਫਟ ਇਰੀਗੇਸ਼ਨ ਪ੍ਰਾਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫਟ ਐਂਡ ਮਾਈਕਰੋ ਇਰੀਗੇਸ਼ਨ ਪ੍ਰਾਜੈਕਟ) ਰਾਹੀਂ ਤਲਵਾੜਾ ਅਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਨਾਲ ਕਿਸਾਨਾਂ ਦੀਆਂ ਉੱਚੀਆਂ ਜ਼ਮੀਨਾਂ ’ਤੇ ਤੁਪਕਾ ਅਤੇ ਫੁਹਾਰਾ ਸਿੰਜਾਈ ਸਿਸਟਮ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇੱਥੇ ਲੱਗੇ ਸੋਲਰ ਪੈਨਲਾਂ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਕੰਢੀ ਖੇਤਰ ਦੇ ਪਾਣੀ ਦੀ ਕਿੱਲਤ ਕਾਰਨ ਨਿਰਾਸ਼ ਕਿਸਾਨ ਇਸ ਪ੍ਰਾਜੈਕਟ ਰਾਹੀਂ ਹਲਦੀ, ਅਦਰਕ, ਸਰ੍ਹੋਂ, ਬਾਗ, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਦੀ ਖੇਤੀ ਕਰਨ ਲੱਗੇ ਹਨ। ਟੀਮ ਨੇ ਪ੍ਰਾਜੈਕਟ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਜਾਣਨ ਲਈ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਉਸਾਰੀ ਨਰਸਰੀ ਅਤੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਵੀ ਕੀਤਾ। ਟੀਮ ਹੈੱਡ ਮੁਹੰਮਦ ਅਲਹਾਮਦੀ ਨੇ ਪ੍ਰਾਜੈਕਟ ਸੁਚਾਰੂ ਢੰਗ ਨਾਲ ਚਲਾਉਣ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਆਉਣ ਵਾਲੇ ਸਮੇਂ ਵਿੱਚ ਖੇਤੀ ਵਿਭਿੰਨਤਾ ਦੇ ਨਮੂਨੇ ਵਜੋਂ ਉੱਚ ਪੱਧਰ ’ਤੇ ਜਾਣਿਆ ਜਾਵੇਗਾ।

ਡਵੀਜ਼ਨਲ ਭੂਮੀ ਰੱਖਿਆ ਅਫ਼ਸਰ ਨਰੇਸ਼ ਕੁਮਾਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਉਪ ਮੰਡਲ ਅਫ਼ਸਰ ਕੇਸ਼ਵ ਕੁਮਾਰ, ਰਾਜੇਸ਼ ਸ਼ਰਮਾ ਅਤੇ ਜੈਨ ਇਰੀਗੇਸ਼ਨ ਸਿਸਟਮਜ਼ ਦੇ ਇੰਜੀਨੀਅਰ ਸੁਖਦੀਪ ਦੁੱਗਲ ਨੇ ਟੀਮ ਨੂੰ ਪ੍ਰਾਜੈਕਟ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune