ਕੇਰਲ ਦੇ ਹੜ੍ਹਾਂ 'ਚ ਡੁੱਬੀ ਸੂਬੇ ਅਰਥ-ਵਿਵਸਥਾ, ਇਸ ਸਾਲ ਖੇਤੀਬਾੜੀ ਤੋਂ ਸਨ ਵੱਡੀਆਂ ਉਮੀਦਾਂ

August 28 2018

ਮੁੰਬਈ — ਕੇਰਲ ਚ ਮਾਨਸੂਨ ਦੀ ਬਾਰਸ਼ ਕਾਰਨ ਲਗਭਗ 6 ਅਰਬ ਦਾ ਨੁਕਸਾਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਹੁਣ ਤੱਕ ਬਾਰਸ਼ ਕਾਰਨ 186 ਮੌਤਾਂ ਹੋ ਚੁੱਕੀਆਂ ਹਨ ਅਤੇ ਹਜ਼ਾਰਾਂ ਲੋਕਾਂ ਬੇਘਰ ਹੋ ਚੁੱਕੇ ਹਨ। ਖਤਰਾ ਅਜੇ ਵੀ ਕਾਇਮ ਹੈ, ਮੌਸਮ ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਚ ਹੋਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਐਸੋਸੀਏਸ਼ਨ ਆਫ ਪਲਾਟਰਸ ਆਫ ਕੇਰਲ ਦੇ ਸਕੱਤਰ ਅਜੀਤ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਸਿਰਫ ਫਸਲ ਦਾ ਨੁਕਸਾਨ ਹੀ ਤਕਰੀਬਨ 6 ਅਰਬ ਰੁਪਏ ਦਾ ਹੋਇਆ ਹੋਵੇਗਾ। ਅਜੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਾਕੀ ਹੈ ਕਿ ਬੁਨਿਆਦੀ ਢਾਂਚੇ ਦੇ ਹਿਸਾਬ ਨਾਲ ਕੁੱਲ ਕਿੰਨਾ ਨੁਕਸਾਨ ਹੋ ਚੁੱਕਾ ਹੈ।

ਖੇਤੀਬਾੜੀ ਚ ਹੋ ਰਹੀ ਭਾਰੀ ਤਬਾਹੀ

ਚਾਹ ਖੇਤਰ ਚ 50 ਫੀਸਦੀ(ਕਰੀਬ 1.50 ਅਰਬ ਰੁਪਏ) ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ, ਜਦੋਂਕਿ ਵਯਨਾਡ ਚ ਜ਼ਮੀਨ ਖਿਸਕਣ ਕਾਰਨ 100 ਏਕੜ ਦੀ ਖੇਤੀਬਾੜੀ ਦੇ ਨੁਕਸਾਨ ਦਾ ਅਜੇ ਹਿਸਾਬ ਨਹੀਂ ਲਗਾਇਆ ਗਿਆ ਹੈ। ਰਬਰ ਦੀ ਫਸਲ ਚ ਤਕਰੀਬਨ 40 ਫੀਸਦੀ ਦਾ ਨੁਕਸਾਨ ਹੋਣ ਦਾ ਸ਼ੱਕ ਹੈ ਜਦੋਂਕਿ ਪਾਣੀ ਚ ਡੁੱਬੀ ਇਲਾਇਚੀ ਦੀ ਖੇਤੀ ਤਕਰੀਬਨ ਤਿੰਨ ਅਰਬ ਰੁਪਏ ਦੀ ਦੱਸੀ ਜਾ ਰਹੀ ਹੈ। ਹਾਲਾਤ ਫਿਰ ਤੋਂ ਆਮ ਹੋਣ ਤੇ ਲਗਭਗ 30 ਫੀਸਦੀ ਖੇਤਰ ਚ ਮੁੜ ਤੋਂ ਖੇਤੀ ਦੀ ਜ਼ਰੂਰਤ ਹੈ ਜਿਸ ਦੀ ਲਾਗਤ ਅਜੇ ਇੰਨਾ ਅਨੁਮਾਨਾਂ ਚ ਸ਼ਾਮਲ ਨਹੀਂ ਕੀਤੀ ਗਈ ਹੈ।

ਹੋਰ ਫਸਲਾਂ ਦੀ ਤਰ੍ਹਾਂ ਕਾਫੀ ਚ ਵੀ 15 ਫੀਸਦੀ ਦੀ ਗਿਰਾਵਟ ਹੋਣ ਦਾ ਸ਼ੱਕ ਹੈ। ਭਾਰੀ ਹੜ੍ਹਾਂ ਕਾਰਨ ਕਿਸਾਨ ਦਰੱਖਤਾਂ ਤੋਂ ਰਬੜ ਇਕੱਠਾ ਕਰਨ ਚ ਅਸਮਰੱਥ ਹਨ ਜਿਸ ਕਾਰਨ ਇਸ ਦਾ ਵੀ 40 ਫੀਸਦੀ ਤੱਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਦੇ ਨੁਕਸਾਨ ਤੋਂ ਇਲਾਵਾ ਦਿਹਾੜੀ ਮਜ਼ਦੂਰਾਂ ਤੇ ਵੀ ਨੌਕਰੀ ਸੰਕਟ ਪੈਦਾ ਹੋ ਗਿਆ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਇਸ ਨੁਕਸਾਨ ਦੇ ਸੰਬੰਧ ਚ ਜਾਣਕਾਰੀ ਦਿੱਤੀ ਹੈ ਅਤੇ ਵਿਸ਼ੇਸ਼ ਪੈਕੇਜ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ

ਸੂਬੇ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ

ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਕਿਹਾ ਹੈ ਕਿ ਸ਼ੁਰੂਆਤੀ ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ ਕਰੀਬ 20,000 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਸੂਬੇ ਚ 10,000 ਕਿਲੋਮੀਟਰ ਤੱਕ ਦੀ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਨੁਕਸਾਨ ਦਾ ਸ਼ੁਰੂਆਤੀ ਮੁਲਾਂਕਣ ਕਰੀਬ 83.16 ਅਰਬ ਰੁਪਏ ਸੀ। ਸੂਬੇ ਨੇ ਕੇਂਦਰ ਤੋਂ ਤਤਕਾਲੀ ਰਾਹਤ ਅਤੇ ਮੁੜ ਵਸੇਬੇ ਲਈ ਲਗਭਗ 12 ਅਰਬ ਰੁਪਏ ਮੰਗੇ ਹਨ।

ਇਸ ਸਾਲ ਸੂਬੇ ਨੂੰ ਖੇਤੀਬਾੜੀ ਤੋਂ ਸਨ ਵੱਡੀਆਂ ਉਮੀਦਾਂ

ਵਿਜੇਯਨ ਨੇ ਆਪਣੇ ਟਵਿੱਟਰ ਤੇ ਲਿਖਿਆ ਸੀ ਕਿ ਸੂਬੇ ਚ 1924 ਤੋਂ ਬਾਅਦ ਹੜ੍ਹਾਂ ਕਾਰਨ ਦੂਜੀ ਸਭ ਤੋਂ ਭਾਰੀ ਤਬਾਹੀ ਹੈ ਅਤੇ ਬਾਰਸ਼ ਲਗਾਤਾਰ ਜਾਰੀ ਹੈ। 14 ਜ਼ਿਲਿਆਂ ਚੋਂ 10 ਬੁਰੀ ਤਰ੍ਹਾਂ ਨਾਲ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। 27 ਵੱਡੇ ਡੈਮਾਂ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਪਿਛਲੇ ਸਾਲ ਕੇਰਲ ਚ ਖੇਤੀਬਾੜੀ ਉਤਪਾਦਾਂ ਦਾ ਮੁੱਲ ਲਗਭਗ 97.80 ਅਰਬ ਰੁਪਏ ਸੀ। ਇਸ ਵਾਰ ਸੂਬੇ ਦੇ ਉਦਯੋਗ ਨੂੰ ਚਾਹ ਉਤਪਾਦਨ ਚ 15-20 ਫੀਸਦੀ ਤੱਕ ਦੇ ਵਾਧੇ, ਰਬੜ ਚ ਤਕਰੀਬਨ 10 ਫੀਸਦੀ ਅਤੇ ਇਲਾਇਚੀ ਚ ਕਰੀਬ 20 ਫੀਸਦੀ ਵਾਧੇ ਦੀ ਉਮੀਦ ਸੀ।

Source: Jagbani