ਕੇਂਦਰ ਸਰਕਾਰ ਸਨਅਤੀ ਤਰਜ਼ ’ਤੇ ਦੇਵੇ ਖੇਤੀ ਸਬਸਿਡੀ: ਸੁਖਬੀਰ ਬਾਦਲ

January 10 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਨਅਤੀ ਤਰਜ਼ ’ਤੇ ਖੇਤੀ ਸਬਸਿਡੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਮਦਦ ਹੋ ਸਕੇ। ਉਨ੍ਹਾਂ ਆਖਿਆ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ’ਤੇ ਕਿਸਾਨਾਂ ਦਾ ਕੋਈ ਕੰਟਰੋਲ ਨਹੀਂ ਹੈ ਜਦੋਂ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਜਿਣਸਾਂ ਦੇ ਪਹਿਲਾਂ ਹੀ ਭਾਅ ਤੈਅ ਹੋ ਜਾਂਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪਹਿਲਾਂ ਵੀ ਇਸ ਤੋਂ ਜਾਣੂ ਕਰਾਇਆ ਹੈ ਕਿ ਸਨਅਤੀ ਤਰਜ਼ ’ਤੇ ਕਿਸਾਨਾਂ ਨੂੰ ਵੀ ਉਤਪਾਦਨ ਸਬਸਿਡੀ ਮਿਲੇ। ਅੱਜ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਲਕਾ ਵਾਰ ਮੀਟਿੰਗਾਂ ਦੇ ਸਿਲਸਿਲੇ ਵਿੱਚ ਬਠਿੰਡਾ ਆਏ ਹੋਏ ਸਨ।

ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਦੇ ਮਾਮਲੇ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਫਰਾਡ ਕੀਤਾ ਹੈ, ਜਿਸ ਕਰਕੇ ਅਮਰਿੰਦਰ ਸਿੰਘ ’ਤੇ ਧੋਖਾਧੜੀ ਦਾ ਪੁਲੀਸ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਤਰਕ ਦਿੱਤਾ ਕਿ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਕਿਸਾਨਾਂ ਨੂੰ ਸਮੁੱਚਾ ਕਰਜ਼ ਮੁਆਫ਼ ਕਰਨ ਦੇ ਹਲਫੀਆ ਬਿਆਨ ਦਿੱਤੇ ਪਰ ਅਮਰਿੰਦਰ ਨੇ ਆਪਣਾ ਵਾਅਦਾ ਨਹੀਂ ਨਿਭਾਇਆ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਲੋਕਾਂ ਨਾਲ ਫਰਾਡ ਕਰਨ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਸੁਖਬੀਰ ਨੇ ਆਖਿਆ ਕਿ ਇਵੇਂ ਹੀ ਸਮਾਰਟ ਫ਼ੋਨ ਦੇਣ ਦੇ ਮਾਮਲੇ ਵਿੱਚ ਵੀ ਨੌਜਵਾਨਾਂ ਨੂੰ ਹਲਫ਼ੀਆ ਬਿਆਨ ਦਿੱਤੇ ਗਏ ਸਨ ਪਰ ਉਹ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਅਮਰਿੰਦਰ ਸਿੰਘ ਹੁਣ ਰਾਹੁਲ ਗਾਂਧੀ ਕੋਲ ਚੁਰਾਸੀ ਦੇ ਕਤਲੇਆਮ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹਟਾਏ ਜਾਣ ਲਈ ਕਿਉਂ ਨਹੀਂ ਆਖ ਰਹੇ ਹਨ।

ਅਮਰਿੰਦਰ ਸਿੰਘ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਗਾਂਧੀ ਪਰਿਵਾਰ ਦੇ ਨੁਮਾਇੰਦੇ ਹਨ ਜਾਂ ਫਿਰ ਪੰਜਾਬ ਦੇ ਲੋਕਾਂ ਦੇ। ਸੁਖਬੀਰ ਨੇ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦਿੱਤੇ ਜਾਣ ਨੂੰ ਇਤਿਹਾਸਕ ਫ਼ੈਸਲਾ ਦੱਸਿਆ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸੁਖਬੀਰ ਬਾਦਲ ਨੇ ਕੇਂਦਰ ਤੋਂ ਇਹ ਮੰਗ ਵੀ ਕੀਤੀ ਕਿ ਜੀਐੱਸਟੀ ਵਿਚ ਛੋਟ ਦੀ ਹੱਦ 20 ਲੱਖ ਤੋਂ ਵਧਾ ਕੇ 75 ਲੱਖ ਕੀਤੀ ਜਾਵੇ। ਜਸਟਿਸ ਜ਼ੋਰਾ ਸਿੰਘ ਵੱਲੋਂ ਅੱਜ ਕੀਤੇ ਖ਼ੁਲਾਸੇ ਤੇ ਟਿੱਪਣੀ ਕਰਦੇ ਹੋਏ ਸੁਖਬੀਰ ਬਾਦਲ ਨੇ ਆਖਿਆ ਕਿ ਇਹ ਰਿਪੋਰਟ ਤਾਂ ਪਹਿਲਾਂ ਹੀ ਜਨਤਕ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜਸਟਿਸ ਜ਼ੋਰਾ ਸਿੰਘ ਪਹਿਲਾਂ ਕਿਉਂ ਨਹੀਂ ਬੋਲੇ। ਸੁਖਬੀਰ ਬਾਦਲ ਨੇ ਅੱਜ ਬਠਿੰਡਾ ਸ਼ਹਿਰੀ ਅਤੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਆਗੂਆਂ ਅਤੇ ਵਰਕਰਾਂ ਨਾਲ ਇੱਥੇ ਮੀਟਿੰਗ ਕੀਤੀ ਅਤੇ ਹਰ ਆਗੂ ਦੀ ਗੱਲ ਸੁਣੀ ਗਈ। ਉਨ੍ਹਾਂ ਮਾਘੀ ਮੇਲੇ ’ਤੇ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਰੂਪ ਚੰਦ ਸਿੰਗਲਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ, ਮੇਅਰ ਬਲਵੰਤ ਰਾਏ ਨਾਥ ਅਤੇ ਹਲਕਾ ਦਿਹਾਤੀ ਦੇ ਇੰਚਾਰਜ ਅਮਿਤ ਰਤਨ ਆਦਿ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune